ਲੁਧਿਆਣਾ,(ਪਾਲੀ)-ਮੁੱਖ ਮੰਤਰੀ ਰਾਹਤ ਫੰਡ 'ਚ ਅਨੇਕਾਂ ਲੋਕਾਂ ਵੱਲੋਂ ਭੇਜੀ ਗਈ 68 ਕਰੋੜ ਰੁਪਏ ਦੀ ਰਕਮ 'ਤੇ ਸਵਾਲ ਉਠਾਉਂਦੇ ਹੋਏ ਲੋਕ ਇਨਸਾਫ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਕੈਪਟਨ ਨੂੰ ਅਪੀਲ ਕੀਤੀ ਹੈ ਕਿ ਸੂਬੇ 'ਚ ਵੈਂਟੀਲੇਟਰਾਂ ਦੀ ਘਾਟ ਤੁਰੰਤ ਪੂਰੀ ਕੀਤੀ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਰਾਹਤ ਫੰਡ 'ਚ ਆਏ ਪੈਸੇ ਬਿਪਤਾ ਲਈ ਰੱਖੇ ਗਏ ਹਨ ਤਾਂ ਕੋਰੋਨਾ ਵਰਗੀ ਮਹਾਮਾਰੀ ਤੋਂ ਵੱਡੀ ਹੋਰ ਕਿਹੜੀ ਬਿਪਤਾ ਹੋ ਸਕਦੀ ਹੈ ਪਰ ਕੈਪਟਨ ਸਾਹਿਬ ਇਸ ਪੈਸੇ ਨੂੰ ਬਚਾ ਕੇ ਰੱਖ ਰਹੇ ਹਨ, ਜਦਕਿ ਸੂਬੇ 'ਚ ਮਰੀਜ਼ਾਂ ਨੂੰ ਨਾ ਹੀ ਦਵਾਈਆਂ ਮਿਲ ਰਹੀਆਂ ਹਨ, ਨਾ ਹੀ ਸਹੀ ਇਲਾਜ ਹੋ ਰਿਹਾ ਹੈ।
ਵਿਧਾਇਕ ਸਿਮਰਜੀਤ ਸਿੰਘ ਬੈਂਸ ਕੋਟ ਮੰਗਲ ਸਿੰਘ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸਨ। ਇਸ ਦੌਰਾਨ ਉਨ੍ਹਾਂ ਮੁੱਖ ਮੰਤਰੀ ਰਾਹਤ ਫੰਡ 'ਚ ਪੰਜਾਬ ਹਿਤੈਸ਼ੀਆਂ ਵੱਲੋਂ ਭੇਜੀ ਗਈ 68 ਕਰੋੜ ਰੁਪਏ ਦੀ ਰਕਮ ਸਬੰਧੀ ਕਿਹਾ ਕਿ ਜੇਕਰ ਪੰਜਾਬ ਦੇ ਲੋਕਾਂ ਨੇ ਕੋਰੋਨਾ ਬੀਮਾਰੀ ਨਾਲ ਲੜਾਈ ਲੜਨ ਲਈ ਇਹ ਰਕਮ ਭੇਜੀ ਹੈ ਤਾਂ ਇਸ ਦੀ ਵਰਤੋਂ ਕੈਪਟਨ ਸਾਹਿਬ ਕਿਉਂ ਨਹੀਂ ਕਰ ਰਹੇ। ਕੈਪਟਨ ਉਸ ਪੈਸੇ ਨੂੰ ਬਚਾ ਕੇ ਆਪਣੀਆਂ ਚੋਣਾਂ ਲਈ ਰੱਖ ਰਹੇ ਹਨ, ਜਦਕਿ ਹਸਪਤਾਲਾਂ 'ਚ ਵੈਂਟੀਲੇਟਰਾਂ ਦੀ ਘਾਟ ਕਾਰਨ ਅਨੇਕਾਂ ਮਰੀਜ਼ ਆਪਣੀ ਜਾਨ ਤੋਂ ਹੱਥ ਧੋ ਰਹੇ ਹਨ। ਬੈਂਸ ਨੇ ਮੁੱਖ ਮੰਤਰੀ ਵੱਲੋਂ ਮੁੱਖ ਮੰਤਰੀ ਰਾਹਤ ਫੰਡ ਲਈ ਐੱਚ. ਡੀ. ਐੱਫ. ਸੀ. ਬੈਂਕ 'ਚ ਖਾਤਾ ਖੋਲ੍ਹਣ 'ਤੇ ਵੀ ਸਵਾਲ ਕੀਤਾ ਕਿ ਅਨੇਕਾਂ ਸਰਕਾਰੀ ਬੈਂਕ ਹਨ ਪਰ ਕੈਪਟਨ ਅਮਰਿੰਦਰ ਸਿੰÎਘ ਨੇ ਇਕ ਸਾਜ਼ਿਸ਼ ਤਹਿਤ ਪੈਸਿਆਂ ਦੀ ਹੇਰਾ-ਫੇਰੀ ਕਰਨ ਲਈ ਹੀ ਇਸ ਬੈਂਕ 'ਚ ਮੁੱਖ ਮੰਤਰੀ ਰਾਹਤ ਕੋਸ਼ ਫੰਡ ਲਈ ਖਾਤਾ ਖੋਲ੍ਹਿਆ ਹੈ। ਵਿਧਾਇਕ ਬੈਂਸ ਨੇ ਸਾਫ ਕਿਹਾ ਕਿ ਗੁਫਾ 'ਚ ਵੜ ਕੇ ਮੁੱਖ ਮੰਤਰੀ ਦੀ ਕੁਰਸੀ ਨਹੀਂ ਸੰਭਾਲੀ ਜਾ ਸਕਦੀ। ਇਸ ਲਈ ਕੈਪਟਨ ਸਾਹਿਬ ਨੂੰ ਗੁਫਾ 'ਚੋਂ ਬਾਹਰ ਆ ਕੇ ਲੋਕਾਂ ਦੀ ਰੱਖਿਆ ਕਰਨੀ ਚਾਹੀਦੀ ਹੈ।
ਮਾਨਸਾ ਜ਼ਿਲ੍ਹੇ ਦੀਆਂ ਪੰਚਾਇਤਾਂ ਦੀ ਮੰਗ, ਪੰਜਾਬ ਸਰਕਾਰ SSP ਭਾਰਗਵ ਤੇ ਮੋਫਰ ਨੂੰ ਦੇਵੇ ਸਨਮਾਨ
NEXT STORY