ਜਲੰਧਰ (ਬਿਊਰੋ) : ਸੋਸ਼ਲ ਮੀਡੀਆ 'ਤੇ ਠੱਗੀ ਮਾਰਨ ਦੇ ਨਿੱਤ ਨਵੇਂ ਮਾਮਲੇ ਸਾਹਮਣੇ ਆ ਰਹੇ ਹਨ। ਗੱਲ ਚਾਹੇ ਪੈਸਿਆਂ ਦੀ ਹੋਵੇ ਜਾਂ ਲਾਟਰੀ ਦੇ ਨਾਂ 'ਤੇ ਕੀਤੀ ਧੋਖਾਧੜੀ ਦੀ, ਅਕਸਰ ਹੀ ਅਜਿਹੇ ਮਾਮਲਿਆਂ ਦੇ ਸ਼ਿਕਾਰ ਵਿਅਕਤੀਆਂ ਨੂੰ ਆਖੀਰ ਕੋਈ ਨਿਆਂ ਨਹੀਂ ਮਿਲਦਾ ਜਿਸ ਕਾਰਨ ਉਨ੍ਹਾਂ ਦੇ ਪੱਲੇ ਸਿਵਾਏ ਸ਼ਰਮਿੰਦਗੀ ਅਤੇ ਲਾਚਾਰੀ ਦੇ ਕੁਝ ਨਹੀਂ ਪੈਂਦਾ। ਹੁਣ ਸੋਸ਼ਲ ਮੀਡੀਆ 'ਤੇ ਬਲੈਕਮੇਲ ਕਰਨ ਦਾ ਨਵਾਂ ਤਰੀਕਾ ਸਾਹਮਣੇ ਆਇਆ ਹੈ ਜਿਸਦੇ ਸ਼ਿਕਾਰ ਮਰਦ ਹੋ ਰਹੇ ਹਨ।ਇਸ ਸਕੈਮ ਤਹਿਤ ਵੱਟਸਐਪ ਜਾਂ ਮੈਸੇਂਜਰ ਰਾਹੀਂ ਵੀਡੀਓ ਕਾਲ ਆਉਂਦੀ ਹੈ। ਜਦੋਂ ਇਹ ਕਾਲ ਰਿਸੀਵ ਕੀਤੀ ਜਾਂਦੀ ਹੈ ਤਾਂ ਅੱਗਿਓਂ ਕੋਈ ਕੁੜੀ ਨਿਰਵਸਤਰ ਹੋ ਕੇ ਸਾਹਮਣੇ ਆਉਂਦੀ ਹੈ। ਕਈ ਲੋਕ ਇਹ ਸਭ ਵੇਖ ਕੇ ਆਕਰਸ਼ਿਤ ਹੋ ਜਾਂਦੇ ਹਨ ਅਤੇ ਕੁੜੀ ਨਾਲ ਗੱਲਬਾਤ ਕਰਨੀ ਜਾਰੀ ਰੱਖਦੇ ਹਨ।ਗੱਲਬਾਤ ਕਰ ਰਹੇ ਵਿਅਕਤੀ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਸਦੀ ਗੱਲਬਾਤ ਕਰਨ ਦੇ ਸਕਰੀਨ ਸ਼ਾਟ ਲੈ ਲਏ ਜਾਂਦੇ ਹਨ ਅਤੇ ਵੀਡੀਓ ਰਿਕਾਰਡ ਕਰ ਲਈ ਜਾਂਦੀ ਹੈ।