ਪਟਿਆਲਾ (ਜੋਸਨ) - ਪੰਜਾਬ ਦੇ ਸਾਬਕਾ ਸੀਨੀਅਰ ਕੈਬਨਿਟ ਮੰਤਰੀ ਅਤੇ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਦੇ ਮੈਂਬਰ ਸੁਰਜੀਤ ਸਿੰਘ ਰੱਖੜਾ ਨੇ ਅੱਜ ਇਥੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਪਟਿਆਲਾ ਸ਼ਹਿਰ ਨੂੰ 1000 ਕਰੋੜ ਰੁਪਏ ਦੇਣ ਦੇ ਦਾਅਵੇ ਦੀ ਖਿੱਲੀ ਉਡਾਉਂਦਿਆਂ ਆਖਿਆ ਕਿ ਕੈਪਟਨ ਨੇ ਸਿਰਫ਼ ਪਟਿਆਲਾ ਵਾਸੀਆਂ ਨੂੰ ਮੁੰਗੇਰੀ ਲਾਲ ਦੇ ਸੁਪਨੇ ਵਿਖਾਏ ਹਨ ਤੇ ਅਸਲੀਅਤ ਚੰਦ ਦਿਨਾਂ 'ਚ ਸਾਹਮਣੇ ਆ ਜਾਵੇਗੀ।
ਸ. ਰੱਖੜਾ ਨੇ ਕਿਹਾ ਕਿ ਜਦੋਂ ਦੀ ਸਰਕਾਰ ਬਣੀ ਹੈ, ਓਦੋਂ ਤੋਂ ਲੈ ਕੇ ਹੁਣ ਤੱਕ ਖ਼ਜ਼ਾਨਾ ਖਾਲੀ ਹੋਣ ਦੀ ਰਟ ਕਾਂਗਰਸ ਨੇ ਲਾਈ ਹੋਈ ਹੈ। ਕਾਂਗਰਸ ਕੋਲ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਦੇਣ ਲਈ ਪੈਸੇ ਨਹੀਂ ਹਨ। 8 ਮਹੀਨਿਆਂ ਵਿਚ ਕਾਂਗਰਸ ਨੇ ਪਟਿਆਲਾ ਵਿਚ ਇਕ ਰੁਪਇਆ ਵੀ ਨਹੀਂ ਲਾਇਆ ਤੇ ਅੱਜ ਲੋਕਾਂ ਨੂੰ ਮੂਰਖ ਬਣਾਇਆ ਗਿਆ ਹੈ। ਸ. ਰੱਖੜਾ ਨੇ ਆਖਿਆ ਕਿ ਕਾਂਗਰਸ ਦੀ ਸਰਕਾਰ ਬਣਦਿਆਂ ਹੀ ਸਰਕਾਰ ਨੇ ਅਕਾਲੀ ਸਰਕਾਰ ਵੱਲੋਂ ਪਟਿਆਲਾ ਸ਼ਹਿਰ ਨੂੰ ਦਿੱਤੇ 50 ਕਰੋੜ ਰੁਪਏ ਰੋਕ ਲਏ ਸਨ ਤੇ ਅੱਜ ਇਨ੍ਹਾਂ ਵਿਚੋਂ ਵੀ ਅੱਧੇ ਪੈਸੇ ਰਿਲੀਜ਼ ਕਰ ਕੇ ਕਾਂਗਰਸ ਮੁਫ਼ਤ ਦੀ ਵਾਹ-ਵਾਹੀ ਖੱਟਣੀ ਚਾਹੁੰਦੀ ਹੈ। ਉਨ੍ਹਾਂ ਆਖਿਆ ਕਿ ਅਕਾਲੀ ਦਲ ਦੀ ਸਰਕਾਰ ਨੇ ਨਿਗਮ ਨੂੰ ਆਖ਼ਰੀ ਸਾਲ 'ਚ 100 ਕਰੋੜ ਰੁਪਇਆ ਦਿੱਤਾ ਸੀ, ਜਿਸ ਵਿਚੋਂ 50 ਕਰੋੜ ਰੁਪਏ ਤੇ ਕਾਂਗਰਸ ਨੇ ਰੋਕ ਲਾ ਦਿੱਤੀ ਸੀ।
