ਜਲੰਧਰ (ਧਵਨ)- ਸਾਬਕਾ ਅਕਾਲੀ-ਭਾਜਪਾ ਸਰਕਾਰ ਵੇਲੇ ਹੋਏ ਬਿਜਲੀ ਖ਼ਰੀਦ ਸਮਝੌਤਿਆਂ ਦੀ ਸਮੀਖਿਆ ਕਰਨ ਦਾ ਵੱਡਾ ਐਲਾਨ ਕਰਦਿਆਂ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਹੈ ਕਿ ਉਨ੍ਹਾਂ ਦੀ ਸਰਕਾਰ ਜਲਦੀ ਹੀ ਇਨ੍ਹਾਂ ਸਮਝੌਤਿਆਂ ਦਾ ਮੁਕਾਬਲਾ ਕਰਨ ਲਈ ਕਾਨੂੰਨੀ ਰਣਨੀਤੀ ਦਾ ਐਲਾਨ ਕਰੇਗੀ, ਜਿਨ੍ਹਾਂ ਨੇ ਸੂਬੇ ਉੱਪਰ ਬੇਵਜ੍ਹਾ ਵਿੱਤੀ ਬੋਝ ਪਾਇਆ ਹੋਇਆ ਹੈ। ਸੂਬੇ ਵਿਚ ਬਿਜਲੀ ਦੀ ਸਮੀਖਿਆ ਕਰਨ ਲਈ ਮੁੱਖ ਮੰਤਰੀ ਨੇ ਉੱਚ-ਪੱਧਰੀ ਬੈਠਕ ਦੀ ਪ੍ਰਧਾਨਗੀ ਕਰਨ ਤੋਂ ਬਾਅਦ ਕਿਹਾ ਕਿ ਬਾਦਲਾਂ ਦੇ ਸ਼ਾਸਨ ਕਾਲ ਵੇਲੇ ਹੋਏ ਗਲਤ ਬਿਜਲੀ ਖ਼ਰੀਦ ਸਮਝੌਤਿਆਂ ਕਾਰਨ ਪੰਜਾਬ ’ਤੇ ਪੈਣ ਵਾਲੇ ਹੋਰ ਵਿੱਤੀ ਬੋਝ ਤੋਂ ਬਚਾਅ ਲਈ ਕਾਨੂੰਨੀ ਕਾਰਵਾਈ ਦਾ ਬਾਰੀਕੀ ਨਾਲ ਅਧਿਐਨ ਕੀਤਾ ਜਾ ਰਿਹਾ ਹੈ। ਸਾਬਕਾ ਅਕਾਲੀ-ਭਾਜਪਾ ਸਰਕਾਰ ਵੇਲੇ 139 ਬਿਜਲੀ ਖ਼ਰੀਦ ਸਮਝੌਤਿਆਂ ’ਤੇ ਹਸਤਾਖ਼ਰ ਹੋਏ ਸਨ, ਜਦੋਂਕਿ ਸੂਬੇ ਵਿਚ ਬਿਜਲੀ ਦੀ ਮੰਗ ਨੂੰ ਪੂਰਾ ਕਰਨ ਲਈ 17 ਸਮਝੌਤੇ ਹੀ ਕਾਫ਼ੀ ਸਨ।
ਇਹ ਵੀ ਪੜ੍ਹੋ: ਮਜੀਠੀਆ ਦਾ ਵੱਡਾ ਇਲਜ਼ਾਮ, ਕੈਪਟਨ ਦੀ ਸ਼ਹਿ ’ਤੇ ਹੋ ਰਹੀ ਨਾਜਾਇਜ਼ ਮਾਈਨਿੰਗ (ਵੀਡੀਓ)
ਉਨ੍ਹਾਂ ਕਿਹਾ ਕਿ ਬਾਕੀ 122 ਸਮਝੌਤਿਆਂ ਕਾਰਨ ਪੰਜਾਬ ਨੂੰ ਮਿਲਣ ਵਾਲੀ 1314 ਮੈਗਾਵਾਟ ਬਿਜਲੀ ਨੂੰ ਲੈ ਕੇ ਮਹਿੰਗੇ ਰੇਟਾਂ ’ਤੇ ਸਮਝੌਤਿਆਂ ’ਤੇ ਹਸਤਾਖਰ ਕੀਤੇ ਗਏ, ਜਿਸ ਕਾਰਨ ਸੂਬੇ ’ਤੇ ਵਿੱਤੀ ਬੋਝ ਪਿਆ।ਸੂਬੇ ਵਿਚ ਚੱਲ ਰਹੇ ਆਰਜ਼ੀ ਬਿਜਲੀ ਸੰਕਟ ਨੂੰ ਵੇਖਦਿਆਂ ਜਨਤਾ ਨੂੰ ਬਿਜਲੀ ਦੀ ਖ਼ਪਤ ਸੰਭਾਲ ਕੇ ਕਰਨ ਦੀ ਅਪੀਲ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ 13,500 ਮੈਗਾਵਾਟ ਬਿਜਲੀ ਦੀ ਸਪਲਾਈ ਦੇ ਮੁਕਾਬਲੇ ਪਿਛਲੇ ਹਫ਼ਤੇ ਬਿਜਲੀ ਦੀ ਮੰਗ ਅਚਾਨਕ ਵਧ ਕੇ 16,000 ਮੈਗਾਵਾਟ ਹੋ ਗਈ ਸੀ। ਇਸ ਲਈ ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਨੇ ਤੁਰੰਤ ਸੂਬੇ ਦੇ ਬਾਹਰੋਂ 7400 ਮੈਗਾਵਾਟ ਬਿਜਲੀ ਦੀ ਖ਼ਰੀਦ ਕੀਤੀ।
