ਚੰਡੀਗੜ੍ਹ : ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਅੱਜ ਤਿੰਨ ਸੋਧ ਬਿੱਲਾਂ ਦੇ ਸਬੰਧ 'ਚ ਸ਼੍ਰੋਮਣੀ ਅਕਾਲੀ ਦਲ ਅਤੇ ਆਮ ਆਦਮੀ ਪਾਰਟੀ ਵੱਲੋਂ ਬੇਸ਼ਰਮੀ ਭਰੇ ਢੰਗ ਨਾਲ ਦੋਗਲੇ ਕਿਰਦਾਰ ਦਾ ਮੁਜ਼ਾਹਰਾ ਕਰਨ ਦੀ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਿਹਾ ਕਿ ਇਹ ਦੋਵੇਂ ਸਿਆਸੀ ਧਿਰਾਂ ਵਿਧਾਨ ਸਭਾ 'ਚ ਇਨ੍ਹਾਂ ਬਿੱਲਾਂ ਦੇ ਹੱਕ 'ਚ ਭੁਗਤਣ ਤੋਂ ਕੁਝ ਘੰਟਿਆਂ ਬਾਅਦ ਹੀ ਇਨਾਂ ਨੂੰ ਭੰਡਣ ਲੱਗ ਪਈਆਂ। ਮੁੱਖ ਮੰਤਰੀ ਨੇ ਕਿਹਾ ਕਿ ਉਹ ਇਸ ਗੱਲ ਤੋਂ ਹੈਰਾਨ ਹਨ ਕਿ ਵਿਰੋਧੀ ਧਿਰਾਂ ਦੇ ਆਗੂ ਵਿਧਾਨ ਸਭਾ 'ਚ ਬਿੱਲਾਂ ਦੇ ਹੱਕ 'ਚ ਬੋਲੇ ਅਤੇ ਇੱਥੋਂ ਤੱਕ ਕਿ ਰਾਜਪਾਲ ਨੂੰ ਮਿਲਣ ਲਈ ਵੀ ਉਨ੍ਹਾਂ ਨਾਲ ਗਏ ਪਰ ਹੁਣ ਬਾਹਰ ਕੁਝ ਹੋਰ ਬੋਲੀ ਬੋਲ ਰਹੇ ਹਨ।
ਸਦਨ ਨੂੰ ਅਣਮਿੱਥੇ ਸਮੇਂ ਲਈ ਉਠਾਉਣ ਤੋਂ ਬਾਅਦ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕਿਸਾਨਾਂ ਨੇ ਇਨ੍ਹਾਂ ਬਿੱਲਾਂ ਦੇ ਖ਼ਿਲਾਫ਼ ਕੁਝ ਵੀ ਨਹੀਂ ਕਿਹਾ, ਜਿਨ੍ਹਾਂ ਦੇ ਹਿੱਤਾਂ ਦੀ ਸੁਰੱਖਿਆ ਅਤੇ ਸੂਬੇ ਦੇ ਖੇਤੀਬਾੜੀ ਸੈਕਟਰ ਨੂੰ ਬਚਾਉਣ ਲਈ ਇਹ ਬਿੱਲ ਬਣਾਏ ਗਏ ਹਨ। ਬੀਤੇ ਦਿਨ ਵਿਧਾਨ ਸਭਾ 'ਚ ਬਿੱਲਾਂ ਦਾ ਪੱਖ ਪੂਰਨ ਦਾ ਢਕਵੰਜ ਕਰਨ ਲਈ ਅਕਾਲੀ ਦਲ ਅਤੇ ਆਪ ਦੀ ਸਖ਼ਤ ਆਲੋਚਨਾ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਇਸ ਤੋਂ ਸਪੱਸ਼ਟ ਹੈ ਕਿ ਇਨ੍ਹਾਂ ਪਾਰਟੀਆਂ ਦੀ ਕਿਸਾਨਾਂ ਦਾ ਭਵਿੱਖ ਦੀ ਰਾਖੀ ਅਤੇ ਸੂਬੇ ਦੀ ਖੇਤੀਬਾੜੀ ਤੇ ਅਰਥਚਾਰੇ ਨੂੰ ਬਚਾਉਣ 'ਚ ਕੋਈ ਦਿਲਚਸਪੀ ਨਹੀਂ ਹੈ।
ਉਨ੍ਹਾਂ ਕਿਹਾ ਕਿ ਬੀਤੇ ਦਿਨ ਸਦਨ 'ਚ ਬਿੱਲ ਪਾਸ ਹੋਣ ਤੋਂ ਬਾਅਦ ਇਨ੍ਹਾਂ ਪਾਰਟੀਆਂ ਦੇ ਲੀਡਰਾਂ ਵੱਲੋ ਕੀਤੀ ਬਿਆਨਬਾਜ਼ੀ ਨੇ ਕਿਸਾਨਾਂ ਦੇ ਮੁੱਦੇ ਪ੍ਰਤੀ ਇਨਾਂ ਵੱਲੋਂ ਸੰਜੀਦਾ ਨਾ ਹੋਣ ਦਾ ਸੱਚ ਸਾਹਮਣੇ ਲਿਆਂਦਾ ਹੈ। ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਅਤੇ ਆਪ ਦੀ ਲੀਡਰਸ਼ਿਪ ਦੇ ਬਿਆਨਾਂ 'ਤੇ ਪ੍ਰਤੀਕਿਰਿਆ ਦਿੰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, ਜੇਕਰ ਉਹ ਸੋਚਦੇ ਹਨ ਕਿ ਮੈਂ ਅਤੇ ਮੇਰੀ ਸਰਕਾਰ ਲੋਕਾਂ ਨੂੰ ਮੂਰਖ ਬਣਾ ਰਹੇ ਹਨ ਤਾਂ ਫਿਰ ਉਨ੍ਹਾਂ ਨੇ ਸਦਨ 'ਚ ਇਹ ਗੱਲ ਕਿਉਂ ਨਹੀਂ ਕਹੀ? ਉਨ੍ਹਾਂ ਨੇ ਸਾਡੇ ਬਿੱਲਾਂ ਦਾ ਸਮਰਥਨ ਕਰਦਿਆਂ ਵੋਟ ਕਿਉਂ ਦਿੱਤੀ? ਇਨ੍ਹਾਂ ਦੋਵੇਂ ਸਿਆਸੀ ਧਿਰਾਂ ਦੇ ਨੇਤਾਵਾਂ ਨੇ ਮੁੱਖ ਮੰਤਰੀ 'ਤੇ ਬਿੱਲਾਂ ਨੂੰ ਰਾਜਪਾਲ/ਰਾਸ਼ਟਰਪਤੀ ਵੱਲੋਂ ਦਸਤਖ਼ਤ ਨਾ ਕਰਨ ਦੀ ਸੰਭਾਵਨਾ ਬਾਰੇ ਕੀਤੀ ਟਿੱਪਣੀ ਦਾ ਹਵਾਲਾ ਦਿੰਦਿਆਂ ਲੋਕਾਂ ਨੂੰ ਗੁੰਮਰਾਹ ਕਰਨ ਦਾ ਦੋਸ਼ ਲਾਇਆ ਹੈ।
ਗੋਲੀਕਾਂਡ 'ਚ ਮਾਰੇ ਗਏ ਦਲਿਤ ਨੌਜਵਾਨ ਦੀ ਮਾਂ ਦੀ ਚਿਤਾਵਨੀ: ਇਨਸਾਫ਼ ਨਾ ਮਿਲਿਆ ਤਾਂ ਧੀ ਸਮੇਤ ਕਰਾਂਗੀ ਖ਼ੁਦਕੁਸ਼ੀ
NEXT STORY