ਜਲੰਧਰ (ਧਵਨ) : ਕਾਂਗਰਸ ਪ੍ਰਧਾਨ ਸੋਨੀਆ ਗਾਂਧੀ ਨੇ ਪੰਜਾਬ 'ਚ ਪਾਰਟੀ ਤੇ ਸਰਕਾਰ 'ਚ ਬਿਹਤਰ ਤਾਲਮੇਲ ਲਈ 11 ਮੈਂਬਰੀ ਕੋਆਰਡੀਨੇਸ਼ਨ ਕਮੇਟੀ ਦਾ ਗਠਨ ਕਰ ਦਿੱਤਾ ਹੈ, ਜਿਸ 'ਚ ਕਮੇਟੀ ਦੀ ਚੇਅਰਪਰਸਨ ਪੰਜਾਬ ਕਾਂਗਰਸ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨੂੰ ਬਣਾਇਆ ਗਿਆ ਹੈ। ਕੋਆਰਡੀਨੇਸ਼ਨ ਕਮੇਟੀ 'ਚ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਪੰਜਾਬ ਕਾਂਗਰਸ ਕਮੇਟੀ ਦੇ ਪ੍ਰਧਾਨ ਸੁਨੀਲ ਜਾਖੜ, ਅਖਿਲ ਭਾਰਤੀ ਕਾਂਗਰਸ ਕਮੇਟੀ ਦੀ ਜਨਰਲ ਸਕੱਤਰ ਅੰਬਿਕਾ ਸੋਨੀ ਵਰਗੇ ਘਾਗ ਨੇਤਾਵਾਂ ਨੂੰ ਸ਼ਾਮਲ ਕੀਤਾ ਗਿਆ ਹੈ। ਦਿਲਚਸਪ ਗੱਲ ਇਹ ਹੈ ਕਿ ਇਸ ਕੋਆਰਡੀਨੇਸ਼ਨ ਕਮੇਟੀ 'ਚ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਨੂੰ ਸਥਾਨ ਨਹੀਂ ਦਿੱਤਾ ਗਿਆ ਹੈ।
ਪਾਰਟੀ ਦੇ ਕੌਮੀ ਜਨਰਲ ਸਕੱਤਰ ਕੇ. ਸੀ. ਵੇਣੁਗੋਪਾਲ ਨੇ ਪ੍ਰੈੱਸ ਮੈਮੋਰੰਡਮ 'ਚ ਦੱਸਿਆ ਹੈ ਕਿ 11 ਮੈਂਬਰੀ ਕੋਆਰਡੀਨੇਸ਼ਨ ਕਮੇਟੀ 'ਚ ਪੰਜਾਬ ਦੇ ਕੈਬਨਿਟ ਮੰਤਰੀ ਚਰਨਜੀਤ ਸਿੰਘ ਚੰਨੀ, ਕੈਬਨਿਟ ਮੰਤਰੀ ਸੁੰਦਰ ਸ਼ਾਮ ਅਰੋੜਾ ਸੁਖਜਿੰਦਰ ਸਿੰਘ ਸਰਕਾਰੀਆ, ਵਿਜੇਇੰਦਰ ਸਿੰਗਲਾ, ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਕੈਪਟਨ ਸੰਦੀਪ ਸਿੰਘ ਸੰਧੂ, ਅਖਿਲ ਭਾਰਤੀ ਕਾਂਗਰਸ ਕਮੇਟੀ ਦੇ ਸਕੱਤਰ ਕੁਲਜੀਤ ਨਾਗਰਾ ਅਤੇ ਗੁਰਕੀਰਤ ਸਿੰਘ ਕੋਟਲੀ ਨੂੰ ਸ਼ਾਮਲ ਕੀਤਾ ਗਿਆ ਹੈ।
ਕਾਂਗਰਸ ਨੇਤਾਵਾਂ ਨੇ ਦੱਸਿਆ ਕਿ ਇਹ ਕੋਆਰਡੀਨੇਸ਼ਨ ਕਮੇਟੀ ਦਿੱਲੀ 'ਚ ਸੋਨੀਆ ਗਾਂਧੀ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਵਿਚ ਹੋਈ ਬੈਠਕ ਤੋਂ ਬਾਅਦ ਗਠਿਤ ਕਰਨ ਦਾ ਫੈਸਲਾ ਲਿਆ ਗਿਆ। ਕੋਆਰਡੀਨੇਸ਼ਨ ਕਮੇਟੀ ਗਠਿਤ ਕਰਨ ਦਾ ਉਦੇਸ਼ ਸੰਗਠਨ ਅਤੇ ਸਰਕਾਰ ਦੇ ਵਿਚ ਤਾਲਮੇਲ ਨੂੰ ਵਧਾਉਣਾ ਹੈ। ਕਮੇਟੀ ਹੁਣ ਸਮੇਂ-ਸਮੇਂ 'ਤੇ ਬੈਠਕਾਂ ਕਰੇਗੀ, ਜਿਸ 'ਚ ਕਾਂਗਰਸ ਅਤੇ ਸਰਕਾਰ ਨਾਲ ਸਬੰਧਤ ਵਿਸ਼ਿਆ 'ਤੇ ਵਿਚਾਰ ਕੀਤਾ ਜਾਏਗਾ। ਕੋਆਰਡੀਨੇਸ਼ਨ ਕਮੇਟੀ ਦੀ ਬੈਠਕ ਬੁਲਾਉਣ ਦੇ ਅਧਿਕਾਰ ਆਸ਼ਾ ਕੁਮਾਰੀ ਨੂੰ ਦਿੱਤੇ ਗਏ ਹਨ। ਇਕ ਦਿਲਚਸਪ ਗੱਲ ਇਹ ਵੀ ਰਹੀ ਕਿ ਕੋਆਰਡੀਨੇਸ਼ਨ ਕਮੇਟੀ 'ਚ ਮੁੱਖ ਮੰਤਰੀ ਅਮਰਿੰਦਰ ਸਿੰਘ ਦੇ ਕਿਸੇ ਵੀ ਵਿਰੋਧੀ ਨੂੰ ਸ਼ਾਮਲ ਨਹੀਂ ਕੀਤਾ ਗਿਆ ਹੈ। ਸੰਪਰਕ ਕਰਨ 'ਤੇ ਜਾਖੜ ਨੇ ਕਿਹਾ ਕਿ ਕੋਆਰਡੀਨੇਸ਼ਨ ਕਮੇਟੀ ਦੇ ਗਠਨ ਨਾਲ ਪਾਰਟੀ 'ਚ ਮਜ਼ਬੂਤੀ ਆਏਗੀ ਅਤੇ ਪਾਰਟੀ ਦੇ ਮੁੱਦਿਆਂ ਨੂੰ ਸਰਕਾਰ ਦੇ ਸਾਹਮਣੇ ਉਠਾਇਆ ਜਾ ਸਕੇਗਾ।
ਪਿਸਤੌਲ ਦੀ ਨੋਕ 'ਤੇ ਅਣਪਛਾਤੇ ਨੌਜਵਾਨਾਂ ਨੇ ਹੋਟਲ ਮਾਲਕ ਤੋਂ ਖੋਹੀ ਕਾਰ
NEXT STORY