ਚੰਡੀਗੜ੍ਹ (ਅਸ਼ਵਨੀ) : ਮੁੱਖ ਸਕੱਤਰ ਨਾਲ ਮੰਤਰੀਆਂ ਦੀ ਅਣਬਣ ਨੂੰ ਸੁਲਝਾਉਣ ਲਈ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੋਮਵਾਰ ਨੂੰ ਇੱਕ ਵਾਰ ਫਿਰ ਲੰਚ ਡਿਪਲੋਮੈਸੀ ਦਾ ਦਾਅ ਖੇਡਿਆ। ਸਿਸਵਾਂ 'ਚ ਮੁੱਖ ਮੰਤਰੀ ਦੀ ਰਿਹਾਇਸ਼ ਵਿਖੇ ਹੋਈ ਲੰਚ ਡਿਪਲੋਮੈਸੀ ਦੇ ਇਸ ਦੂਜੇ ਹਿੱਸੇ 'ਚ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਅਤੇ ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਸਿੰਘ ਚੰਨੀ ਨੂੰ ਸੱਦਾ ਦਿੱਤਾ ਗਿਆ ਸੀ। ਮੁੱਖ ਮੰਤਰੀ ਨੇ ਪਹਿਲਾਂ ਨਾਰਾਜ਼ ਮੰਤਰੀਆਂ ਦੀ ਪੂਰੀ ਗੱਲ ਸੁਣੀ। ਕਰੀਬ ਅੱਧੇ ਘੰਟੇ ਬਾਅਦ ਮੁੱਖ ਮੰਤਰੀ ਨੇ ਮੁੱਖ ਸਕੱਤਰ ਕਰਨ ਅਵਤਾਰ ਸਿੰਘ ਨੂੰ ਬੁਲਾਇਆ। ਦੱਸਿਆ ਜਾ ਰਿਹਾ ਹੈ ਕਿ ਮੁੱਖ ਸਕੱਤਰ ਅਤੇ ਮੰਤਰੀ ਆਹਮੋ-ਸਾਹਮਣੇ ਬੈਠੇ। ਗੱਲਬਾਤ ਦੌਰਾਨ ਮੁੱਖ ਸਕੱਤਰ ਨੇ ਮੰਤਰੀਆਂ ਨੂੰ ‘ਸੌਰੀ’ ਕਹਿਕੇ ਨਾਰਾਜ਼ਗੀ ਖਤਮ ਕਰਨ ਦੀ ਗੱਲ ਕਹੀ। ਦੱਸਿਆ ਜਾ ਰਿਹਾ ਹੈ ਕਿ ਮੁੱਖ ਸਕੱਤਰ ਨਾਲ ਗੱਲਬਾਤ ਤੋਂ ਬਾਅਦ ਮੰਤਰੀਆਂ ਦੇ ਤਿੱਖੇ ਸੁਰ ਵੀ ਬਦਲੇ ਹਨ। ਹਾਲਾਂਕਿ, ਮੰਤਰੀਆਂ ਨੇ ਕਿਹਾ ਹੈ ਕਿ ਇਸ ਮਸਲੇ 'ਤੇ ਆਖਰੀ ਫ਼ੈਸਲਾ ਮੰਤਰੀ ਮੰਡਲ ਹੀ ਲਵੇਗਾ। ਅਜਿਹਾ ਇਸ ਲਈ ਵੀ ਹੈ ਕਿ ਮੁੱਖ ਸਕੱਤਰ ਨਾਲ ਜਦੋਂ ਝਗੜਾ ਹੋਇਆ ਸੀ ਤਾਂ ਪੂਰੇ ਮੰਤਰੀ ਮੰਡਲ ਨੇ ਮੁੱਖ ਸਕੱਤਰ ਖਿਲਾਫ ਮਤਾ ਪਾਸ ਕੀਤਾ ਸੀ।
ਬੈਠਕ `ਚ ਨਹੀਂ ਪਹੁੰਚੇ ਸੁਨੀਲ ਜਾਖੜ
ਦੱਸਿਆ ਜਾ ਰਿਹਾ ਹੈ ਕਿ ਇਸ ਬੈਠਕ 'ਚ ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਬੁਲਾਇਆ ਗਿਆ ਸੀ ਪਰ ਉਹ ਨਹੀਂ ਆਏ। ਹਾਲਾਂਕਿ ਲੰਚ ਡਿਪਲੋਮੈਸੀ ਦੀ ਪਹਿਲੀ ਬੈਠਕ `ਚ ਜਾਖੜ ਪਹੁੰਚੇ ਸਨ ਪਰ ਇਹ ਬੈਠਕ ਬਹੁਤ ਸਕਾਰਾਤਮਕ ਨਹੀਂ ਰਹੀ ਸੀ। ਸੁਨੀਲ ਜਾਖੜ ਨੇ ਹੀ ਲੰਚ ਦੇ ਅਗਲੇ ਦਿਨ ਮੀਡੀਆ ਨਾਲ ਮੁਖਾਤਿਬ ਹੁੰਦੇ ਹੋਏ ਮੁੱਖ ਸਕੱਤਰ 'ਤੇ ਨਿਸ਼ਾਨਾ ਸਾਧ ਦਿੱਤਾ ਸੀ। ਜਾਖੜ ਨੇ ਬੇਹੱਦ ਤਿੱਖੇ ਸੁਰਾਂ 'ਚ ਕਿਹਾ ਸੀ ਕਿ ਮੁੱਖ ਸਕੱਤਰ, ਮੁੱਖ ਮੰਤਰੀ ਦੇ ਭਰੋਸੇ ਦਾ ਨਾਜਾਇਜ਼ ਫਾਇਦਾ ਚੁੱਕ ਰਹੇ ਹਨ। ਜਾਖੜ ਨੇ ਇਹ ਗੱਲ ਵੀ ਕਹੀ ਸੀ ਕਿ ਪੰਜਾਬ 'ਚ ਅਫਸਰਸ਼ਾਹੀ ਦੇ ਮਾੜੇ ਵਤੀਰੇ ਦਾ ਮਰਜ਼ ਤਿੰਨ ਸਾਲ ਪੁਰਾਣਾ ਹੈ। ਉਨ੍ਹਾਂ ਨੇ ਕਿਹਾ ਕਿ ਮੁੱਖ ਸਕੱਤਰ ਦੇ ਵਤੀਰੇ ਦਾ ਇਹ ਤਾਜ਼ਾ ਘਟਨਾਕ੍ਰਮ ਤਾਂ ਸਿਰਫ਼ ਬੀਮਾਰੀ ਦੇ ਓਪਰੀ ਲੱਛਣ ਹਨ ਪਰ ਅਸਲ 'ਚ ਬੀਮਾਰੀ ਅੰਦਰ ਗੰਭੀਰ ਰੂਪ 'ਚ ਬੈਠੀ ਹੋਈ ਹੈ।
ਮੋਹਾਲੀ ਹਵਾਈ ਅੱਡੇ 'ਤੇ ਮੁੜ ਸ਼ੁਰੂ ਹੋਈਆਂ ਉਡਾਨਾਂ
NEXT STORY