ਜਲੰਧਰ (ਧਵਨ)— ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਪੱਸ਼ਟ ਕੀਤਾ ਹੈ ਕਿ ਕੇਂਦਰੀ ਗ੍ਰਹਿ ਮੰਤਰਾਲਾ ਨੂੰ ਸਿਰਫ ਲੰਮੇ ਸਮੇਂ ਤੋਂ ਸਜ਼ਾ ਕੱਟ ਰਹੇ ਟਾਡਾ ਕੈਦੀਆਂ ਦੀ ਸੂਚੀ ਭੇਜੀ ਸੀ। ਉਨ੍ਹਾਂ ਕਿਹਾ ਕਿ ਕੇਂਦਰ ਵੱਲੋਂ ਬੇਅੰਤ ਸਿੰਘ ਦੇ ਕਾਤਲਾਂ ਜਾਂ ਕਿਸੇ ਹੋਰ ਕੈਦੀ ਦੀ ਰਿਹਾਈ ਕਰਨ ਦੇ ਕੇਂਦਰ ਸਰਕਾਰ ਦੇ ਫੈਸਲੇ 'ਚ ਪੰਜਾਬ ਸਰਕਾਰ ਦੀ ਕੋਈ ਭੂਮਿਕਾ ਨਹੀਂ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ 'ਚ ਕੈਦ 17 ਟਾਡਾ ਕੈਦੀਆਂ ਦੀ ਸੂਚੀ ਕੇਂਦਰ ਨੂੰ ਭੇਜ ਦਿੱਤੀ ਸੀ ਕਿਉਂਕਿ ਉਸ ਨੇ ਇਹ ਸੂਚੀ ਮੰਗਵਾਈ ਸੀ। ਕੈਦੀਆਂ ਨੂੰ ਰਿਹਾਅ ਕਰਨ ਦਾ ਫੈਸਲਾ ਕੇਂਦਰ ਨੇ ਆਜ਼ਾਦਾਨਾ ਤੌਰ 'ਤੇ ਕੀਤਾ। ਉਨ੍ਹਾਂ ਕਿਹਾ ਕਿ ਰਾਜ ਸਰਕਾਰ ਨੂੰ ਅਜੇ ਤੱਕ ਉਨ੍ਹਾਂ 9 ਕੈਦੀਆਂ ਦੇ ਨਾਵਾਂ ਬਾਰੇ ਜਾਣਕਾਰੀ ਨਹੀਂ ਮਿਲੀ ਹੈ, ਜਿਨ੍ਹਾਂ ਨੂੰ ਕੇਂਦਰੀ ਗ੍ਰਹਿ ਮੰਤਰਾਲਾ ਨੇ ਵਿਸ਼ੇਸ਼ ਛੋਟ ਦੇਣ ਦਾ ਫੈਸਲਾ ਕੀਤਾ ਹੈ।
ਕੈਪਟਨ ਅਮਰਿੰਦਰ ਸਿੰਘ ਬੀਤੇ ਦਿਨ ਉਨ੍ਹਾਂ ਖਬਰਾਂ 'ਤੇ ਟਿੱਪਣੀ ਕਰ ਰਹੇ ਸਨ, ਜਿਸ 'ਚ ਕਿਹਾ ਗਿਆ ਸੀ ਕਿ ਸਾਬਕਾ ਮੁੱਖ ਮੰਤਰੀ ਮਰਹੂਮ ਬੇਅੰਤ ਸਿੰਘ ਦੇ ਕਾਤਲ ਰਾਜੋਆਣਾ ਸਣੇ 8 ਹੋਰਨਾਂ ਕੈਦੀਆਂ ਨੂੰ ਕੇਂਦਰ ਸਰਕਾਰ ਨੇ ਮਨੁੱਖੀ ਆਧਾਰ 'ਤੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ ਰਿਹਾਅ ਕਰਨ ਦਾ ਫੈਸਲਾ ਲਿਆ। ਰਾਜੋਆਣਾ ਰਾਜ ਸਰਕਾਰ ਵੱਲੋਂ ਭੇਜੀ ਗਈ ਸੂਚੀ 'ਚ 17ਵੀਂ ਥਾਂ 'ਤੇ ਸੀ ਕਿਉਂਕਿ ਉਹ ਇਕ ਟਾਡਾ ਕੈਦੀ ਸੀ, ਜਿਸ ਨੇ ਜੇਲ 'ਚ 14 ਸਾਲ ਦੀ ਸਜ਼ਾ ਪੂਰੀ ਕਰ ਲਈ ਸੀ। ਜਿਵੇਂ ਕਿ ਟਾਡਾ ਅਧੀਨ ਕੈਦ ਦੂਜੇ ਕੈਦੀ ਕਰ ਚੁੱਕੇ ਹਨ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਕਾਂਗਰਸ ਦਾ ਮਰਹੂਮ ਬੇਅੰਤ ਸਿੰਘ ਦੇ ਕਾਤਲਾਂ ਬਾਰੇ ਸਟੈਂਡ ਪੂਰੀ ਤਰ੍ਹਾਂ ਸਪੱਸ਼ਟ ਹੈ ਕਿ ਉਨ੍ਹਾਂ ਨੂੰ ਆਪਣੀ ਪੂਰੀ ਸਜ਼ਾ ਭੁਗਤਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਜਾਤੀ ਤੌਰ 'ਤੇ ਉਹ ਫਾਂਸੀ ਦੀ ਸਜ਼ਾ ਦੇ ਖਿਲਾਫ ਹਨ। ਜਿਵੇਂ ਕਿ ਉਨ੍ਹਾਂ ਨੇ ਸਾਲ 2012 ਵਿਚ ਕਿਹਾ ਸੀ ਕਿ ਫਾਂਸੀ ਦੀਆਂ ਸਾਰੀਆਂ ਸਜ਼ਾਵਾਂ ਨੂੰ ਉਮਰ ਕੈਦ 'ਚ ਤਬਦੀਲ ਕਰ ਦੇਣਾ ਚਾਹੀਦਾ ਹੈ ਅਤੇ ਇਹ ਉੇਨ੍ਹਾਂ ਦੇ ਜਾਤੀ ਵਿਚਾਰ ਹਨ। ਉਨ੍ਹਾਂ ਨੇ ਹਰਸਿਮਰਤ ਕੌਰ ਦੇ ਕਾਂਗਰਸ ਸਰਕਾਰ 'ਤੇ ਲਾਏ ਜਾ ਰਹੇ ਇਲਜ਼ਾਮਾਂ ਨੂੰ ਖਾਰਜ ਕਰਦੇ ਹੋਏ ਕਿਹਾ ਕਿ ਉਹ ਇਕ ਅਯੋਗ ਮੰਤਰੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਜੇਕਰ ਉਹ ਮੋਦੀ ਦੀ ਥਾਂ ਹੁੰਦੇ ਤਾਂ ਹਰਸਿਮਰਤ ਨੂੰ ਪਹਿਲਾਂ ਹੀ ਵਜ਼ੀਰ ਦੇ ਅਹੁਦੇ ਤੋਂ ਹਟਾ ਦਿੰਦੇ। ਉਨ੍ਹਾਂ ਕਿਹਾ ਕਿ ਨਾ ਸਿਰਫ ਹਰਸਿਮਰਤ ਸਗੋਂ ਬਿਕਰਮ ਸਿੰਘ ਮਜੀਠੀਆ ਵੀ ਅਯੋਗ ਹੈ। ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਰਾਜ ਵਿਚ ਅਕਾਲੀ ਦਲ ਅਤੇ ਭਾਜਪਾ ਗਠਜੋੜ ਦੇ ਟੁੱਟ-ਭੱਜ ਜਾਣ ਦੇ ਮੁੱਦੇ 'ਤੇ ਮੋਦੀ ਜਾਂ ਬਾਦਲ ਹੀ ਟਿੱਪਣੀ ਕਰ ਸਕਦੇ ਹਨ।
ਮੈਂ ਇਕ ਫੌਜੀ ਹਾਂ, ਪੰਜਾਬ 'ਚ ਅਮਨ ਭੰਗ ਨਹੀਂ ਹੋਣ ਦੇਵਾਂਗਾ : ਕੈਪਟਨ
ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਟਾਡਾ ਕੈਦੀਆਂ ਦੀ ਰਿਹਾਈ ਨਾਲ ਪੰਜਾਬ 'ਚ ਅਮਨ-ਸ਼ਾਂਤੀ ਨੂੰ ਪੈਦਾ ਹੋਣ ਵਾਲੇ ਖਤਰਿਆਂ 'ਤੇ ਟਿੱਪਣੀ ਕਰਦੇ ਹੋਏ ਕਿਹਾ ਕਿ ਉਹ ਇਕ ਫੌਜੀ ਹਨ ਅਤੇ ਰਾਜ 'ਚ ਕਿਸੇ ਵੀ ਸੂਰਤ ਵਿਚ ਅਮਨ ਅਤੇ ਆਪਸੀ ਇਕਸੁਰਤਾ ਨੂੰ ਭੰਗ ਨਹੀਂ ਹੋਣ ਦੇਣਗੇ। ਉਨ੍ਹਾਂ ਕਿਹਾ ਕਿ ਉਹ ਰਾਜ ਦੇ ਲੋਕਾਂ ਨੂੰ ਭਰੋਸਾ ਦਿਵਾਉਂਦੇ ਹਨ ਕਿ ਅਸੀਂ ਕਿਸੇ ਵੀ ਖਤਰੇ ਦਾ ਟਾਕਰਾ ਕਰਨ ਲਈ ਪੂਰੀ ਤਰ੍ਹਾਂ ਸਮਰਥ ਹਾਂ। ਉਨ੍ਹਾਂ ਕਿਹਾ ਕਿ ਪਾਕਿਸਤਾਨ ਲਗਾਤਾਰ ਪੰਜਾਬ ਦੇ ਅਮਨ ਨੂੰ ਭੰਗ ਕਰਨ ਲਈ ਦਹਿਸ਼ਤਗਰਦਾਂ ਤੇ ਹਥਿਆਰਾਂ ਨੂੰ ਸਰਹੱਦ ਪਾਰੋਂ ਪੰਜਾਬ ਭੇਜ ਰਿਹਾ ਹੈ। ਉਨ੍ਹਾਂ ਦੀ ਸਰਕਾਰ ਸੁਰੱਖਿਆ ਬਣੀ ਰੱਖਣ ਲਈ ਹਰ ਸੰਭਵ ਕਦਮ ਚੁੱਕੇਗੀ। ਉਨ੍ਹਾਂ ਨੇ ਇਨ੍ਹਾਂ ਇਲਜ਼ਾਮਾਂ ਨੂੰ ਵੀ ਖਾਰਿਜ ਕੀਤਾ ਕਿ ਕਾਂਗਰਸ ਖਾਲਿਸਤਾਨ ਨੂੰ ਉਤਸ਼ਾਹਿਤ ਕਰ ਰਹੀ ਹੈ।
ਗੁਰਦਾਸਪੁਰ : ਨਿੱਜੀ ਸਕੂਲ ਦੀ ਵੈਨ ਨੂੰ ਲੱਗੀ ਅੱਗ, ਜਾਨੀ ਨੁਕਸਾਨ ਤੋਂ ਬਚਾਅ
NEXT STORY