ਪਟਿਆਲਾ (ਬਲਜਿੰਦਰ) - ਥਾਣਾ ਸਦਰ ਸਮਾਣਾ ਅਧੀਨ ਪੈਂਦੇ ਇਲਾਕੇ ਰਾਮ ਨਗਰ ਵਿਖੇ ਜ਼ਿਲਾ ਸੰਗਰੂਰ ਦੇ ਬਾਗੜੀਆਂ ਪਿੰਡ ਦੇ ਰਹਿਣ ਵਾਲੇ ਸਤਨਾਮ ਸਿੰਘ ਸੱਤੂ ਦੀ ਹੋਈ ਮੌਤ ਨੂੰ ਅੱਜ ਕਤਲ ਕਰਾਰ ਦਿੰਦੇ ਹੋਏ ਸਰਕਾਰੀ ਰਾਜਿੰਦਰਾ ਹਸਪਤਾਲ ਦੀ ਮੋਰਚਰੀ 'ਚੋਂ ਪਰਿਵਾਰਕ ਮੈਂਬਰਾਂ ਨੇ ਲਾਸ਼ ਚੁੱਕਣ ਤੋਂ ਇਨਕਾਰ ਕਰ ਦਿੱਤਾ। ਸਤਨਾਮ ਦੇ ਰਿਸ਼ਤੇਦਾਰ ਅਤੇ ਲੋਕ ਮੋਰਚਰੀ ਵਿਚ ਇਕੱਠਾ ਹੋ ਗਏ । ਪੁਲਸ 'ਤੇ ਸ਼ਰਾਬ ਦੇ ਕਰਿੰਦੇ ਦੇ ਠੇਕੇਦਾਰਾਂ ਨੂੰ ਬਚਾਉਣ ਦਾ ਦੋਸ਼ ਲਗਾÎਉਂਦੇ ਹੋਏ ਉਨ੍ਹਾਂ ਕਿਹਾ ਕਿ ਮ੍ਰਿਤਕ ਸਤਨਾਮ ਸਿੰਘ ਸੱਤੂ ਅਤੇ ਕਾਕਾ ਸਿੰਘ 'ਤੇ ਸ਼ਰਾਬ ਦੇ ਠੇਕੇਦਾਰ ਦੇ ਕਰਿੰਦਿਆਂ ਨੇ ਰਾਡਾਂ ਅਤੇ ਕਿਰਪਾਨਾਂ ਨਾਲ ਹਮਲਾ ਕੀਤਾ ਸੀ, ਜਿਸ ਨਾਲ ਸੱਤੂ ਦੀ ਮੌਤ ਹੋ ਗਈ ਅਤੇ ਕਾਕਾ ਸਿੰਘ ਜ਼ਖਮੀ ਹੋ ਗਿਆ। ਸੱਤੂ ਦੇ ਪਰਿਵਾਰ ਵਾਲਿਆਂ ਨੇ ਮੋਰਚਰੀ 'ਚ ਰੋਸ ਪ੍ਰਗਟਾਉਣ ਤੋਂ ਬਾਅਦ ਜਿਉਂ ਹੀ ਸੰਗਰੂਰ ਰੋਡ 'ਤੇ ਜਾਮ ਦੀ ਤਿਆਰੀ ਕੀਤੀ ਤਾਂ ਐੱਸ. ਪੀ.ਸਿਟੀ ਕੇਸਰ ਸਿੰਘ ਪੁਲਸ ਪਾਰਟੀ ਸਮੇਤ ਪਹੁੰਚ ਗਏ ਅਤੇ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਭਰੋਸਾ ਦਿੱਤਾ ਕਿ ਇਸ ਮਾਮਲੇ 'ਚ ਜਿਸ ਦਾ ਵੀ ਦੋਸ਼ ਸਾਹਮਣੇ ਆਇਆ, ਉਸ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ। ਸੱਤੂ ਦੇ ਇਕ ਰਿਸ਼ਤੇਦਾਰ ਰਾਹੁਲ ਨੇ ਦੱਸਿਆ ਕਿ ਪੁਲਸ ਨੇ ਉਨ੍ਹਾਂ ਤੋਂ ਦੋਸ਼ੀਆਂ ਦੀ ਸੂਚੀ ਮੰਗੀ ਸੀ ਅਤੇ ਉਨ੍ਹਾਂ ਨੇ ਸੁਚੀ ਸੌਂਪ ਦਿੱਤੀ ਹੈ। ਰਾਹੁਲ ਨੇ ਕਿਹਾ ਕਿ ਜੇਕਰ ਪੁਲਸ ਨੇ ਦੋਸ਼ੀਆਂ ਖਿਲਾਫ ਕਾਰਵਾਈ ਨਾ ਕੀਤੀ ਤਾਂ ਉਹ ਸੜਕਾਂ 'ਤੇ ਉਤਰਨ ਲਈ ਮਜਬੂਰ ਹੋਣਗੇ। ਪੁਲਸ ਭਰੋਸੇ ਤੋਂ ਬਾਅਦ ਲਾਸ਼ ਦਾ ਪੋਸਟਮਾਰਟਮ ਤੋਂ ਬਾਅਦ ਸਸਕਾਰ ਲਈ ਪਰਿਵਾਰ ਵਾਲੇ ਤਿਆਰ ਹੋਏ।
ਪੁਲਸ ਮੁਲਾਜ਼ਮਾਂ ਨੇ ਅਧਿਕਾਰੀਆਂ ਸਾਹਮਣੇ ਰੱਖੇ ਸੁਝਾਅ
NEXT STORY