ਅੰਮ੍ਰਿਤਸਰ(ਨੀਰਜ)- ਫੂਡ ਸਪਲਾਈ ਵਿਭਾਗ ਦੇ ਕੁਝ ਅਧਿਕਾਰੀਆਂ ਵੱਲੋਂ ਆਏ ਦਿਨ ਲੱਖਾਂ ਰੁਪਇਆਂ ਦੇ ਕਣਕ ਘਪਲੇ ਦੇ ਮਾਮਲੇ ਤਾਂ ਸਾਹਮਣੇ ਆਉਂਦੇ ਹੀ ਰਹਿੰਦੇ ਹਨ, ਉਥੇ ਹੀ ਕੈਪਟਨ ਸਰਕਾਰ ਦੇ ਸੱਤਾ 'ਚ ਆਉਣ ਤੋਂ ਬਾਅਦ ਨੀਲੇ ਕਾਰਡਾਂ ਦੀ ਰੀ-ਵੈਰੀਫਿਕੇਸ਼ਨ ਦੇ ਕੰਮ ਵਿਚ ਵੀ ਵੱਡੀ ਧਾਂਦਲੀ ਸਾਹਮਣੇ ਆ ਰਹੀ ਹੈ। ਜਾਣਕਾਰੀ ਅਨੁਸਾਰ ਨਗਰ ਨਿਗਮ ਦੇ ਵਾਰਡ ਨੰ. 57 ਅਤੇ ਫੂਡ ਸਪਲਾਈ ਵਿਭਾਗ ਦੇ ਵਾਰਡ ਨੰ. 16-ਏ 'ਚ ਅਣਗਿਣਤ ਗਰੀਬ ਪਰਿਵਾਰਾਂ ਦੇ ਨੀਲੇ ਕਾਰਡ ਕੱਟ ਦਿੱਤੇ ਗਏ ਹਨ। ਇਸ ਮਾਮਲੇ ਵਿਚ ਸਭ ਤੋਂ ਖਾਸ ਗੱਲ ਇਹ ਸਾਹਮਣੇ ਆਈ ਹੈ ਕਿ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ ਉਹ ਅਤਿ-ਗਰੀਬ ਹਨ ਅਤੇ 2 ਰੁਪਏ ਕਿਲੋ ਕਣਕ ਲੈਣ ਲਈ ਸਰਕਾਰ ਵੱਲੋਂ ਜਾਰੀ ਕਾਨੂੰਨੀ ਨਿਯਮਾਂ ਨੂੰ ਪੂਰਾ ਕਰਦੇ ਹਨ ਪਰ ਇਨ੍ਹਾਂ ਗਰੀਬ ਲੋਕਾਂ ਦੇ ਨੀਲੇ ਕਾਰਡ ਕੱਟਦੇ ਸਮੇਂ ਕਿਸੇ ਨੇ ਇਨ੍ਹਾਂ ਤੋਂ ਪੁੱਛਿਆ ਤੱਕ ਨਹੀਂ। ਅੱਜ ਸਾਬਕਾ ਕੌਂਸਲਰ ਅਤੇ ਕੌਂਸਲਰ ਪਤੀ ਸਰਬਜੀਤ ਸਿੰਘ ਲਾਟੀ ਵੱਲੋਂ ਇਲਾਕੇ ਦੇ ਉਨ੍ਹਾਂ ਨੀਲੇ ਕਾਰਡਧਾਰਕਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਗਿਆ ਜਿਨ੍ਹਾਂ ਦੇ ਨੀਲੇ ਕਾਰਡ ਬਿਨਾਂ ਕਿਸੇ ਕਾਰਨ ਕੱਟ ਦਿੱਤੇ ਗਏ। ਇਸ ਸਬੰਧੀ ਲਾਟੀ ਨੇ ਦੱਸਿਆ ਕਿ ਜਿਨ੍ਹਾਂ ਲੋਕਾਂ ਦੇ ਨੀਲੇ ਕਾਰਡ ਕੱਟੇ ਗਏ ਹਨ ਉਹ 2 ਰੁਪਏ ਕਿਲੋ ਕਣਕ ਲੈਣ ਲਈ ਯੋਗ ਹਨ, ਜਦੋਂ ਕਿ ਅਜਿਹੇ ਅਯੋਗ ਲੋਕਾਂ ਨੂੰ ਵੀ 2 ਰੁਪਏ ਕਿਲੋ ਕਣਕ ਮਿਲ ਰਹੀ ਹੈ ਜੋ ਗਰੀਬੀ ਰੇਖਾ ਦੇ ਦਾਇਰੇ ਵਿਚ ਹੀ ਨਹੀਂ ਆਉਂਦੇ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਗਲਤ ਢੰਗ ਨਾਲ ਗਰੀਬਾਂ ਦੇ ਨੀਲੇ ਕਾਰਡ ਕੱਟਣ ਵਾਲੇ ਅਧਿਕਾਰੀਆਂ ਖਿਲਾਫ ਕਾਰਵਾਈ ਕੀਤੀ ਜਾਵੇ ਅਤੇ ਜਿਨ੍ਹਾਂ ਗਰੀਬ ਲੋਕਾਂ ਦੇ ਕਾਰਡ ਕੱਟੇ ਗਏ ਹਨ ਉਨ੍ਹਾਂ ਦੀ ਵੈਰੀਫਿਕੇਸ਼ਨ ਕਰ ਕੇ ਕਣਕ ਦਿੱਤੀ ਜਾਵੇ, ਇਸ ਤੋਂ ਇਲਾਵਾ ਜੋ ਲੋਕ ਗਰੀਬਾਂ ਦੀ ਕਣਕ ਖਾ ਰਹੇ ਹਨ ਉਨ੍ਹਾਂ ਖਿਲਾਫ ਪੁਲਸ ਕੇਸ ਬਣਾਏ ਜਾਣ ਤਾਂ ਕਿ ਭਵਿੱਖ ਵਿਚ ਕੋਈ ਵੀ ਵਿਅਕਤੀ ਗਰੀਬਾਂ ਦਾ ਹੱਕ ਨਾ ਮਾਰ ਸਕੇ।
ਪੂਰੇ ਜ਼ਿਲੇ 'ਚ ਕੱਟ ਦਿੱਤੇ 1 ਲੱਖ ਤੋਂ ਵੱਧ ਨੀਲੇ ਕਾਰਡ : ਨੀਲੇ ਕਾਰਡਾਂ ਦੀ ਛਾਂਟੀ ਦੇ ਮਾਮਲੇ ਵਿਚ ਇਹ ਗੱਲ ਸਾਹਮਣੇ ਆ ਰਹੀ ਹੈ ਕਿ ਫੂਡ ਸਪਲਾਈ ਵਿਭਾਗ ਵੱਲੋਂ ਬਣਾਏ ਗਏ ਨੀਲੇ ਕਾਰਡਾਂ ਦੀ ਛਾਂਟੀ ਦੇ ਮਾਮਲੇ 'ਚ ਬੀ. ਐੱਲ. ਓਜ਼ ਤੇ ਹੋਰ ਜਾਂਚ ਅਧਿਕਾਰੀਆਂ ਨੇ 1 ਲੱਖ ਤੋਂ ਵੱਧ ਨੀਲੇ ਕਾਰਡ ਕੱਟ ਦਿੱਤੇ ਹਨ। ਇਨ੍ਹਾਂ ਕਾਰਡਾਂ ਦੀ ਛਾਂਟੀ ਘਰ-ਘਰ ਜਾ ਕੇ ਨਹੀਂ ਸਗੋਂ ਹਵਾ ਵਿਚ ਹੀ ਕਰ ਦਿੱਤੀ ਗਈ। ਜੋ ਲੋਕ 2 ਰੁਪਏ ਕਿਲੋ ਕਣਕ ਲੈਣ ਦੇ ਯੋਗ ਹਨ ਅਤੇ ਸਾਰੇ ਕਾਨੂੰਨੀ ਨਿਯਮਾਂ ਨੂੰ ਪੂਰਾ ਕਰਦੇ ਹਨ ਉਨ੍ਹਾਂ ਦੇ ਕਾਰਡ ਕੱਟ ਦਿੱਤੇ ਗਏ, ਜਦੋਂ ਕਿ ਅਮੀਰ ਲੋਕਾਂ ਦੇ ਕਾਰਡ ਨਹੀਂ ਕੱਟੇ ਗਏ, ਜਿਸ ਦੀ ਵਿਜੀਲੈਂਸ ਵਿਭਾਗ ਵੱਲੋਂ ਜਾਂਚ ਕੀਤੀ ਜਾਣੀ ਚਾਹੀਦੀ ਹੈ। ਡਿਪੂ ਹੋਲਡਰਾਂ ਨੂੰ ਕੋਈ ਜਾਣਕਾਰੀ ਨਹੀਂ: ਨੀਲੇ ਕਾਰਡਾਂ ਦੀ ਛਾਂਟੀ ਕੀਤੇ ਜਾਣ ਦੇ ਮਾਮਲੇ 'ਚ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਵੱਖ-ਵੱਖ ਵਾਰਡਾਂ ਦੇ ਡਿਪੂ ਹੋਲਡਰਾਂ ਨੂੰ ਵੀ ਇਸ ਗੱਲ ਦੀ ਜਾਣਕਾਰੀ ਨਹੀਂ ਹੈ ਕਿ ਉਨ੍ਹਾਂ ਦੇ ਡਿਪੂ ਦੇ ਕਿੰਨੇ ਕਾਰਡ ਕੱਟ ਦਿੱਤੇ ਗਏ ਹਨ। ਕੁਝ ਇਲਾਕਿਆਂ ਵਿਚ ਤਾਂ ਡਿਪੂ ਹੋਲਡਰਾਂ ਦੇ ਕੋਲ ਆਪਣੇ ਨੀਲੇ ਕਾਰਡਧਾਰਕਾਂ ਦੀਆਂ ਲਿਸਟਾਂ ਹੀ ਨਹੀਂ ਹਨ, ਇਥੋਂ ਤੱਕ ਕਿ ਵਿਭਾਗ ਦੇ ਕੁਝ ਇੰਸਪੈਕਟਰਾਂ ਵੱਲੋਂ ਡਿਪੂ ਹੋਲਡਰਾਂ ਨੂੰ ਸੇਲਸ ਰਿਕਾਰਡ ਤੱਕ ਨਹੀਂ ਦਿੱਤਾ ਜਾ ਰਿਹਾ। ਡਿਪੂ ਹੋਲਡਰ ਯੂਨੀਅਨ ਦੇ ਜ਼ਿਲਾ ਪ੍ਰਧਾਨ ਸੰਜੀਵ ਕੁਮਾਰ ਲਾਡੀ ਨੇ ਕਿਹਾ ਕਿ ਫੂਡ ਸਪਲਾਈ ਵਿਭਾਗ ਡਿਪੂ ਹੋਲਡਰਾਂ ਨਾਲ ਧੱਕੇਸ਼ਾਹੀ ਕਰ ਰਿਹਾ ਹੈ, ਜਿਨ੍ਹਾਂ ਗਰੀਬ ਲੋਕਾਂ ਦੇ ਕਾਰਡ ਕੱਟੇ ਗਏ ਹਨ ਉਹ ਡਿਪੂ ਹੋਲਡਰਾਂ ਦੇ ਗਲ਼ ਪੈ ਰਹੇ ਹਨ, ਜਦੋਂ ਕਿ ਡਿਪੂ ਹੋਲਡਰਾਂ ਦਾ ਇਸ ਵਿਚ ਕੋਈ ਹੱਥ ਨਹੀਂ ਹੈ। ਕਣਕ ਦੀ ਬਲੈਕ ਕੁਝ ਇੰਸਪੈਕਟਰ ਕਰਦੇ ਹਨ ਪਰ ਬਦਨਾਮੀ ਡਿਪੂ ਹੋਲਡਰਾਂ ਨੂੰ ਚੁੱਕਣੀ ਪੈਂਦੀ ਹੈ।
ਗੋਲਕ ਦੇ ਤਾਲੇ ਤੋੜ ਕੇ ਚੋਰੀ ਕੀਤੇ ਚੜ੍ਹਾਵੇ ਦੇ ਪੈਸੇ
NEXT STORY