ਕਲਾਨੌਰ (ਵਤਨ) : ਅੱਜ ਕਸਬਾ ਕਲਾਨੌਰ ਦੇ ਬਿਜਲੀ ਬੋਰਡ ਦਫ਼ਤਰ ਵਿਖੇ ਇਕ ਸਾਦੇ ਸਮਾਗਮ ਦੌਰਾਨ ਹਲਕਾ ਵਿਧਾਇਕ ਅਤੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਲੋਕਾਂ ਨੂੰ ਵਧੀਆ ਬਿਜਲੀ ਸਪਲਾਈ ਦੇਣ ਦੇ ਮੰਤਵ ਨਾਲ ਦਿਓਲ ਫੀਡਰ ਨੂੰ ਲੋਕਾਂ ਦੇ ਸਮਰਪਿਤ ਕਰ ਦਿੱਤਾ ਅਤੇ ਇਸ ਮੌਕੇ ਮਾਰਕੀਟ ਕਮੇਟੀ ਕਲਾਨੌਰ ਦੇ ਚੇਅਰਮੈਨ ਭਗਵਾਨ ਸਿੰਘ ਬਰੀਲਾ ਅਤੇ ਐੱਸ. ਡੀ. ਓ. ਖਜਾਨ ਸਿੰਘ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ। ਸਹਿਕਾਰਤਾ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਵੱਲੋਂ ਉਦਘਾਟਨ ਤੋਂ ਬਾਅਦ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੈਪਟਨ ਸਰਕਾਰ ਨੇ ਪ੍ਰਚਾਰ ਕਰਨ ਦੀ ਬਜਾਏ ਪੰਜਾਬ ਦੇ ਵਿਕਾਸ ਵੱਲ ਜ਼ਿਆਦਾ ਤਰਜੀਹ ਦਿੱਤੀ ਹੈ, ਜਿਸ ਤਹਿਤ ਪੰਜਾਬ ਦੇ ਸਮੁੱਚੇ ਪਿੰਡਾਂ ਵਿਚ ਵਿਕਾਸ ਕਾਰਜ ਜੰਗੀ ਪੱਧਰ 'ਤੇ ਚੱਲ ਰਹੇ ਹਨ। ਰੰਧਾਵਾ ਨੇ ਕਿਹਾ ਕਿ ਕਲਾਨੌਰ ਵਿਚ ਦਸ ਦਿਨਾਂ ਦੇ ਅੰਦਰ 7 ਕਰੋੜ ਰੁਪਏ ਨਾਲ ਬਣਨ ਵਾਲਾ ਸੀਵਰੇਜ ਪ੍ਰੋਜੈਕਟ ਸ਼ੁਰੂ ਹੋ ਜਾਵੇਗਾ। ਇਸ ਦੇ ਨਾਲ ਨਾਲ ਸ਼ਿਵ ਮੰਦਰ ਪਾਰਕ ਗੁਰਦੁਆਰਾ ਬਾਬਾ ਬੰਦਾ ਸਿੰਘ ਬਹਾਦਰ ਪਾਰਕ ਅਤੇ ਅਕਬਰ ਦੀ ਤਾਜਪੋਸ਼ੀ ਵਾਲੇ ਸਥਾਨ ਦਾ ਨਵੀਨੀਕਰਨ ਕੀਤਾ ਜਾਵੇਗਾ, ਜਿਸ ਉਪਰ ਲਗਪਗ 7 ਕਰੋੜ ਰੁਪਏ ਖ਼ਰਚ ਆਉਣਗੇ।
ਉਨ੍ਹਾਂ ਐਲਾਨ ਕੀਤਾ ਕਿ ਰੁਡਿਆਣਾ ਅਗਵਾਨ ਵਿਚ ਨਵਾਂ ਸਬ ਸਟੇਸ਼ਨ ਲਗਾਇਆ ਜਾਏਗਾ ਤਾਂ ਕਿ ਸਰਹੱਦੀ ਲੋਕਾਂ ਨੂੰ ਕਿਸੇ ਵੀ ਤਰ੍ਹਾਂ ਦੀ ਮੁਸ਼ਕਿਲ ਨਾ ਆਵੇ, ਇਸ ਤੋਂ ਇਲਾਵਾ ਸ਼ਿਕਾਰ ਪਿੰਡ ਵਿਚ ਵੀ ਸਬ ਸਟੇਸ਼ਨ ਨੂੰ ਮਨਜ਼ੂਰੀ ਦੇ ਦਿੱਤੀ ਗਈ ਹੈ ਜੋ ਕਿ ਜਲਦ ਹੀ ਸ਼ੁਰੂ ਹੋ ਜਾਵੇਗਾ। ਰੰਧਾਵਾ ਨੇ ਕਿਹਾ ਕਿ ਜਿਸ ਤਰ੍ਹਾਂ ਲਾਕਡਾਊਨ ਦੌਰਾਨ ਕੈਪਟਨ ਸਰਕਾਰ ਨੇ ਕਣਕ ਦੀ ਖਰੀਦ ਕੀਤੀ ਹੈ, ਉਹ ਸ਼ਲਾਘਾਯੋਗ ਹੈ ਅਤੇ ਇਸੇ ਤਰ੍ਹਾਂ ਝੋਨੇ ਦੀ ਲਵਾਈ ਵਿਚ ਵੀ ਕਿਸੇ ਤਰ੍ਹਾਂ ਦੀ ਕਿਸਾਨਾਂ ਨੂੰ ਮੁਸ਼ਕਿਲ ਨਹੀਂ ਆਉਣ ਦਿੱਤੀ ਜਾਵੇਗੀ।
ਸਖ਼ਤ ਸੁਰੱਖਿਆ ਹੇਠ ਸਿੰਗਾਪੁਰ ਇੰਟਰਨੈਸ਼ਨਲ ਫਲਾਈਟ ਦੇ ਯਾਤਰੀ ਜਲੰਧਰ ਪਹੁੰਚਦੇ ਹੀ ਕੁਆਰੰਟਾਈਨ
NEXT STORY