ਬੁਢਲਾਡਾ (ਬਾਂਸਲ)-ਪਿੰਡ ਦਾਤੇਵਾਸ ਵਿਖੇ ਜ਼ਮੀਨ ਦੇ ਕਬਜ਼ੇ ਨੂੰ ਲੈ ਕੇ ਵਹਾਉਣ ਸਮੇਂ ਫਾਇਰਿੰਗ ਦੌਰਾਨ ਦੋ ਧਿਰਾਂ 'ਚ ਝਗੜੇ ਦੌਰਾਨ ਇਕ ਔਰਤ ਸਮੇਤ ਤਿੰਨ ਵਿਅਕਤੀਆਂ ਦੇ ਜ਼ਖਮੀ ਹੋਣ ਦੇ ਮਾਮਲੇ 'ਚ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਤੇ ਉਸ ਦੇ ਪੁੱਤਰ ਵਿਕਰਮਜੀਤ ਸਿੰਘ ਅਤੇ ਭਰਾ ਕਰਨੈਲ ਸਿੰਘ ਸਮੇਤ ਵਿਰੋਧੀ ਧਿਰ ਦੇ 10 ਵਿਅਕਤੀਆਂ ਖਿਲਾਫ ਧਾਰਾ 307, 447, 511, 427, 336 ਆਰਮ ਐਕਟ ਤਹਿਤ ਇਰਾਦਾ ਕਤਲ ਦਾ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਐੱਸ. ਐੱਚ. ਓ. ਸਦਰ ਇੰਸਪੈਕਟਰ ਜਗਤਾਰ ਸਿੰਘ ਨੇ ਦੱਸਿਆ ਕਿ ਦੋਵੇਂ ਧਿਰਾਂ ਦੇ ਬਿਆਨ ਕਲਮਬੰਦ ਕਰ ਲਏ ਗਏ ਹਨ ਤੇ ਦੋਵਾਂ ਖਿਲਾਫ ਕ੍ਰਾਸ ਕੇਸ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ। ਉਨ੍ਹਾਂ ਕਿਹਾ ਕਿ ਇਸ ਮਾਮਲੇ ਦੀ ਤਫਤੀਸ਼ ਸਹਾਇਕ ਥਾਣੇਦਾਰ ਗੁਰਦਰਸ਼ਨ ਸਿੰਘ ਮਾਨ ਕਰ ਰਹੇ ਹਨ।
ਵਰਨਣਯੋਗ ਹੈ ਕਿ ਬੀਤੇ ਕੱਲ ਪਿੰਡ ਦਾਤੇਵਾਸ ਵਿਖੇ ਜ਼ਮੀਨ ਸਬੰਧੀ ਝਗੜਾ ਚਲਦਾ ਹੈ, ਜਿਸ ਦਾ ਕੇਸ ਪੰਜਾਬ-ਹਰਿਆਣਾ ਹਾਈ ਕੋਰਟ 'ਚ ਵਿਚਾਰ ਅਧੀਨ ਹੈ ਕਿ ਪਿੰਡ ਦੀ ਪੰਚਾਇਤ ਦੇ ਮੈਂਬਰ ਪੰਚ ਗੁਰਜੀਤ ਸਿੰਘ, ਰਣਜੀਤ ਸਿੰਘ ਤੇ ਉਸ ਦੇ ਲਗਭਗ 50-60 ਸਾਥੀਆਂ ਵਲੋਂ ਜਿਥੇ 56 ਕਨਾਲ ਜ਼ਮੀਨ 'ਤੇ ਕਬਜ਼ੇ ਦੌਰਾਨ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਤੇ ਉਸ ਦੇ ਪੁੱਤਰ ਵਿਕਰਮਜੀਤ ਸਿੰਘ ਦਾਤੇਵਾਸ ਅਤੇ ਖੇਤ 'ਚ ਕੰਮ ਕਰਦੀ ਸੁਰਜੀਤ ਕੌਰ 'ਤੇ ਗੋਲੀਆਂ ਚਲਾ ਕੇ ਕਾਤਲਾਨਾ ਹਮਲਾ ਕਰ ਦਿੱਤਾ, ਜਿਸ 'ਚ ਵਿਧਾਇਕ ਵਾਲ-ਵਾਲ ਬਚ ਗਏ ਜਦੋਂਕਿ ਉਨ੍ਹਾਂ ਦਾ ਪੁੱਤਰ ਤੇ ਖੇਤ 'ਚ ਕੰਮ ਕਰਦੀ ਸੁਰਜੀਤ ਕੌਰ ਜ਼ਖਮੀ ਹੋ ਗਏ ਤੇ ਫਾਇੰਰਿੰਗ ਦੌਰਾਨ ਸਾਬਕਾ ਵਿਧਾਇਕ ਦੇ ਪੁੱਤਰ ਦੀ ਗੱਡੀ ਵੀ ਨੁਕਸਾਨੀ ਗਈ। ਜ਼ੇਰੇ ਇਲਾਜ ਵਿਕਰਮਜੀਤ ਸਿੰਘ ਨੇ ਦੱਸਿਆ ਕਿ ਉਪਰੋਕਤ ਜ਼ਮੀਨ ਦਾ ਕੇਸ ਹਾਈ ਕੋਰਟ 'ਚ ਚੱਲ ਰਿਹਾ ਹੈ ਪਰ ਸਰਕਾਰ ਦੀ ਸ਼ਹਿ 'ਤੇ ਸ਼ਰੇਆਮ ਗੁੰਡਾਗਰਦੀ ਕੀਤੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਜ਼ਮੀਨ 'ਚ ਦਾਖਲ ਹੁੰਦਿਆਂ ਹੀ ਪੰਚਾਇਤ ਤੇ ਮੈਂਬਰ ਸਣੇ ਵਿਅਕਤੀਆਂ ਵੱਲੋਂ ਫਾਇਰਿੰਗ ਸ਼ੁਰੂ ਕਰ ਦਿੱਤੀ ਗਈ ਤੇ ਰਾਡਾਂ ਸੋਟੀਆਂ ਨਾਲ ਹਮਲਾ ਕਰ ਦਿੱਤਾ। ਜਿਥੇ ਮੈਂ ਅਤੇ ਮੇਰੇ ਪਿਤਾ ਸਾਬਕਾ ਵਿਧਾਇਕ ਹਰਬੰਤ ਸਿੰਘ ਦਾਤੇਵਾਸ ਨੇ ਭੱਜ ਕੇ ਜਾਨ ਬਚਾਈ।
ਦੂਸਰੇ ਪਾਸੇ ਪੰਚ ਗੁਰਜੀਤ ਸਿੰਘ ਨੇ ਦੱਸਿਆ ਕਿ ਇਹ ਜ਼ਮੀਨ ਪੰਚਾਇਤੀ ਹੈ ਅਸੀਂ ਇਸ ਜ਼ਮੀਨ ਨੂੰ ਜਦੋਂ ਕਬਜ਼ੇ 'ਚ ਲੈਣ ਗਏ ਤਾਂ ਵਿਧਾਇਕ ਅਤੇ ਉਸ ਦੇ ਪੁੱਤਰ ਨੇ ਗੱਡੀ 'ਚੋਂ ਫਾਇਰਿੰਗ ਸ਼ੁਰੂ ਕਰ ਦਿੱਤੀ, ਜਿਸ 'ਚ ਉਹ ਜ਼ਖਮੀ ਹੋ ਗਏ। ਇਸ ਸਬੰਧੀ ਪੁਲਸ ਨੂੰ ਸੂਚਿਤ ਕਰ ਦਿੱਤਾ ਗਿਆ ਸੀ।
ਬਜ਼ੁਰਗ ਔਰਤ ਦੀਆਂ ਸੋਨੇ ਦੀਆਂ ਵਾਲੀਆਂ ਝਪਟੀਆਂ
NEXT STORY