ਲਹਿਰਾਗਾਗਾ (ਗਰਗ, ਦੀਪੂ)- ਪਿੰਡ ਝਲੂਰ ਦੀ ਪੰਚਾਇਤ ਵੱਲੋਂ ਸਰਪੰਚ ਗੁਰਵਿੰਦਰ ਸਿੰਘ ਸੂਚ ਦੀ ਅਗਵਾਈ ਹੇਠ ਪਤੰਗਬਾਜ਼ੀ ਖਿਲਾਫ ਮਤਾ ਪਾ ਕੇ ਪਿੰਡ ਅੰਦਰ ਦੁਕਾਨਾਂ ’ਤੇ ਚਾਈਨਾ ਡੋਰ, ਪਤੰਗ ਵੇਚਣ ਅਤੇ ਪਤੰਗ ਉਡਾਉਣ ’ਤੇ ਪੂਰਨ ਪਾਬੰਦੀ ਲਗਾਈ ਗਈ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਸਰਪੰਚ ਗੁਰਵਿੰਦਰ ਸਿੰਘ ਸੂਚ ਨੇ ਦੱਸਿਆ ਕਿ ਹਰ ਸਾਲ ਚਾਈਨਾ ਡੋਰ ਦੀ ਲਪੇਟ ’ਚ ਆਉਣ ਨਾਲ ਬਾਈਕ ਸਵਾਰਾਂ ਦੀਆਂ ਮੌਤਾਂ ਵੀ ਹੁੰਦੀਆਂ ਹਨ, ਬਹੁਤ ਸਾਰੀਆਂ ਖਬਰਾਂ ਚਾਈਨਾ ਡੋਰ ਨਾਲ ਜਾਂ ਪਤੰਗਬਾਜ਼ੀ ਦੌਰਾਨ ਮੌਤ ਹੋਣ ਜਾਂ ਜ਼ਖਮੀ ਹੋਣ ਦੀਆਂ ਸਾਹਮਣੇ ਆਈਆਂ ਹਨ ਜਿਸ ਨੂੰ ਗੰਭੀਰਤਾ ਨਾਲ ਲੈਂਦਿਆਂ ਪੰਚਾਇਤ ਵੱਲੋਂ ਇਹ ਮਤਾ ਪਾ ਕੇ ਪਿੰਡ ਅੰਦਰ ਦੁਕਾਨਾਂ ’ਤੇ ਚਾਈਨਾ ਡੋਰ, ਪਤੰਗ ਵੇਚਣ ਅਤੇ ਪਤੰਗਬਾਜ਼ੀ ਕਰਨ ’ਤੇ ਪੂਰਨ ਤੌਰ ’ਤੇ ਪਾਬੰਦੀ ਲਗਾਈ ਗਈ ਹੈ।
ਉਨ੍ਹਾਂ ਕਿਹਾ ਕਿ ਪਿੰਡ ਦੇ ਦੁਕਾਨਦਾਰਾਂ ਨੂੰ ਚਾਈਨਾ ਡੋਰ, ਪਤੰਗ ਨਾ ਵੇਚਣ ਦੀ ਅਪੀਲ ਕੀਤੀ ਗਈ ਹੈ। ਇਸ ਸਬੰਧੀ ਗੁਰਦੁਆਰਾ ਸਾਹਿਬ ਵਿਖੇ ਅਨਾਊਂਸਮੈਂਟ ਕਰਵਾ ਕੇ ਪਿੰਡ ਵਾਸੀਆਂ ਨੂੰ ਜਾਣੂ ਕਰਵਾਇਆ ਗਿਆ ਹੈ ਫਿਰ ਵੀ ਜੇਕਰ ਕੋਈ ਚਾਈਨਾ ਡੋਰ, ਪਤੰਗ ਵੇਚੇਗਾ ਜਾਂ ਪਤੰਗ ਚੜਾਵੇਗਾ ਤਾਂ ਉਸ ਖਿਲਾਫ ਕਾਰਵਾਈ ਕਰਨ ਲਈ ਪ੍ਰਸ਼ਾਸਨ ਨੂੰ ਲਿਖਿਆ ਜਾਵੇਗਾ ।
ਪਿੰਡ ਵਾਸੀ ਗੁਰਦੀਪ ਸਿੰਘ ਨੰਬਰਦਾਰ, ਹਰਦੇਵ ਸਿੰਘ ਕਾਲਾ, ਮੋਹਣ ਸਿੰਘ , ਜਗਤਾਰ ਸਿੰਘ ਸਾਬਕਾ ਪੰਚ, ਮੱਖਣ ਸਿੰਘ ਨੰਬਰਦਾਰ, ਭੀਮ ਸਿੰਘ ਸੂਚ, ਰਿੰਕੂ ਗੋਇਲ, ਅਵਤਾਰ ਸਿੰਘ ਖਾਲਸਾ ਵੱਲੋਂ ਪੰਚਾਇਤ ਵੱਲੋਂ ਖੂਨੀ ਚਾਈਨਾ ਡੋਰ ਤੇ ਪਤੰਗਬਾਜ਼ੀ ਖਿਲਾਫ ਪਾਏ ਮਤੇ ਦੀ ਸ਼ਲਾਘਾ ਕੀਤੀ ਗਈ ਅਤੇ ਪੰਚਾਇਤ ਨੂੰ ਹਰ ਪੱਧਰ ’ਤੇ ਸਹਿਯੋਗ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ 2017 ’ਚ ਨੈਸ਼ਨਲ ਗ੍ਰੀਨ ਟ੍ਰਿਬਿਊਨਲ ਵੱਲੋਂ ਚਾਈਨਾ ਡੋਰ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾਏ ਜਾਣ ਦੇ 8 ਸਾਲ ਬਾਅਦ ਵੀ ਸਰਕਾਰ ਅਤੇ ਪ੍ਰਸ਼ਾਸਨ ਇਸ ਦੀ ਖਰੀਦ-ਵੇਚ ਨੂੰ ਰੋਕਣ ’ਚ ਅਸਫਲ ਰਿਹਾ ਹੈ। ਇਸ ਮੌਕੇ ਪੰਚਾਇਤ ਮੈਂਬਰ ਰਾਜ ਸਿੰਘ, ਜਗਤਾਰ ਸਿੰਘ, ਬਲਵੀਰ ਸਿੰਘ, ਗਿੰਦਰ ਸਿੰਘ, ਮਨਪ੍ਰੀਤ ਕੌਰ, ਮਨਦੀਪ ਕੌਰ ਵੀ ਹਾਜ਼ਰ ਸਨ।
ਬੇਰੋਜ਼ਗਾਰਾਂ ਵੱਲੋਂ CM ਸਿਟੀ ਸੰਗਰੂਰ ’ਚ ਕੀਤਾ ਰੋਸ ਮਾਰਚ
NEXT STORY