ਚੰਡੀਗੜ੍ਹ— ਸ਼ਾਰਜਾਹ ਬੰਦਰਗਾਹ 'ਤੇ ਰੁਕੇ ਹੋਏ ਇਕ ਸਮੁੰਦਰੀ ਜਹਾਜ਼ ਵਿਚ ਫਸੇ ਹੋਏ ਗੁਰਦਾਸਪੁਰ ਦੇ ਨੌਜਵਾਨ ਦੀ ਘਰ ਵਾਪਸੀ ਲਈ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਵੱਡਾ ਐਲਾਨ ਕੀਤਾ ਹੈ। ਵਿਦੇਸ਼ ਮਾਮਲਿਆਂ ਦੀ ਕੇਂਦਰੀ ਮੰਤਰੀ ਸੁਸ਼ਮਾ ਸਵਰਾਜ ਦੇ ਇਕ ਪੱਤਰ 'ਤੇ ਤੇਜ਼ੀ ਨਾਲ ਕਾਰਵਾਈ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਹਾਜ਼ ਤੋਂ ਗੁਰਦਾਸਪੁਰ ਦੇ ਵਸਨੀਕਾਂ ਨੂੰ ਵਾਪਸ ਲਿਆਉਣ ਲਈ ਮਨੁੱਖੀ ਆਧਾਰ 'ਤੇ ਸਹੂਲਤਾਂ ਪ੍ਰਦਾਨ ਕਰਨ ਵਾਸਤੇ ਮੁੱਖ ਮੰਤਰੀ ਰਾਹਤ ਫੰਡ ਵਿਚੋਂ 356700 ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਹ ਰਕਮ ਵਿਕਰਮ ਸਿੰਘ ਦੀ ਲੰਬਿਤ ਪਈ ਤਨਖਾਹ ਦੇ ਵਿਰੁੱਧ ਜਾਰੀ ਕੀਤੀ ਗਈ ਹੈ। ਦੱਸ ਦੇਈਏ ਕਿ ਵਿਕਰਮ ਸਿੰਘ ਅਤੇ ਪੰਜ ਹੋਰ ਭਾਰਤੀਆਂ ਨੇ ਬੀਤੇ ਕਈ ਮਹੀਨਿਆਂ ਤੋਂ ਤਨਖਾਹ ਨਾ ਮਿਲਣ ਕਰਕੇ ਸਮੁੰਦਰੀ ਜਹਾਜ਼ ਛੱਡਣ ਤੋਂ ਇਨਕਾਰ ਕਰ ਦਿੱਤਾ ਸੀ।
ਸੁਸ਼ਮਾ ਸਵਰਾਜ ਨੇ ਕੈਪਟਨ ਨੂੰ ਚਿੱਠੀ ਲਿਖ ਕੇ ਇਸ ਮਾਮਲੇ ਦੀ ਜਾਣਕਾਰੀ ਦਿੱਤੀ ਸੀ। ਚਿੱਠੀ ਵਿਚ ਸਵਰਾਜ ਨੇ ਕਿਹਾ ਹੈ ਕਿ ਦੁਬਈ ਵਿਚ ਭਾਰਤੀ ਸਫਾਰਤਖਾਨੇ ਨੂੰ ਇਸ ਮਾਮਲੇ ਦੀ ਪੜਤਾਲ ਕਰਨ ਲਈ ਕਿਹਾ ਗਿਆ ਸੀ। ਪੜਤਾਲ ਵਿਚ ਸਾਹਮਣੇ ਆਇਆ ਕਿ ਪਾਕਿਸਤਾਨੀ ਨਾਗਰਿਕ ਮੈਸਰਜ਼ ਅਲਕੋ ਸ਼ਿਪਿੰਗ ਸ਼ਾਰਜਾਹ ਦੀ ਮਾਲਕੀ ਵਾਲੇ 'ਸ਼ਾਰਜਾਹ ਮੂਨ' ਸ਼ਿਪ ਵਿਕਰਮ ਸਿੰਘ ਅਤੇ ਹੋਰ ਭਾਰਤੀ ਫਸੇ ਹੋਏ ਹਨ। ਸਫਾਰਤਖਾਨੇ ਨੇ ਕਿਹਾ ਹੈ ਕਿ ਮਲਾਹਾਂ ਨੂੰ ਤਕਰੀਬਨ ਛੇ-ਬਾਰਾਂ ਮਹੀਨੇ ਤੋਂ ਤਨਖਾਹ ਦਾ ਭੁਗਤਾਨ ਨਹੀਂ ਕੀਤਾ ਗਿਆ ਅਤੇ ਜਹਾਜ਼ ਦਾ ਮਾਲਕ ਇਸ ਮਾਮਲੇ ਬਾਰੇ ਸਹਿਯੋਗ ਕਰਨ ਤੋਂ ਇਨਕਾਰ ਕਰ ਰਿਹਾ ਹੈ। ਸਵਰਾਜ ਨੇ ਕਿਹਾ ਹੈ ਕਿ ਸਫਾਰਤਖਾਨਾ ਮਲਾਹਾਂ ਦੀ ਵਾਪਸੀ ਲਈ ਹਵਾਈ ਜਹਾਜ਼ ਦੇ ਕਿਰਾਏ ਦਾ ਭੁਗਤਾਨ ਕਰਨ ਲਈ ਉਤਸੁਕ ਹੈ ਪਰ ਉਨ੍ਹਾਂ ਕੋਲ ਬਕਾਇਆ ਪਈ ਤਨਖਾਹ ਦਾ ਭੁਗਤਾਨ ਕਰਨ ਲਈ ਕੋਈ ਵਿਵਸਥਾ ਨਹੀਂ ਹੈ। ਜਿਸ ਲਈ ਉਨ੍ਹਾਂ ਨੇ ਸੂਬਾ ਸਰਕਾਰ ਤੋਂ ਮਦਦ ਦੀ ਮੰਗ ਕੀਤੀ ਸੀ। ਇਸ ਕਰਕੇ ਉਨ੍ਹਾਂ ਨੇ ਇਸ ਸਬੰਧ ਵਿਚ ਸੂਬਾ ਸਰਕਾਰ ਦੀ ਮਦਦ ਦੀ ਮੰਗ ਕੀਤੀ ਹੈ ਅਤੇ ਮਨੁੱਖੀ ਆਧਾਰ 'ਤੇ ਪੀੜਤਾਂ ਨੂੰ ਤਨਖਾਹ ਦਾ ਭੁਗਤਾਨ ਕਰਨ ਦੀ ਬੇਨਤੀ ਕੀਤੀ ਹੈ। ਸੂਬਾ ਸਰਕਾਰ ਵੱਲੋਂ ਵਿਕਰਮ ਸਿੰਘ ਦੀ ਲੰਬਿਤ ਪਈ ਤਨਖਾਹ ਵਿਰੁੱਧ ਭੁਗਤਾਨ ਕਰਨ ਦੀ ਸੂਰਤ ਵਿਚ ਸੁਸ਼ਮਾ ਸਵਰਾਜ ਨੇ ਜਲਦੀ ਤੋਂ ਜਲਦੀ ਵਿਕਰਮ ਸਿੰਘ ਦੀ ਵਤਨ ਵਾਪਸੀ ਦਾ ਭਰੋਸਾ ਦਵਾਇਆ ਹੈ।
ਮੋਟਰਸਾਈਕਲ ਦੀ ਟੱਕਰ ਨਾਲ ਬਜ਼ੁਰਗ ਔਰਤ ਦੀ ਮੌਤ
NEXT STORY