ਸ. ਰੱਖੜਾ ਨੇ ਆਖਿਆ ਕਿ ਮੁੱਖ ਮੰਤਰੀ 782 ਕਰੋੜ ਰੁਪਏ ਦਾ ਕੈਨਾਲ ਵਾਟਰ ਪ੍ਰਾਜੈਕਟ ਪਟਿਆਲਾ 'ਚ ਲਾਉਣਾ ਚਾਹੁੰਦੇ ਹਨ ਪਰ ਮੁੱਖ ਮੰਤਰੀ ਨੇ ਇਹ ਨਹੀਂ ਦੱਸਿਆ ਕਿ ਇਹ ਪੈਸੇ ਕਦੋਂ ਪਟਿਆਲਾ ਨੂੰ ਦਿੱਤੇ ਜਾਣਗੇ ਤੇ ਕਦੋਂ ਇਹ ਪ੍ਰਾਜੈਕਟ ਚਾਲੂ ਹੋਵੇਗਾ। ਸਿਰਫ਼ ਕਾਗਜ਼ਾਂ ਵਿਚ ਹੀ ਮੁੱਖ ਮੰਤਰੀ ਨੇ 782 ਰੁਪਏ ਦੇ ਦਿੱਤੇ ਹਨ ਤੇ ਪ੍ਰਾਜੈਕਟ ਲਾ ਦਿੱਤਾ ਹੈ। ਸੁਰਜੀਤ ਸਿੰਘ ਰੱਖੜਾ ਨੇ ਆਖਿਆ ਕਿ ਪੰਜਾਬ ਦੇ ਕਿਸਾਨਾਂ ਨਾਲ ਵੀ ਕਾਂਗਰਸ ਨੇ ਧੋਖਾ ਕੀਤਾ ਹੈ, ਜਿਸ ਕਾਰਨ ਪੰਜਾਬ ਦਾ ਕਿਸਾਨ ਅੱਜ ਖੁਦਕੁਸ਼ੀਆਂ ਕਰਨ ਲਈ ਮਜਬੂਰ ਹੈ। ਉਨ੍ਹਾਂ ਕੈਪਟਨ ਅਮਰਿੰਦਰ ਸਿੰਘ ਨੂੰ ਸਲਾਹ ਦਿੱਤੀ ਕਿ ਉਹ ਜੇਕਰ ਸੱਚਮੁੱਚ ਹੀ ਪਟਿਆਲਾ ਵਾਸੀਆਂ ਦੇ ਹਿੱਤਾਂ ਦੀ ਗੱਲ ਕਰਦੇ ਹਨ ਤਾਂ ਉਹ ਮੁੰਗੇਰੀ ਲਾਲ ਦੇ ਸੁਪਨੇ ਦਿਖਾਉਣ ਦੀ ਜਗ੍ਹਾ ਪ੍ਰੈਕਟੀਕਲ ਰੂਪ ਵਿਚ ਕੁਝ ਕਰ ਕੇ ਦਿਖਾਉਣ। ਇਸ ਮੌਕੇ ਸਾਬਕਾ ਚੇਅਰਮੈਨ ਸੁਰਜੀਤ ਸਿੰਘ ਅਬਲੋਵਾਲ, ਜ਼ਿਲਾ ਪ੍ਰਧਾਨ ਰਣਧੀਰ ਸਿੰਘ ਰੱਖੜਾ, ਸ਼ੱਕੂ ਗਰੋਵਰ ਪ੍ਰਧਾਨ ਅਕਾਲੀ ਦਲ, ਐਡਵੋਕੇਟ ਮਨਵੀਰ ਸਿੰਘ ਵਿਰਕ, ਤਰਲੋਚਨ ਸਿੰਘ ਰੱਖੜਾ, ਕਰਮਜੀਤ ਸਿੰਘ ਰੱਖੜਾ, ਚੇਅਰਮੈਨ ਭੁਪਿੰਦਰ ਸਿੰਘ ਡਕਾਲਾ, ਚੇਅਰਮੈਨ ਬਲਵਿੰਦਰ ਸਿੰਘ ਬਰਸਟ, ਚੇਅਰਮੈਨ ਹਰਜਿੰਦਰ ਸਿੰਘ ਬੱਲ ਆਦਿ ਹਾਜ਼ਰ ਸਨ।
ਦਿਨ-ਦਿਹਾੜੇ ਰੇਲਵੇ ਸਟੇਸ਼ਨ ਤੋਂ ਔਰਤ ਦਾ ਪਰਸ ਉਡਾਇਆ
NEXT STORY