ਇਸ ਮਗਰੋਂ ਸ਼ੁਰੂ ਹੁੰਦਾ ਹੈ ਬਲੈਕਮੇਲਿੰਗ ਦਾ ਸਿਲਸਲਾ ਜਿਸ ਅਨੁਸਾਰ ਵਿਅਕਤੀ ਕੋਲੋਂ ਲੱਖਾਂ ਰੁਪਏ ਦੀ ਮੰਗ ਕੀਤੀ ਜਾਂਦੀ ਹੈ। ਜੇਕਰ ਵਿਅਕਤੀ ਪੈਸੇ ਦੇਣ ਤੋਂ ਇਨਕਾਰ ਕਰਦਾ ਹੈ ਤਾਂ ਧਮਕੀ ਦਿੱਤੀ ਜਾਂਦੀ ਹੈ ਕਿ ਉਸਦੀਆਂ ਗੱਲਾਂ ਕਰਦੇ ਦੀਆਂ ਤਸਵੀਰਾਂ ਉਸਦੇ ਪਰਿਵਾਰ ਜਾਂ ਹੋਰ ਨਜ਼ਦੀਕੀਆਂ ਨੂੰ ਭੇਜ ਦਿੱਤੀਆਂ ਜਾਣਗੀਆਂ।ਅਜਿਹੀ ਕਸ਼ਮਕਸ਼ 'ਚ ਫਸਿਆ ਬੰਦਾ ਅਕਸਰ ਪੈਸੇ ਦੇਣ ਨੂੰ ਤਿਆਰ ਵੀ ਹੋ ਜਾਂਦਾ ਹੈ ਤੇ ਇਹ ਸਿਲਸਿਲਾ ਫਿਰ ਲੰਮਾ ਸਮਾਂ ਚੱਲਦਾ ਹੈ।
ਠੱਗੀ ਮਾਰਨ ਦਾ ਇਹ ਤਰੀਕਾ ਨਵਾਂ ਹੋ ਸਕਦਾ ਹੈ ਪਰ ਅਜਿਹੀਆਂ ਠੱਗੀਆਂ ਦੇ ਸ਼ਿਕਾਰ ਲੋਕਾਂ ਦੀ ਗਿਣਤੀ ਬੇਹਿਸਾਬ ਹੈ। ਧੋਖਾਧੜੀ ਦੇ ਸ਼ਿਕਾਰ ਬਹੁਤੇ ਵਿਅਕਤੀਆਂ ਵੱਲੋਂ ਤਾਂ ਬਦਨਾਮੀ ਦੇ ਡਰੋਂ ਕਿਤੇ ਵੀ ਸ਼ਿਕਾਇਤ ਨਹੀਂ ਕੀਤੀ ਜਾਂਦੀ। ਅਜਿਹੀ ਚਾਲ ਤਹਿਤ ਕੁਝ ਕੁੜੀਆਂ/ਔਰਤਾਂ ਪਹਿਲਾਂ ਆਡੀਓ ਕਾਲਾਂ ਰਾਹੀਂ ਵੀ ਮਾਹੌਲ ਬਣਾਕੇ ਬੰਦੇ ਨੂੰ ਵਿਸ਼ਵਾਸ ‘ਚ ਲੈਂਦੀਆਂ ਹਨ। ਫਿਰ ਕੰਮ ਵੀਡੀਓ ਕਾਲ ‘ਤੇ ਪਹੁੰਚ ਜਾਂਦਾ ਹੈ। ਇਨ੍ਹਾਂ ਦਿਨਾਂ ‘ਚ ਬਹੁਤ ਸਾਰੇ ਲੋਕਾਂ ਨੇ ਇੱਕ ਬਜ਼ੁਰਗ ਦੀ ਗ਼ਲਤ ਹਰਕਤਾਂ ਕਰਦੇ ਦੀ ਵੀਡੀਓ ਵੀ ਵੇਖੀ ਹੋ ਸਕਦੀ ਹੈ, ਉਹ ਵੀ ਇਸੇ ਸਕੈਮ ਦਾ ਹੀ ਸ਼ਿਕਾਰ ਹੋਇਆ ਹੈ ਜਿਸ ਕੋਲੋਂ ਮਨ ਕਾਬੂ ‘ਚ ਨਹੀਂ ਰੱਖਿਆ ਗਿਆ ਅਤੇ ਸੋਸ਼ਲ ਮੀਡੀਆ 'ਤੇ ਸਭ ਦੇ ਸਾਹਮਣੇ ਸ਼ਰਮਸਾਰ ਹੋਣਾ ਪਿਆ।
ਇਹ ਵੀ ਪੜ੍ਹੋ : ਨਵਜੋਤ ਸਿੱਧੂ ’ਤੇ ਵਿਜੀਲੈਂਸ ਦੀ ਜਾਂਚ ਤੋਂ ਬਾਅਦ ਕਾਂਗਰਸ ’ਚ ਖਲਬਲੀ, ਬਾਜਵਾ ਨੇ ਆਖੀ ਵੱਡੀ ਗੱਲ
