ਮਾਛੀਵਾੜਾ ਸਾਹਿਬ (ਟੱਕਰ, ਸਚਦੇਵਾ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਪਿਛਲੀ ਅਕਾਲੀ-ਭਾਜਪਾ ਸਰਕਾਰ ਦੇ ਮੁਕਾਬਲੇ ਆਪਣੀ ਸਰਕਾਰ ਵਿਚ ਕਰੋੜਾਂ ਰੁਪਏ ਦੀਆਂ ਨਵੀਆਂ ਰੇਤ ਖੱਡਾਂ ਨਿਲਾਮ ਕੀਤੀਆਂ ਗਈਆਂ, ਤਾਂ ਜੋ ਸਰਕਾਰੀ ਖਜ਼ਾਨੇ ਨੂੰ ਭਰਿਆ ਜਾ ਸਕੇ ਪਰ ਕੈਪਟਨ ਦਾ ਇਹ ਸੁਪਨਾ ਚੂਰ-ਚੂਰ ਹੁੰਦਾ ਦਿਖਾਈ ਦੇ ਰਿਹਾ ਹੈ ਕਿਉਂਕਿ ਹੁਣ ਰੇਤ ਠੇਕੇਦਾਰਾਂ ਨੇ ਮਹਿੰਗੀਆਂ ਖੱਡਾਂ ਨਿਲਾਮੀ ਰਾਹੀਂ ਲੈ ਤਾਂ ਲਈਆਂ ਪਰ ਹੁਣ ਪੈ ਰਹੇ ਘਾਟੇ ਕਾਰਨ ਉਸਦੀ ਬਣਦੀ ਕਰੋੜਾਂ ਰੁਪਏ ਕਿਸ਼ਤ ਦੀ ਅਦਾਇਗੀ ਨਹੀਂ ਕੀਤੀ ਜਾ ਰਹੀ।
ਜਾਣਕਾਰੀ ਅਨੁਸਾਰ ਮਾਛੀਵਾੜਾ ਨੇੜੇ ਵਗਦੇ ਸਤਲੁਜ ਦਰਿਆ ਵਿਚ ਨਵਾਂਸ਼ਹਿਰ ਜ਼ਿਲੇ ਦੀਆਂ 4 ਸਰਕਾਰੀ ਰੇਤ ਖੱਡਾਂ ਹਨ, ਜਿਨ੍ਹਾਂ ਵਿਚੋਂ ਸਿਰਫ ਲਾਲੇਵਾਲ ਪਿੰਡ ਦੀ ਸਰਕਾਰੀ ਖੱਡ ਦੀ ਠੇਕੇਦਾਰ ਵਲੋਂ ਅਦਾਇਗੀ ਕੀਤੀ ਗਈ ਹੈ ਜਦਕਿ 2 ਹੋਰ ਠੇਕੇਦਾਰਾਂ 'ਤੇ ਵਿਭਾਗ ਵਲੋਂ ਸਖਤੀ ਵਰਤਣ ਕਾਰਨ ਫਿਲਹਾਲ ਤਰੀਕਾਂ ਪਾ ਕੇ ਚੈੱਕ ਦੇ ਦਿੱਤੇ ਗਏ ਹਨ। ਜ਼ਿਲਾ ਨਵਾਂਸ਼ਹਿਰ ਵਿਚ ਵੀ ਪਿੰਡ ਮਲਕਪੁਰ ਦੀ ਸਰਕਾਰੀ ਖੱਡ, ਜੋ ਕਿ ਇਕ ਕਾਂਗਰਸੀ ਆਗੂ ਦੀ ਛਤਰ-ਛਾਇਆ ਹੇਠ ਚੱਲਦੀ ਹੈ, ਬੇਨਿਯਮੀਆਂ ਕਾਰਨ ਸੁਰਖੀਆਂ 'ਚ ਰਹੀ ਤੇ ਹੁਣ ਇਸ ਠੇਕੇਦਾਰ ਵਲੋਂ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ ਤੇ ਕੈਪਟਨ ਅਮਰਿੰਦਰ ਸਿੰਘ ਦੇ ਨਾਜਾਇਜ਼ ਮਾਈਨਿੰਗ ਖਿਲਾਫ ਸਖ਼ਤੀ ਦੇ ਹੁਕਮਾਂ 'ਤੇ ਸਵਾਲੀਆ ਨਿਸ਼ਾਨ ਲਾ ਦਿੱਤਾ ਹੈ। ਜਾਣਕਾਰੀ ਅਨੁਸਾਰ ਜ਼ਿਲਾ ਨਵਾਂਸ਼ਹਿਰ ਦੇ ਪਿੰਡ ਮਲਕਪੁਰ ਦੀ ਇਹ ਸਰਕਾਰੀ ਰੇਤ ਖੱਡ 4 ਕਰੋੜ 20 ਲੱਖ ਰੁਪਏ ਪ੍ਰਤੀ ਸਾਲ ਵਿਚ ਨਿਲਾਮ ਹੋਈ ਤੇ ਇਸਦੀ ਤਿਮਾਹੀ ਕਿਸ਼ਤ 1 ਕਰੋੜ 5 ਲੱਖ ਰੁਪਏ ਬਣਦੀ ਹੈ। ਠੇਕੇਦਾਰ ਵਲੋਂ 15 ਜਨਵਰੀ ਤਕ ਰਕਮ ਜਮ੍ਹਾ ਕਰਵਾਈ ਜਾਣੀ ਸੀ ਪਰ ਉਸਨੇ ਅਦਾਇਗੀ ਨਾ ਕੀਤੀ। ਨਵਾਂਸ਼ਹਿਰ ਮਾਈਨਿੰਗ ਵਿਭਾਗ ਵਲੋਂ ਮਲਕਪੁਰ ਰੇਤ ਠੇਕੇਦਾਰ ਨੂੰ ਪੱਤਰ ਜਾਰੀ ਕੀਤਾ ਗਿਆ ਕਿ ਜਦੋਂ ਤਕ ਬਣਦੀ ਕਿਸ਼ਤ ਅਦਾ ਨਹੀਂ ਕੀਤੀ ਜਾਂਦੀ, ਉਦੋਂ ਤਕ ਰੇਤ ਖੱਡ ਬੰਦ ਕਰ ਦਿੱਤੀ ਜਾਵੇ ਤੇ ਇਸ ਸਬੰਧੀ ਵਿਭਾਗ ਨੇ ਇਕ ਪੱਤਰ ਪੁਲਸ ਨੂੰ ਵੀ ਜਾਰੀ ਕੀਤਾ ਕਿ ਇਹ ਰੇਤ ਦੀ ਖੱਡ ਬੰਦ ਕਰ ਦਿੱਤੀ ਗਈ ਹੈ।
ਸੱਤਾ ਧਿਰ ਦੇ ਆਗੂਆਂ ਦੀ ਛਤਰ-ਛਾਇਆ ਹੇਠ ਚੱਲਦੀ ਇਸ ਰੇਤ ਦੀ ਖੱਡ ਦੇ ਠੇਕੇਦਾਰ ਨੇ ਮਾਈਨਿੰਗ ਵਿਭਾਗ ਦੇ ਹੁਕਮਾਂ ਦੀ ਪ੍ਰਵਾਹ ਨਾ ਕਰਦਿਆਂ ਸਤਲੁਜ ਦਰਿਆ 'ਚੋਂ ਨਾਜਾਇਜ਼ ਮਾਈਨਿੰਗ ਜਾਰੀ ਰੱਖੀ ਤੇ ਕੰਪਿਊਟਰ ਰਾਹੀਂ ਪਰਚੀਆਂ ਵੀ ਕੱਢਣੀਆਂ ਸ਼ੁਰੂ ਕਰ ਦਿੱਤੀਆਂ, ਜਿਸ ਉਪਰ ਮਾਈਨਿੰਗ ਵਿਭਾਗ ਦੀ ਮੋਹਰ ਵੀ ਲੱਗੀ ਹੋਈ ਸੀ ਜਦਕਿ ਨਿਯਮਾਂ ਅਨੁਸਾਰ ਸਰਕਾਰੀ ਰੇਤ ਦੀ ਖੱਡ ਬੰਦ ਹੋਣ ਕਾਰਨ ਨਾ ਤਾਂ ਰੇਤਾ ਦੀ ਮਾਈਨਿੰਗ ਹੋ ਸਕਦੀ ਹੈ ਤੇ ਨਾ ਹੀ ਵਿਭਾਗ ਦੀ ਪਰਚੀ ਨਿਕਲ ਸਕਦੀ ਹੈ। ਕਿਸ਼ਤ ਅਦਾ ਕੀਤੇ ਬਿਨਾਂ ਹੀ ਰੇਤ ਠੇਕੇਦਾਰ ਵਲੋਂ ਜਿਥੇ ਜਾਅਲੀ ਪਰਚੀਆਂ ਕੱਢੀਆਂ ਗਈਆਂ, ਉਥੇ ਹੀ ਪੰਜਾਬ ਸਰਕਾਰ ਦੇ ਖਜ਼ਾਨੇ ਨੂੰ ਵੀ ਚੂਨਾ ਲਾ ਕੇ ਰੇਤ ਦੀ ਕਮਾਈ ਆਪਣੀ ਜੇਬ ਵਿਚ ਪਾਈ ਜਾ ਰਹੀ ਹੈ।
ਕੀ ਕਹਿਣਾ ਹੈ ਮਾਈਨਿੰਗ ਵਿਭਾਗ ਦਾ
ਜ਼ਿਲਾ ਨਵਾਂਸ਼ਹਿਰ ਦੇ ਅਧਿਕਾਰੀ ਸੁਰਿੰਦਰ ਨਾਲ ਜਦੋਂ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਮਲਕਪੁਰ ਦੀ ਸਰਕਾਰੀ ਰੇਤ ਖੱਡ ਕਿਸ਼ਤ ਦੀ ਅਦਾਇਗੀ ਨਾ ਹੋਣ ਕਾਰਨ ਬੰਦ ਕਰਵਾ ਦਿੱਤੀ ਗਈ ਹੈ। ਜਦੋਂ ਉਨ੍ਹਾਂ ਨੂੰ ਦੱਸਿਆ ਗਿਆ ਕਿ ਮਲਕਪੁਰ ਸਰਕਾਰੀ ਰੇਤ ਖੱਡ 'ਚੋਂ ਜਿਥੇ ਮਾਈਨਿੰਗ ਕੀਤੀ ਜਾ ਰਹੀ ਹੈ ਉਥੇ ਵਿਭਾਗ ਦੀਆਂ ਪਰਚੀਆਂ ਵੀ ਕੰਪਿਊਟਰਾਈਜ਼ਡ ਕੱਢੀਆਂ ਜਾ ਰਹੀਆਂ ਹਨ ਤਾਂ ਉਨ੍ਹਾਂ ਕਿਹਾ ਕਿ ਇਹ ਸੰਭਵ ਨਹੀਂ ਹੋ ਸਕਦਾ ਕਿਉਂਕਿ ਜੇਕਰ ਖੱਡ ਬੰਦ ਹੈ ਤਾਂ ਪਰਚੀਆਂ ਨਿਕਲ ਨਹੀਂ ਸਕਦੀਆਂ। ਉਨ੍ਹਾਂ ਕਿਹਾ ਕਿ ਵਿਭਾਗ ਵਲੋਂ ਤੁਰੰਤ ਪੁਲਸ ਨੂੰ ਨਾਲ ਲੈ ਕੇ ਇਹ ਰੇਤ ਖੱਡ ਬੰਦ ਕਰਵਾ ਦਿੱਤੀ ਜਾਵੇਗੀ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ।
ਨਸ਼ੀਲੀਆਂ ਗੋਲੀਆਂ ਸਣੇ ਕਾਬੂ
NEXT STORY