ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਰੇਤ ਮਾਫੀਆ 'ਤੇ ਹੋਰ ਸ਼ਿੰਕਜਾ ਕੱਸਣ ਦੇ ਹੁਕਮ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਕੈਪਟਨ ਨੇ ਕਿਹਾ ਕਿ ਪੰਜਾਬ 'ਚ ਰੇਤ ਦੀਆਂ ਖੱਡਾ ਦੀ ਈ-ਨੀਲਾਮੀ ਤੋਂ ਸਰਕਾਰ ਨੂੰ 274 ਕਰੋੜ 75 ਲੱਖ ਰੁਪਏ ਦਾ ਰਿਕਾਰਡ ਮਾਲੀਆ ਹਾਸਲ ਹੋਇਆ ਹੈ। ਮੁੱਖ ਮੰਤਰੀ ਨੇ ਬੁੱਧਵਾਰ ਦੱਸਿਆ ਕਿ ਸੂਬੇ 'ਚ ਕੁੱਲ 7 ਕਲੱਸਟਰਾਂ 'ਚੋਂ 6 ਦੀ ਨੀਲਾਮੀ ਸੰਬੰਧਿਤ ਵਿਭਾਗ ਵਲੋਂ ਕੀਤੀ ਗਈ। ਸਰਕਾਰ ਨੇ ਇਸ ਨੀਲਾਮੀ ਰਾਹੀਂ 300 ਕਰੋੜ ਰੁਪਏ ਦਾ ਮਾਲੀਆ ਇਕੱਠਾ ਕਰਨ ਦਾ ਨਿਸ਼ਾਨਾ ਰੱਖਿਆ ਸੀ। ਅਜੇ ਇਕ ਹੋਰ ਕਲੱਸਟਰ ਦੀ ਵੀ ਨੀਲਾਮੀ ਹੋਣੀ ਬਾਕੀ ਹੈ।
ਕੈਪਟਨ ਨੇ ਕਿਹਾ ਕਿ ਸੂਬੇ 'ਚ ਖਨਨ ਮਾਫੀਆ 'ਤੇ ਹੋਰ ਸ਼ਿਕੰਜਾ ਕੱਸਣ ਦੇ ਹੁਕਮ ਅਧਿਕਾਰੀਆਂ ਨੂੰ ਦਿੱਤੇ ਗਏ ਹਨ। ਪਿਛਲੇ ਕੁਝ ਸਾਲਾਂ ਦੌਰਾਨ ਜਿਸ ਤਰ੍ਹਾਂ ਖਨਨ ਵਿਭਾਗ ਨੂੰ ਈ-ਨੀਲਾਮੀ ਤੋਂ ਭਾਰੀ ਮਾਲੀਆ ਹਾਸਲ ਹੋਇਆ ਹੈ, ਉਸ ਤੋਂ ਇਹ ਗੱਲ ਸਪੱਸ਼ਟ ਹੋ ਗਈ ਹੈ ਕਿ ਕਿਸ ਤਰ੍ਹਾਂ ਪਿਛਲੇ ਕਈ ਸਾਲਾਂ ਦੌਰਾਨ ਰੇਤ ਮਾਫੀਆ ਵਲੋਂ ਸਾਰੇ ਕਾਰੋਬਾਰ ਨੂੰ ਕੰਟਰੋਲ ਕੀਤਾ ਜਾ ਰਿਹਾ ਸੀ। ਇਸ ਤਰ੍ਹਾਂ ਮਾਫੀਆ ਵਲੋਂ ਸੂਬਾ ਸਰਕਾਰ ਦੇ ਖਜ਼ਾਨੇ ਨੂੰ ਚੂਨਾ ਲਾਇਆ ਜਾ ਰਿਹਾ ਸੀ। ਹੁਣ ਸਰਕਾਰ ਵਲੋਂ ਈ-ਨੀਲਾਮੀ ਰਾਹੀਂ ਜਿਨ੍ਹਾਂ ਲੋਕਾਂ ਨੂੰ ਰੇਤ ਦਾ ਕਾਰੋਬਾਰ ਕਰਨ ਦੀ ਕਾਨੂੰਨੀ ਤੌਰ 'ਤੇ ਆਗਿਆ ਦਿੱਤੀ ਗਈ ਹੈ, ਕਾਰਨ ਰੇਤ ਮਾਫੀਆ 'ਤੇ ਸ਼ਿਕੰਜਾ ਕੱਸਿਆ ਗਿਆ ਹੈ।
ਮੁੱਖ ਮੰਤਰੀ ਨੇ ਦੱਸਿਆ ਕਿ ਬਾਜ਼ਾਰ 'ਚ ਰੇਤ ਦੀ ਵਾਧੂ ਸਪਲਾਈ ਹੋਣ ਨਾਲ ਆਉਣ ਵਾਲੇ ਦਿਨਾਂ 'ਚ ਮੰਗ ਤੇ ਸਪਲਾਈ 'ਚ ਸੰਤੁਲਨ ਬਣ ਜਾਵੇਗਾ ਤੇ ਨਾਲ ਹੀ ਦਬਾਅ ਵੀ ਘਟੇਗਾ। ਇਸ ਨਾਲ ਇਕ ਤਾਂ ਸਰਕਾਰੀ ਖਜ਼ਾਨੇ 'ਚ ਹੁਣ ਮਾਲੀਆ ਵੱਧ ਆ ਰਿਹਾ ਹੈ, ਨਾਲ ਹੀ ਰੇਤ ਦੀ ਸਪਲਾਈ ਬਾਜ਼ਾਰ 'ਚ ਵਧਣ ਨਾਲ ਇਸ ਦੀਆਂ ਕੀਮਤਾਂ 'ਚ ਵੀ ਕਮੀ ਹੋ ਜਾਵੇਗੀ। ਉਨ੍ਹਾਂ ਕਿਹਾ ਕਿ ਸਰਕਾਰ ਦਾ ਮੰਤਵ ਇਹ ਹੈ ਕਿ ਲੋਕਾਂ ਨੂੰ ਸਸਤੀ ਕੀਮਤ 'ਤੇ ਰੇਤ ਮਿਲਣੀ ਚਾਹੀਦੀ ਹੈ। ਇਸ ਨੂੰ ਦੇਖਦਿਆਂ ਵੱਧ ਤੋਂ ਵੱਧ ਖਨਨ ਕਲਸਟਰਾਂ ਦੀ ਈ-ਨੀਲਾਮੀ ਕਰ ਕੇ ਰੇਤ ਦੀ ਸਪਲਾਈ ਨੂੰ ਬਾਜ਼ਾਰ 'ਚ ਹੋਰ ਵਧਾਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ।
ਬੇਅਦਬੀ ਮਾਮਲੇ ਨੂੰ ਬੰਦ ਕਰਨ 'ਚ ਕਾਹਲੀ ਕਰ ਰਹੀ ਹੈ ਸੀ.ਬੀ.ਆਈ. : ਕੈਪਟਨ
NEXT STORY