ਬਿਆਸ ਦਰਿਆ ਤੋਂ ਬਾਅਦ ਹੁਣ ਮੁਕੇਰੀਆਂ ’ਚ ਸੁਖਬੀਰ ਬਾਦਲ ਦੀ ਨਾਜਾਇਜ਼ ਮਾਈਨਿੰਗ ਖ਼ਿਲਾਫ਼ ਰੇਡ
ਉਨ੍ਹਾਂ ਕਿਹਾ ਕਿ ਬਿਜਲੀ ਦੇ ਸੰਕਟ ਨੂੰ ਧਿਆਨ ਵਿਚ ਰੱਖ ਕੇ ਹੀ ਇੰਡਸਟਰੀ ’ਤੇ 1 ਤੋਂ 7 ਜੁਲਾਈ ਤਕ 3 ਹਫ਼ਤਾਵਾਰੀ ਨਾਗੇ ਲਾਗੂ ਕੀਤੇ ਗਏ ਹਨ, ਜਿਸ ਵਿਚ ਰੋਲਿੰਗ ਮਿੱਲਾਂ ਅਤੇ ਫਰਨੈਂਸ ਸ਼ਾਮਲ ਹਨ। ਇਨ੍ਹਾਂ ਪਾਬੰਦੀਆਂ ਤੋਂ ਸਿਰਫ਼ ਉਦਯੋਗਾਂ ਨੂੰ ਲਾਜ਼ਮੀ ਕੰਮਕਾਜ ਕਰਨ ਦੀ ਛੋਟ ਦਿੱਤੀ ਗਈ ਹੈ। ਇਸ ਤੋਂ ਇਲਾਵਾ ਸੂਬਾ ਸਰਕਾਰ ਨੇ ਆਪਣੇ ਦਫ਼ਤਰਾਂ ਨੂੰ ਪਹਿਲਾਂ ਹੀ 10 ਜੁਲਾਈ ਤਕ ਸਵੇਰੇ 8 ਤੋਂ ਦੁਪਹਿਰ 2 ਵਜੇ ਤਕ ਕੰਮ ਕਰਨ ਲਈ ਕਿਹਾ ਹੈ। ਦਫ਼ਤਰਾਂ ਵਿਚ ਏ. ਸੀ. ਦੀ ਵਰਤੋਂ ’ਤੇ ਰੋਕ ਲਾਈ ਗਈ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਚੰਗੀ ਬਿਜਲੀ ਵਿਵਸਥਾ ਦੇਣ ਲਈ ਸੂਬੇ ਵਿਚ 2 ਲੱਖ ਨਵੇਂ ਟਰਾਂਸਫਰ ਲਾਏ ਗਏ ਹਨ, ਜਿਸ ਕਾਰਨ ਕੁਲ ਅੰਕੜਾ ਵਧ ਕੇ 11.50 ਲੱਖ ਹੋ ਗਿਆ ਹੈ। ਟਰਾਂਸਮਿਸ਼ਨ ਪ੍ਰਣਾਲੀ ਵਿਚ ਸੁਧਾਰ ਲਿਆਉਣ ਲਈ 11 ਕੇ. ਵੀ. ਏ. ਦੀਆਂ ਲਾਈਨਾਂ 17 ਹਜ਼ਾਰ ਕਿ. ਮੀ. ਅਤੇ 66 ਕੇ. ਵੀ. ਦੀਆਂ ਲਾਈਨਾਂ 1372 ਕਿਲੋਮੀਟਰ ਖੇਤਰ ਵਿਚ ਲਾਈਆਂ ਗਈਆਂ ਹਨ। 220 ਕੇ. ਵੀ. ਦੇ 7 ਸਬ-ਸਟੇਸ਼ਨ ਅਤੇ 66 ਕੇ. ਵੀ. ਦੇ 34 ਸਬ-ਸਟੇਸ਼ਨ ਚਾਲੂ ਕੀਤੇ ਗਏ ਹਨ, ਜਿਸ ਨਾਲ ਸਮਰੱਥਾ ਵਧ ਕੇ 8423 ਐੱਮ. ਵੀ. ਏ. ਹੋ ਗਈ ਹੈ।
ਇਹ ਵੀ ਪੜ੍ਹੋ: ਸੋਨੀਆ ਗਾਂਧੀ ਨਾਲ ਨਹੀਂ ਹੋ ਸਕੀ ਮੁਲਾਕਾਤ, ਪਟਿਆਲਾ ਪਰਤੇ ਨਵਜੋਤ ਸਿੰਘ ਸਿੱਧੂ
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਬਟਾਲਾ ’ਚ ਵੱਡੀ ਵਾਰਦਾਤ: ਚੜ੍ਹਦੀ ਸਵੇਰ ਪਿੰਡ ਬੱਲੜਵਾਲ ’ਚ ਚੱਲੀਆਂ ਅੰਨ੍ਹੇਵਾਹ ਗੋਲੀਆਂ, 4 ਜੀਆਂ ਦੀ ਮੌਤ (ਵੀਡੀਓ)
NEXT STORY