ਜਲੰਧਰ/ਨਵੀਂ ਦਿੱਲੀ—ਦਿੱਲੀ ਦੇ ਰਾਜੌਰੀ ਗਾਰਡਨ ਤੋਂ ਅਕਾਲੀ ਦਲ ਦੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਉਸ ਨੌਜਵਾਨ ਦੇ ਹੱਕ 'ਚ ਸਿੱਧੇ ਤੌਰ 'ਤੇ ਉਤਰ ਆਏ ਹਨ, ਜੋ ਕਿ ਬੀਤੇ ਦਿਨੀਂ ਵਾਇਰਲ ਹੋਈ ਇਕ ਵੀਡੀਓ 'ਚ ਇਕ ਪੁਲਸ ਮੁਲਾਜ਼ਮ ਨੂੰ ਅੰਮ੍ਰਿਤਧਾਰੀ ਲੜਕੀਆਂ ਨਾਲ ਛੇੜਛਾੜ ਅਤੇ ਗਲਤ ਵਿਵਹਾਰ ਦੇ ਦੋਸ਼ 'ਚ ਕੁੱਟਦਾ ਨਜ਼ਰ ਆਇਆ। ਇਸ ਸਬੰਧੀ ਜਗ ਬਾਣੀ ਨਾਲ ਗੱਲਬਾਤ ਕਰਦਿਆਂ ਅਕਾਲੀ ਵਿਧਾਇਕ ਨੇ ਕਿਹਾ ਕਿ ਉਨ੍ਹਾਂ ਨੇ ਨਿੱਜੀ ਤੌਰ 'ਤੇ ਇਸ ਸਬੰਧੀ ਡੀ. ਜੀ. ਪੀ. ਸੁਰੇਸ਼ ਅਰੋੜਾ ਨਾਲ ਫੋਨ 'ਤੇ ਗੱਲਬਾਤ ਕੀਤੀ ਅਤੇ ਉਨ੍ਹਾਂ ਨੂੰ ਅਪੀਲ ਕੀਤੀ ਕਿ ਮਾਮਲੇ ਦੀ ਜਾਂਚ ਕਰਨ ਉਪਰੰਤ ਪੁਲਸ ਮੁਲਾਜ਼ਮ ਖਿਲਾਫ ਕਾਰਵਾਈ ਕੀਤੀ ਜਾਵੇ ਨਾ ਕਿ ਉਸ ਨੌਜਵਾਨ ਖਿਲਾਫ ਜਿਸ ਨੇ ਇਸ ਘਟਨਾ ਦਾ ਵਿਰੋਧ ਕੀਤਾ। ਸਿਰਸਾ ਨੇ ਕਿਹਾ ਕਿ ਜਸਵਿੰਦਰ ਸਿੰਘ ਦੇ ਗੁਆਂਢੀਆਂ ਨੇ ਫੋਨ 'ਤੇ ਉਨ੍ਹਾਂ ਨੂੰ ਦੱਸਿਆ ਕਿ ਪੁਲਸ ਵਲੋਂ ਜਸਵਿੰਦਰ ਅਤੇ ਉਸ ਦੇ ਪਰਿਵਾਰ ਦੀ ਭਾਲ ਕੀਤੀ ਜਾ ਰਹੀ ਹੈ। ਕਿਸੇ ਨਾਲ ਵੀ ਬੇਇਨਸਾਫੀ ਨਹੀਂ ਹੋਣੀ ਚਾਹੀਦੀ। ਸਿਰਸਾ ਨੇ ਦੱਸਿਆ ਕਿ ਇਸ 'ਤੇ ਡੀ.ਜੀ.ਪੀ. ਨੇ ਭਰੋਸਾ ਦਿਵਾਇਆ ਕਿ ਮਾਮਲੇ 'ਚ ਜਾਂਚ ਉਪਰੰਤ ਜੋ ਵੀ ਦੋਸ਼ੀ ਪਾਇਆ ਗਿਆ ਉਸ ਖਿਲਾਫ ਕਾਰਵਾਈ ਹੋਵੇਗੀ ਕਿਸੇ ਨਾਲ ਬੇਇਨਸਾਫੀ ਨਹੀਂ ਹੋਵੇਗੀ।
ਦੱਸ ਦੇਈਏ ਕਿ ਇਸ ਵੀਡੀਓ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਮਨਜਿੰਦਰ ਸਿੰਘ ਸਿਰਸਾ ਨੇ ਵੀ ਆਪਣੇ ਫੇਸਬੁੱਕ ਪੇਜ 'ਤੇ ਸ਼ੇਅਰ ਕੀਤਾ ਅਤੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੋਂ ਦੋਸ਼ੀ ਪੁਲਸ ਮੁਲਾਜ਼ਮ ਖਿਲਾਫ ਛੇਤੀ ਤੋਂ ਛੇਤੀ ਸਖ਼ਤ ਕਾਰਵਾਈ ਕਰਨ ਦੀ ਮੰਗ ਕੀਤੀ।
ਜ਼ਿਕਰਯੋਗ ਹੈ ਕਿ ਸੰਗਰੂਰ ਤੋਂ ਪਾਤੜਾ ਆ ਰਹੀ ਪੀ. ਆਰ. ਟੀ. ਸੀ. ਦੀ ਬੱਸ ਵਿਚ ਸਵਾਰ ਇਕ ਪੁਲਸ ਮੁਲਾਜ਼ਮ ਨੇ ਅੰਮ੍ਰਿਤਧਾਰੀ ਕੁੜੀਆਂ ਨਾਲ ਬੇਹੱਦ ਘਟੀਆ ਹਰਕਤ ਕੀਤੀ ਅਤੇ ਉਨ੍ਹਾਂ ਨੂੰ ਗਾਲ੍ਹਾਂ ਕੱਢਦੇ ਹੋਏ ਬੇਹੱਦ ਘਟੀਆ ਸ਼ਬਦਾਵਲੀ ਦੀ ਵਰਤੋਂ ਕੀਤੀ, ਜਿਸ ਤੋਂ ਬਾਅਦ ਉੱਥੇ ਮੌਜੂਦ ਇਕ ਨੌਜਵਾਨ ਨੇ ਉਸ ਨੂੰ ਸੜਕ 'ਤੇ ਧੂਹ-ਧੂਹ ਕੇ ਕੁੱਟਿਆ ਸੀ। ਪੁਲਸ ਵਾਲੇ ਦੀ ਕੁੱਟਮਾਰ ਦੀ ਇਹ ਵੀਡੀਓ ਅਜੇ ਵੀ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀ ਹੈ।ਇਸ ਵੀਡੀਓ ਦੇ ਆਧਾਰ 'ਤੇ ਪੁਲਸ ਨੌਜਵਾਨ ਜਸਵਿੰਦਰ ਸਿੰਘ ਦੀ ਭਾਲ ਕਰ ਰਹੀ ਹੈ।
ਪਟਿਆਲਾ 'ਚ 3 ਹਥਿਆਰਬੰਦ ਨੌਜਵਾਨਾਂ ਨੇ ਪੈਟਰੋਲ ਪੰਪ ਕਰਮਚਾਰੀ ਤੋਂ ਲੁੱਟੇ ਪੈਸੇ
NEXT STORY