ਅਜਿਹੀ ਧੋਖਾਧੜੀ ਤੋਂ ਬਚਣ ਦਾ ਢੰਗ
ਬਲੈਕਮੇਲਿੰਗ ਦੇ ਇਸ ਨਵੇਂ ਢੰਗ ਤੋਂ ਬਚਣ ਲਈ ਜ਼ਰੂਰੀ ਹੈ ਕਿ ਜੇਕਰ ਕਿਸੇ ਵੀ ਅਨਜਾਣ ਨੰਬਰ ਤੋਂ ਵੀਡੀਓ ਕਾਲ ਆਂਉਦੀ ਹੈ ਤਾਂ ਉਸਨੂੰ ਸਵੀਕਾਰ ਨਾ ਕਰੋ, ਪਹਿਲਾਂ ਜਾਂਚ ਕਰ ਲਵੋ।ਇਹ ਨਾ ਹੋਵੇ ਕਿ ਅਜਿਹੀ ਚਾਲ ਦਾ ਸ਼ਿਕਾਰ ਹੋ ਕੇ ਮਾਨਸਿਕ ਤੇ ਆਰਥਿਕ ਪੱਖੋਂ ਨੁਕਸਾਨ ਝੱਲਣਾ ਪਵੇ। ਜੇਕਰ ਕੋਈ ਵਿਅਕਤੀ ਅਜਿਹੇ ਸਕੈਮ ਦਾ ਸ਼ਿਕਾਰ ਹੋ ਜਾਂਦਾ ਹੈ ਤਾਂ ਪੁਲਸ ਸ਼ਿਕਾਇਤ ਦਰਜ ਕਰਵਾਉਣੀ ਚਾਹੀਦੀ ਹੈ ਤਾਂ ਜੋ ਗਿਰੋਹ ਦਾ ਪਰਦਾਫਾਸ਼ ਹੋ ਸਕੇ ਤੇ ਹੋਰ ਲੋਕ ਅਜਿਹੀਆਂ ਠੱਗੀਆਂ ਤੋਂ ਬਚ ਸਕਣ। ਕਈ ਵਾਰ ਅਜਿਹੀ ਸ਼ਰਮਿੰਦਗੀ ਵਿੱਚ ਵਿਅਕਤੀ ਖ਼ੌਫ਼ਨਾਕ ਕਦਮ ਵੀ ਚੁੱਕ ਲੈਂਦਾ ਹੈ। ਜੇਕਰ ਕਿਸੇ ਦੋਸਤ-ਮਿੱਤਰ ਜਾਂ ਪਰਿਵਾਰਕ ਮੈਂਬਰ ਨਾਲ ਅਜਿਹੀ ਘਟਨਾ ਵਾਪਰਦੀ ਹੈ ਤਾਂ ਉਸਦਾ ਮਜ਼ਾਕ ਬਣਾਉਣ ਦੀ ਬਜਾਏ ਉਸਦੇ ਨਾਲ ਖੜ੍ਹੋ ਤੇ ਸਾਥ ਦੇਵੋ ਕਿਉਂਕਿ ਕੁਝ ਬੰਦੇ ਸਮਾਜ ਦੀ ਸ਼ਰਮ ਦੇ ਮਾਰੇ ਜੀਵਨ ਲੀਲਾ ਵੀ ਸਮਾਪਤ ਕਰ ਲੈਂਦੇ ਹਨ।
ਨੋਟ: ਇਸ ਖ਼ਬਰ ਸਬੰਧੀ ਕੀ ਹੈ ਤੁਹਾਡੇ ਰਾਏ ?ਕੁਮੈਂਟ ਕਰਕੇ ਜ਼ਰੂਰ ਦੱਸੋ
ਜਲੰਧਰ ’ਚ ਕੋਰੋਨਾ ਨਾਲ 32 ਸਾਲਾ ਲੜਕੀ ਸਮੇਤ 13 ਦੀ ਮੌਤ, ਇੰਨੇ ਆਏ ਪਾਜ਼ੇਟਿਵ
NEXT STORY