ਰੂਪਨਗਰ (ਵਿਜੇ)— ਬਹਿਬਲ ਕਲਾਂ ਗੋਲੀਬਾਰੀ ਦੇ ਮਾਮਲੇ 'ਚ ਅਕਾਲੀ ਲੀਡਰਸ਼ਿਪ ਨੂੰ ਐੱਸ. ਆਈ. ਟੀ. ਵੱਲੋਂ ਕਲੀਨ ਚਿੱਟ ਦਿੱਤੇ ਜਾਣ ਦੀਆਂ ਰਿਪੋਰਟਾਂ ਨੂੰ ਰੱਦ ਕਰਦੇ ਹੋਏ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜੇ ਤੱਕ ਅਦਾਲਤ 'ਚ ਇਕਹਿਰਾ ਚਲਾਨ ਪੇਸ਼ ਕੀਤਾ ਗਿਆ ਹੈ, ਜਿਸ ਦਾ ਵਿਸ਼ਲੇਸ਼ਣ ਗਲਤ ਢੰਗ ਨਾਲ ਕਰਕੇ ਇਸ ਦਾ ਅਰਥ ਇਹ ਕੱਢਿਆ ਜਾ ਰਿਹਾ ਹੈ ਕਿ ਇਸ ਮਾਮਲੇ 'ਚ ਅਕਾਲੀ ਬੇਗੁਨਾਹ ਹਨ। ਫਿਰੋਜ਼ਪੁਰ ਤੋਂ ਕਾਂਗਰਸ ਉਮੀਦਵਾਰ ਸ਼ੇਰ ਸਿੰਘ ਘੁਬਾਇਆ ਦੇ ਨਾਮਜ਼ਗਦੀ ਪੱਤਰ ਦਾਖਲ ਕਰਨ ਤੋਂ ਬਾਅਦ ਪੱਤਰਕਾਰਾਂ ਨਾਲ ਗੈਰ-ਰਸਮੀ ਗੱਲਬਾਤ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੀਡੀਆ ਚੋਣਵੀਂ ਸੂਚਨਾ ਨੂੰ ਤੋੜ-ਮਰੋੜ ਕੇ ਇਸ ਦੇ ਗਲਤ ਅਰਥ ਕੱਢ ਰਿਹਾ ਹੈ, ਜਿਸ ਦਾ ਸਿੱਟ ਨਾਲ ਕੋਈ ਲੈਣਾ-ਦੇਣਾ ਨਹੀਂ ਹੈ।
ਮੁੱਖ ਮੰਤਰੀ ਨੇ ਕਿਹਾ ਕਿ ਅਸਲ 'ਚ ਐੱਸ. ਆਈ. ਟੀ. ਨੇ ਪਹਿਲਾਂ ਹੀ ਸਪੱਸ਼ਟ ਕੀਤਾ ਹੋਇਆ ਹੈ ਕਿ ਇਸ ਮਾਮਲੇ 'ਚ ਜਾਂਚ-ਪੜਤਾਲ ਅਜੇ ਚੱਲ ਰਹੀ ਹੈ ਅਤੇ ਇਹ ਪਹਿਲਾਂ ਪੇਸ਼ ਕੀਤੇ ਚਲਾਨ ਜੋ ਕਿ ਇਕ ਪੁਲਸ ਅਧਿਕਾਰੀ ਖਿਲਾਫ ਦਰਜ ਕੀਤਾ ਗਿਆ ਹੈ, ਤੋਂ ਇਲਾਵਾ ਸਪਲੀਮੈਂਟਰੀ ਚਲਾਨ ਪੇਸ਼ ਕਰੇਗੀ। ਮੁੱਖ ਮੰਤਰੀ ਨੇ ਸਵਾਲ ਕਰਦੇ ਹੋਏ ਪੁੱਛਿਆ ਕਿ ਇਕ ਅੰਸ਼ਕ ਜਾਂਚ ਅਤੇ ਇਕਹਿਰੇ ਚਲਾਨ ਤੋਂ ਅਕਾਲੀਆਂ ਨੂੰ ਕਲੀਨ ਚਿੱਟ ਦਿੱਤੇ ਹੋਣ ਦਾ ਮਤਲਬ ਕਿਸ ਤਰ੍ਹਾਂ ਕੱਢਿਆ ਜਾ ਸਕਦਾ ਹੈ?
ਮੁੱਖ ਮੰਤਰੀ ਨੇ ਦੋਹਰਾਇਆ ਕਿ ਜਦੋਂ ਇਸ ਮਾਮਲੇ 'ਚ ਇਕ ਵਾਰੀ ਜਾਂਚ ਮੁਕੰਮਲ ਹੋ ਜਾਵੇਗੀ ਤਾਂ ਇਸ 'ਚ ਸ਼ਾਮਲ ਕਿਸੇ ਵੀ ਦੋਸ਼ੀ ਨੂੰ ਬਖਸ਼ਿਆ ਨਹੀਂ ਜਾਵੇਗਾ ਭਾਵੇਂ ਉਹ ਕੋਈ ਵੀ ਵੱਡਾ ਨੇਤਾ ਕਿਉਂ ਨਾ ਹੋਵੇ ਅਤੇ ਉਸ ਨੂੰ ਕਾਨੂੰਨ ਅਨੁਸਾਰ ਸਜ਼ਾ ਯਕੀਨੀ ਬਣਾਈ ਜਾਵੇਗੀ। ਉਨ੍ਹਾਂ ਨੇ ਇਕ ਵਾਰ ਫਿਰ ਸਪੱਸ਼ਟ ਕੀਤਾ ਕਿ ਉਹ ਬਾਦਲਾਂ ਜਾਂ ਕਿਸੇ ਹੋਰ ਵਿਰੁੱਧ ਇਸ ਜਾਂ ਹੋਰ ਮਾਮਲਿਆਂ 'ਚ ਸਿਆਸੀ ਬਦਲਾਖੋਰੀ ਨਹੀਂ ਅਪਣਾਉਣਗੇ। ਇਸ ਤੋਂ ਪਹਿਲਾਂ ਰੂਪਨਗਰ ਵਿਖੇ ਮਨੀਸ਼ ਤਿਵਾੜੀ ਦੇ ਕਾਂਗਰਸ ਉਮੀਦਵਾਰ ਵਜੋਂ ਨਾਮਜ਼ਦਗੀ ਪੱਤਰ ਦਾਖਲ ਕਰਨ ਮੌਕੇ ਮੁੱਖ ਮੰਤਰੀ ਨੇ ਹਰਿਆਣਾ 'ਚ ਆਪਣੇ ਹਮਰੁਤਬਾ ਦੀਆਂ ਪੰਜਾਬ ਦੀਆਂ ਚੋਣਾਂ ਦੇ ਸੰਦਰਭ 'ਚ ਰਾਹੁਲ ਗਾਂਧੀ ਉਪਰ ਕੀਤੀਆਂ ਟਿੱਪਣੀਆਂ 'ਤੇ ਸਖਤ ਇਤਰਾਜ਼ ਕੀਤਾ। ਉਨ੍ਹਾਂ ਐੱਮ. ਐੱਲ. ਖੱਟੜ ਨੂੰ ਪੰਜਾਬ ਅਤੇ ਕਾਂਗਰਸ ਲੀਡਰਸ਼ਿਪ 'ਤੇ ਟਿੱਪਣੀਆਂ ਬੰਦ ਕਰਨ ਲਈ ਆਖਿਆ ਅਤੇ ਉਨ੍ਹਾਂ ਨੂੰ ਆਪਣੇ ਸੂਬੇ ਤੇ ਆਪਣੇ ਲੀਡਰ ਨਰਿੰਦਰ ਮੋਦੀ ਬਾਰੇ ਗੱਲ ਕਰਨ ਲਈ ਕਿਹਾ।
ਚੋਣ ਮੁਹਿੰਮ ਦੌਰਾਨ ਪੰਜਾਬ ਦੇ ਕਾਂਗਰਸੀ ਲੀਡਰਾਂ ਵੱਲੋਂ ਰਾਹੁਲ ਗਾਂਧੀ ਦਾ ਨਾਮ ਨਾ ਲੈਣ ਬਾਰੇ ਖੱਟੜ ਦੀ ਟਿਪੱਣੀ ਦੀ ਖਿੱਲੀ ਉਡਾਉਂਦੇ ਹੋਏ ਕੈਪਟਨ ਨੇ ਕਿਹਾ ਕਿ ਹਰਿਆਣਾ ਦੇ ਮੁੱਖ ਮੰਤਰੀ ਨੂੰ ਇਸ ਦਾ ਰੱਤੀ ਭਰ ਵੀ ਨਹੀਂ ਪਤਾ ਕਿ ਪੰਜਾਬ ਜਾਂ ਕਾਂਗਰਸ 'ਚ ਕੀ ਹੋ ਰਿਹਾ ਹੈ, ਜਿਸ ਕਰਕੇ ਉਸ ਨੂੰ ਸਾਡੇ ਸੂਬੇ ਨਾਲ ਸਬੰਧਤ ਮੁੱਦਿਆਂ ਬਾਰੇ ਬੋਲਣ ਦਾ ਕੋਈ ਹੱਕ ਨਹੀਂ। ਖੱਟੜ ਕੋਲ ਉਸਾਰੂ ਮੁੱਦਿਆਂ ਦੀ ਅਣਹੋਂਦ ਦੀ ਗੱਲ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਪੁੱਛਿਆ, ''ਉਹ ਮੋਦੀ ਅਤੇ ਹਰਿਆਣਾ ਦੀ ਭਾਜਪਾ ਬਾਰੇ ਗੱਲ ਕਿਉਂ ਨਹੀਂ ਕਰਦੇ?''
ਇਕ ਸਵਾਲ ਦੇ ਜਵਾਬ 'ਚ ਮੁੱਖ ਮੰਤਰੀ ਨੇ ਆਮ ਆਦਮੀ ਪਾਰਟੀ ਬਾਰੇ ਵੀ ਆਪਣੇ ਪੁਰਾਣੇ ਰੁਖ ਨੂੰ ਦੋਹਰਾਉਂਦੇ ਹੋਏ ਕਿਹਾ ਕਿ ਕਾਂਗਰਸ ਨੂੰ ਉਸ ਧੜੇ ਦੀ ਕੋਈ ਵੀ ਲੋੜ ਨਹੀਂ ਹੈ, ਜਿਸ ਦਾ ਪੰਜਾਬ 'ਚ ਕੋਈ ਵਜੂਦ ਹੀ ਨਹੀਂ । ਉਨ੍ਹਾਂ ਕਿਹਾ ਕਿ ਕਾਂਗਰਸ ਆਪਣੇ ਸਿਰ 'ਤੇ ਸੂਬੇ ਦੀਆਂ ਸਾਰੀਆਂ ਲੋਕ ਸਭਾ ਸੀਟਾਂ 'ਤੇ ਹੂੰਝਾ ਫੇਰਨ ਦੀ ਸਥਿਤੀ 'ਚ ਹੈ।
ਰਾਹੁਲ ਗਾਂਧੀ ਬਠਿੰਡਾ ਤੇ ਗੁਰਦਾਸਪੁਰ 'ਚ ਕਰਨਗੇ ਪ੍ਰਚਾਰ
NEXT STORY