ਚੰਡੀਗੜ੍ਹ (ਪਰਾਸ਼ਰ) - ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਅੱਜ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਾਰੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਨ ਦੇ ਵਾਅਦੇ ਤੋਂ ਮੁੱਕਰ ਕੇ ਆਪਣੀ ਕੁਰਸੀ 'ਤੇ ਬਣੇ ਰਹਿਣ ਦਾ ਨੈਤਿਕ ਅਧਿਕਾਰ ਗੁਆ ਚੁੱਕੇ ਹਨ।
ਇਥੇ ਇਕ ਪ੍ਰੈੱਸ ਬਿਆਨ ਜਾਰੀ ਕਰਦਿਆਂ ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁੱਖ ਮੰਤਰੀ ਨੇ ਪ੍ਰਦੇਸ਼ ਕਾਂਗਰਸ ਦੇ ਮੁਖੀ ਵਜੋਂ ਪੰਜਾਬ ਦੇ ਕਿਸਾਨਾਂ ਨਾਲ ਇਹ ਵਾਅਦਾ ਕੀਤਾ ਸੀ ਕਿ ਉਹ ਉਨ੍ਹਾਂ ਦੇ ਸਾਰੇ ਕਰਜ਼ੇ ਮੁਆਫ ਕਰ ਦੇਣਗੇ। ਉਨ੍ਹਾਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਤੁਸੀਂ ਕਿਸਾਨਾਂ ਦੇ ਸਹਿਕਾਰੀ ਅਤੇ ਰਾਸ਼ਟਰੀ ਬੈਂਕਾਂ ਤੋਂ ਇਲਾਵਾ ਆੜ੍ਹਤੀਆਂ ਕੋਲੋਂ ਲਏ 90 ਹਜ਼ਾਰ ਕਰੋੜ ਰੁਪਏ ਦੇ ਸਾਰੇ ਕਰਜ਼ੇ ਮੁਆਫ ਕਰਨ ਦਾ ਵਾਅਦਾ ਕੀਤਾ ਸੀ ਪਰ ਕੱਲ ਤੁਸੀਂ ਇਹ ਕਹਿੰਦਿਆਂ ਆਪਣੀ ਵਚਨਬੱਧਤਾ ਤੋਂ ਮੁੱਕਰ ਗਏ ਹੋ ਕਿ ਤੁਸੀਂ ਫਸਲੀ ਕਰਜ਼ਾ ਸਕੀਮ ਤਹਿਤ ਸਾਰੇ ਕਰਜ਼ਦਾਰ ਕਿਸਾਨਾਂ ਦਾ ਕਰਜ਼ਾ ਮੁਆਫ ਨਹੀਂ ਕਰੋਗੇ। ਇਸ ਟਿੱਪਣੀ ਨੂੰ ਕਰਜ਼ਾ ਮੁਆਫੀ ਦੀ ਸਕੀਮ ਵਿਚ ਸ਼ਾਮਲ ਕੀਤੇ ਜਾਣ ਦੀ ਆਸ ਲਾਈ ਬੈਠੇ ਕਿਸਾਨ ਭਾਈਚਾਰੇ ਲਈ ਮੌਤ ਦੀ ਘੰਟੀ ਕਰਾਰ ਦਿੰਦਿਆਂ ਸੁਖਬੀਰ ਬਾਦਲ ਨੇ ਕਿਹਾ ਕਿ ਇਹ ਬਿਲਕੁਲ ਉਲਟ ਗੱਲ ਵਾਪਰੀ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੇ 47 ਹਜ਼ਾਰ ਕਿਸਾਨਾਂ ਲਈ 167 ਕਰੋੜ ਰੁਪਏ ਦੀ ਰਾਸ਼ੀ ਜਾਰੀ ਕੀਤੀ ਹੈ, ਜਿਹੜੀ ਕਿ ਕੁੱਲ ਕਰਜ਼ੇ ਦਾ ਇਕ ਫੀਸਦੀ ਵੀ ਨਹੀਂ ਹੈ। ਸਰਕਾਰ ਦਾਅਵਾ ਕਰ ਰਹੀ ਹੈ ਕਿ ਇਹ ਫਸਲੀ ਕਰਜ਼ਿਆਂ ਦੇ ਨਿਬੇੜੇ ਲਈ ਥੋੜ੍ਹੀ-ਬਹੁਤ ਹੋਰ ਰਕਮ ਜਾਰੀ ਕਰੇਗੀ ਅਤੇ ਫਿਰ ਉਸ ਤੋਂ ਬਾਅਦ ਇਸ ਸਕੀਮ ਨੂੰ ਬੰਦ ਕਰ ਦੇਵੇਗੀ। ਇਸ ਤਰ੍ਹਾਂ ਕਰਜ਼ਾ ਮੁਆਫੀ ਦੇ ਅਸਲੀ ਹੱਕਦਾਰਾਂ ਦੇ ਹੱਥ ਖਾਲੀ ਹੀ ਰਹਿ ਜਾਣਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਨੂੰ ਦੱਸਣਾ ਚਾਹੀਦਾ ਹੈ ਕਿ ਜੇਕਰ ਉਨਾਂ ਦੀ ਆਪਣਾ ਵਾਅਦਾ ਪੂਰਾ ਕਰਨ ਦੀ ਨੀਅਤ ਹੀ ਨਹੀਂ ਸੀ ਤਾਂ ਉਨ੍ਹਾਂ ਨੇ ਮੁਕੰਮਲ ਕਰਜ਼ਾ ਮੁਆਫੀ ਦਾ ਵਾਅਦਾ ਕਰਕੇ ਕਿਸਾਨਾਂ ਕੋਲ ਝੂਠ ਕਿਉਂ ਬੋਲਿਆ ਅਤੇ ਉਨ੍ਹਾਂ ਨੂੰ ਧੋਖਾ ਕਿਉਂ ਦਿੱਤਾ?
ਇਹ ਕਹਿੰਦਿਆਂ ਕਿ ਪੰਜਾਬ ਦੇ ਕਿਸਾਨ ਕਾਂਗਰਸ ਨੂੰ ਇਹ ਵਿਸ਼ਵਾਸਘਾਤ ਕਰਕੇ ਭੱਜਣ ਨਹੀਂ ਦੇਣਗੇ, ਅਕਾਲੀ ਦਲ ਦੇ ਪ੍ਰਧਾਨ ਨੇ ਕਿਹਾ ਕਿ ਮੁਕੰਮਲ ਕਰਜ਼ਾ ਮੁਆਫੀ ਲਾਗੂ ਕਰਨ ਵਾਸਤੇ ਸਰਕਾਰ ਨੂੰ ਮਜਬੂਰ ਕਰਨ ਲਈ ਅਕਾਲੀ ਦਲ ਇਕ ਅੰਦੋਲਨ ਚਲਾਏਗਾ। ਉਨ੍ਹਾਂ ਕਿਹਾ ਕਿ ਅਸੀਂ ਇਹ ਯਕੀਨੀ ਬਣਾਉਣ ਲਈ ਅੰਦੋਲਨ ਕਰਾਂਗੇ ਕਿ ਖੇਤ ਮਜ਼ਦੂਰਾਂ ਅਤੇ ਦਲਿਤ ਭਾਈਚਾਰੇ ਦਾ ਕਰਜ਼ਾ ਵੀ ਮੁਆਫ ਹੋਵੇ।
ਰਾਜਪਾਲ ਕੋਲ ਪਹੁੰਚੀ ਸਰਕਾਰ ਦੀ ਮਨਮਾਨੀ ਦੀ ਸ਼ਿਕਾਇਤ
NEXT STORY