ਜਲੰਧਰ (ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀਰਵਾਰ ਨਵੀਂ ਦਿੱਲੀ ਸਥਿਤ ਇੰਦਰਾ ਗਾਂਧੀ ਕੌਮਾਂਤਰੀ ਹਵਾਈ ਅੱਡੇ ਤੋਂ ਲੰਡਨ ਲਈ ਰਵਾਨਾ ਹੋ ਗਏ ਹਨ, ਜਿੱਥੇ ਉਨ੍ਹਾਂ ਦੇ ਕਈ ਪ੍ਰੋਗਰਾਮ ਰੱਖੇ ਗਏ ਹਨ। ਕੈਪਟਨ ਦੀ ਵਤਨ ਵਾਪਸੀ 15 ਸਤੰਬਰ ਨੂੰ ਹੋਵੇਗੀ। 16 ਜਾਂ 17 ਨੂੰ ਉਹ ਚੰਡੀਗੜ੍ਹ ਪਰਤ ਆਉਣਗੇ। ਸਰਕਾਰੀ ਹਲਕਿਆਂ ਤੋਂ ਪਤਾ ਲੱਗਾ ਹੈ ਕਿ ਕੈਪਟਨ ਦੇ ਇੰਗਲੈਂਡ ਦੌਰੇ ਨੂੰ ਦੇਖਦੇ ਹੋਏ ਕਈ ਕਾਂਗਰਸੀ ਵਿਧਾਇਕ ਅਤੇ ਪਾਰਟੀ ਨੇਤਾ ਪਹਿਲਾਂ ਹੀ ਲੰਡਨ ਪਹੁੰਚ ਚੁੱਕੇ ਹਨ। ਪੰਜਾਬ ਸਰਕਾਰ ਵਲੋਂ ਪ੍ਰਵਾਸੀ ਨੌਜਵਾਨਾਂ ਨੂੰ ਆਪਣੀਆਂ ਜੜ੍ਹਾਂ ਨਾਲ ਜੋੜਨ ਲਈ 'ਕੰਨੈਕਟ ਟੂ ਰੂਟ' ਪ੍ਰੋਗਰਾਮ ਲੰਡਨ 'ਚ ਅਮਰਿੰਦਰ ਸਿੰਘ ਵਲੋਂ ਲਾਂਚ ਕੀਤਾ ਜਾ ਰਿਹਾ ਹੈ। ਪੰਜਾਬੀਆਂ ਦੀ ਵਿਦੇਸ਼ਾਂ 'ਚ ਵਸੀ ਦੂਜੀ, ਤੀਜੀ ਅਤੇ ਚੌਥੀ ਪੀੜ੍ਹੀ ਨੂੰ ਪੰਜਾਬ ਨਾਲ ਜੋੜਨ ਦੇ ਉਦੇਸ਼ ਨਾਲ ਹੀ ਨਵਾਂ ਪ੍ਰੋਗਰਾਮ ਸ਼ੁਰੂ ਕੀਤਾ ਜਾ ਰਿਹਾ ਹੈ। ਲੰਡਨ 'ਚ ਭਾਰਤੀ ਦੂਤਘਰ ਵਲੋਂ 13 ਸਤੰਬਰ ਨੂੰ ਲੰਡਨ ਦੇ ਇੰਡੀਆ ਹਾਊਸ 'ਚ ਪ੍ਰੋਗਰਾਮ ਰੱਖਿਆ ਗਿਆ ਹੈ।
ਸੂਬਾ ਸਰਕਾਰ ਵਲੋਂ ਸਾਰੇ ਪ੍ਰਬੰਧ ਭਾਰਤੀ ਦੂਤਘਰ ਰਾਹੀਂ ਕੀਤੇ ਜਾ ਰਹੇ ਹਨ। ਜਿਸ 'ਚ ਨਵਾਂ ਪ੍ਰੋਗਰਾਮ ਮੁੱਖ ਮੰਤਰੀ ਵਲੋਂ ਸ਼ੁਰੂ ਕੀਤਾ ਜਾਵੇਗਾ। ਇਸ ਪ੍ਰੋਗਰਾਮ ਦੀ ਸਫਲਤਾ ਤੋਂ ਬਾਅਦ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਜਿਹਾ ਹੀ ਪ੍ਰੋਗਰਾਮ ਅਮਰੀਕਾ, ਕੈਨੇਡਾ ਅਤੇ ਯੂਰਪ ਦੇ ਹੋਰ ਦੇਸ਼ਾਂ 'ਚ ਲਾਂਚ ਕਰਨਾ ਚਾਹੁੰਦੇ ਹਨ, ਜਿੱਥੇ ਭਾਰੀ ਗਿਣਤੀ 'ਚ ਪ੍ਰਵਾਸੀ ਪੰਜਾਬੀ ਵਸੇ ਹੋਏ ਹਨ। ਅਜਿਹਾ ਕਰ ਕੇ ਕਾਂਗਰਸ ਸਰਕਾਰ ਆਮ ਆਦਮੀ ਪਾਰਟੀ ਨੂੰ ਵੀ ਝਟਕਾ ਦੇਵੇਗੀ, ਜਿਸ ਨੂੰ ਪਿਛਲੀਆਂ ਵਿਧਾਨ ਸਭਾ ਚੋਣਾਂ 'ਚ ਵਿਦੇਸ਼ਾਂ ਤੋਂ ਸਮਰਥਨ ਮਿਲ ਰਿਹਾ ਸੀ। ਕੈਪਟਨ ਵਲੋਂ ਪ੍ਰਵਾਸੀ ਪੰਜਾਬੀਆਂ ਨੂੰ ਪੰਜਾਬ 'ਚ ਪੂੰਜੀ ਨਿਵੇਸ਼ ਕਰਨ ਲਈ ਵੀ ਸੱਦਾ ਦਿੱਤਾ ਜਾਵੇਗਾ ਅਤੇ ਨਾਲ ਹੀ ਪ੍ਰਵਾਸੀਆਂ ਨੂੰ ਕਿਹਾ ਜਾਵੇਗਾ ਕਿ ਸਰਕਾਰ ਉਨ੍ਹਾਂ ਦੀਆਂ ਜਾਇਦਾਦਾਂ ਦੀ ਸੁਰੱਖਿਆ ਕਰਨ ਲਈ ਤਿਆਰ ਹੈ।
ਕੈਪਟਨ ਦੀ ਸੁਰੱਖਿਆ ਰਹੇਗੀ ਫੁੱਲ ਪਰੂਫ
ਮੁੱਖ ਮੰਤਰੀ ਦੀ ਲੰਡਨ ਫੇਰੀ ਦੌਰਾਨ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਵੀ ਉਚਿਤ ਪ੍ਰਬੰਧ ਕੀਤੇ ਗਏ ਹਨ। ਉਨ੍ਹਾਂ ਦੇ ਸੁਰੱਖਿਆ ਸਲਾਹਕਾਰ ਖੂਬੀ ਰਾਮ ਅਤੇ ਪੰਜਾਬ ਪੁਲਸ ਦੇ ਕੁਝ ਉੱਚ ਅਧਿਕਾਰੀ ਵੀ ਮੁੱਖ ਮੰਤਰੀ ਨਾਲ ਇੰਗਲੈਂਡ ਦੌਰੇ 'ਤੇ ਗਏ ਹਨ। ਵਿਦੇਸ਼ਾਂ 'ਚ ਕਿਉਂਕਿ ਕਈ ਖਾਲਿਸਤਾਨੀ ਹਮਾਇਤੀ ਅਨਸਰ ਮੌਜੂਦ ਹਨ। ਇਸ ਲਈ ਸਰਕਾਰ ਮੁੱਖ ਮੰਤਰੀ ਦੀ ਸੁਰੱਖਿਆ ਨੂੰ ਲੈ ਕੇ ਕੋਈ ਵੀ ਜੋਖਿਮ ਲੈਣਾ ਨਹੀਂ ਚਾਹੁੰਦੀ ਹੈ।
ਵਿਦੇਸ਼ ਜਾਣ ਤੋਂ ਪਹਿਲਾਂ ਸਰਕਾਰੀ ਫਾਈਲਾਂ ਦਾ ਨਿਪਟਾਰਾ ਕੀਤਾ
ਮੁੱਖ ਮੰਤਰੀ ਨੇ ਇੰਗਲੈਂਡ ਦੌਰੇ ਲਈ ਰਵਾਨਾ ਹੋਣ ਤੋਂ ਪਹਿਲਾਂ ਦਿੱਲੀ 'ਚ ਸਰਕਾਰੀ ਫਾਈਲਾਂ ਦਾ ਨਿਪਟਾਰਾ ਕੀਤਾ। ਮੁੱਖ ਮੰਤਰੀ ਦੇ ਮੁੱਖ ਪ੍ਰਿੰਸੀਪਲ ਸਕੱਤਰ ਸੁਰੇਸ਼ ਕੁਮਾਰ ਅਤੇ ਐੱਮ. ਪੀ. ਸਿੰਘ ਇਸ ਮੌਕੇ 'ਤੇ ਮੁੱਖ ਮੰਤਰੀ ਨਾਲ ਸਨ ਅਤੇ ਉਨ੍ਹਾਂ ਨੇ ਜ਼ਰੂਰੀ ਕੰਮਕਾਜ ਦਾ ਨਿਪਟਾਰਾ ਕਰਵਾਇਆ। ਕਈ ਫਾਈਲਾਂ 'ਤੇ ਮੁੱਖ ਮੰਤਰੀ ਨੇ ਹਸਤਾਖਰ ਵੀ ਕੀਤੇ।
ਘੱਟ ਕੁਲੈਕਟਰ ਰੇਟ ਨਾਲ ਹੋਈਆਂ ਰਜਿਸਟਰੀਆਂ
NEXT STORY