ਸਮਰਾਲਾ (ਗਰਗ, ਬੰਗੜ) : ਕੇਂਦਰ ਸਰਕਾਰ ਦੇ ਨਿਸ਼ਾਨੇ ’ਤੇ ਆਏ ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੇ ਘਰ ਅਤੇ ਉਨ੍ਹਾਂ ਦੇ ਵਪਾਰਕ ਅਦਾਰਿਆਂ ’ਤੇ ਮੰਗਲਵਾਰ ਤੜਕੇ ਕੇ ਸੀ. ਬੀ. ਆਈ. ਦੇ ਅਧਿਕਾਰੀਆਂ ਵੱਲੋਂ ਛਾਪੇਮਾਰੀ ਕੀਤੀ ਗਈ। ਇਹ ਛਾਪੇਮਾਰੀ ਕਈ ਘੰਟੇ ਜਾਰੀ ਰਹੀ ਅਤੇ ਸੂਤਰਾਂ ਤੋਂ ਪ੍ਰਾਪਤ ਜਾਣਕਾਰੀ ਅਨੁਸਾਰ ਸੀ. ਬੀ. ਆਈ. ਟੀਮਾਂ ਵੱਲੋਂ ਕਿਸਾਨ ਆਗੂ ਦੇ ਸਮਰਾਲਾ ਸਥਿਤ ਪੈਟਰੋਲ ਪੰਪ ਸਮੇਤ ਮੋਹਾਲੀ ਦੀ ਇੱਕ ਰਿਹਾਇਸ਼ ਵਿਖੇ ਛਾਪੇਮਾਰੀ ਦੌਰਾਨ ਕਈ ਕਾਗਜ਼ਾਤ ਆਪਣੇ ਕਬਜ਼ੇ 'ਚ ਲਏ ਹਨ। ਸੀ. ਬੀ. ਆਈ. ਟੀਮ ਵੱਲੋਂ ਲੱਖੋਵਾਲ ਦੇ ਸਪੁੱਤਰ ਅਤੇ ਕਿਸਾਨ ਜੱਥੇਬੰਦੀ ਦੇ ਪੰਜਾਬ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦੀ ਮੋਹਾਲੀ ਰਿਹਾਇਸ਼ ਤੋਂ ਕੁੱਝ ਬੈਂਕਾਂ ਦੀਆਂ ਪਾਸਬੁੱਕਾਂ, ਚੈੱਕ ਅਤੇ ਕਈ ਹੋਰ ਕਾਗਜ਼ਾਤ ਆਪਣੇ ਕਬਜ਼ੇ 'ਚ ਲਏ ਜਾਣ ਦੀ ਜਾਣਕਾਰੀ ਵੀ ਸਾਹਮਣੇ ਆ ਰਹੀ ਹੈ। ਇਹ ਛਾਪੇਮਾਰੀ ਸ਼ਾਮ 5 ਵਜੇ ਦੇ ਕਰੀਬ ਤੱਕ ਜਾਰੀ ਰਹੀ ਅਤੇ ਇਸ ਛਾਪੇਮਾਰੀ ਦੇ ਪਿੱਛੇ ਸੀ. ਬੀ. ਆਈ. ਦਾ ਕੀ ਮਕਸਦ ਸੀ, ਇਹ ਗੱਲ ਹਾਲੇ ਤੱਕ ਸਾਹਮਣੇ ਨਹੀਂ ਆਈ ਹੈ। ਹੁਣ ਤੱਕ ਦੇ ਪ੍ਰਾਪਤ ਹੋਏ ਮੁੱਢਲੇ ਵੇਰਵਿਆ ਮੁਤਾਬਕ ਮੰਗਲਵਾਰ ਸਵੇਰੇ ਕਰੀਬ 7 ਵਜੇ ਸੀ. ਬੀ. ਆਈ. ਅਧਿਕਾਰੀਆਂ ਦੀ ਟੀਮ ਵੱਲੋਂ ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਅਜਮੇਰ ਸਿੰਘ ਲੱਖੋਵਾਲ ਦੇ ਸਮਰਾਲਾ ਵਿਖੇ ਸਥਿਤ ਪੈਟਰੋਲ ਪੰਪ, ਉਨ੍ਹਾਂ ਦੀ ਜੱਦੀ ਪਿੰਡ ਲੱਖੋਵਾਲ ਸਥਿਤ ਰਿਹਾਇਸ਼ ਅਤੇ ਮੋਹਾਲੀ ਵਿਖੇ ਉਨ੍ਹਾਂ ਦੇ ਸਪੁੱਤਰ ਦੇ ਘਰ ਛਾਪੇਮਾਰੀ ਸ਼ੁਰੂ ਕੀਤੀ ਗਈ।
ਇਹ ਵੀ ਪੜ੍ਹੋ : ਲੁਧਿਆਣਾ 'ਚ ਸਿਲੰਡਰ ਫੱਟਣ ਕਾਰਨ ਜ਼ੋਰਦਾਰ ਧਮਾਕਾ, ਘਰ ਦੀ ਛੱਤ ਉੱਡੀ, ਸਾਮਾਨ ਵੀ ਸੜ ਕੇ ਸੁਆਹ
ਕੇਂਦਰੀ ਏਜੰਸੀ ਦੇ 6-7 ਅਧਿਕਾਰੀਆਂ ’ਤੇ ਆਧਾਰਿਤ ਇੱਕ ਟੀਮ ਉਨ੍ਹਾਂ ਦੇ ਸਮਰਾਲਾ ਵਿਖੇ ਪੈਟਰੋਲ ਪੰਪ ’ਤੇ ਪਹੁੰਚੀ ਅਤੇ ਉਨ੍ਹਾਂ ਨੇ ਉੱਥੇ ਕੰਮ ਕਰ ਰਹੇ ਪੰਪ ਦੇ ਮੁਲਾਜ਼ਮਾਂ ਨੂੰ ਬਿਨਾਂ ਆਪਣੀ ਕੋਈ ਪਛਾਣ ਦੱਸਿਆ ਪੈਟਰੋਲ ਪੰਪ ਦੇ ਦਫ਼ਤਰ ’ਚ ਪਏ ਕਾਗਜ਼ਾਤਾਂ ਦੀ ਫਰੋਲਾ-ਫਰਾਲੀ ਕੀਤੀ। ਇਸ ਦੇ ਨਾਲ ਹੀ ਇੱਕ ਟੀਮ ਉਨ੍ਹਾਂ ਦੇ ਜੱਦੀ ਪਿੰਡ ਲੱਖੋਵਾਲ ਵਿਖੇ ਜਾ ਪਹੁੰਚੀ ਅਤੇ ਜਿਸ ਵਿੱਚੋਂ ਅੱਧੇ ਟੀਮ ਮੈਂਬਰ ਉਨ੍ਹਾਂ ਦੇ ਸਪੁੱਤਰ ਅਤੇ ਜੱਥੇਬੰਦੀ ਦੇ ਜਨਰਲ ਸਕੱਤਰ ਹਰਿੰਦਰ ਸਿੰਘ ਲੱਖੋਵਾਲ ਦੀ ਮੋਹਾਲੀ ਸਥਿਤ ਰਿਹਾਇਸ਼ ’ਤੇ ਪਹੁੰਚ ਗਏ। ਇਸ ਪੂਰੀ ਛਾਪਮਾਰੀ ਦੌਰਾਨੇ ਹਰਿੰਦਰ ਸਿੰਘ ਲੱਖੋਵਾਲ ਭਾਵੇ ਆਪ ਖ਼ੁਦ ਹਾਜ਼ਰ ਨਹੀਂ ਸਨ, ਪਰ ਸੀ. ਬੀ. ਆਈ. ਦੀ ਟੀਮ ਨੇ ਉਨ੍ਹਾਂ ਦੀ ਰਿਹਾਇਸ਼ ’ਤੇ ਪਹੁੰਚਦੇ ਸਾਰ ਹੀ ਘਰ 'ਚ ਹਾਜ਼ਰ ਔਰਤਾਂ ਤੋਂ ਉਨ੍ਹਾਂ ਦੇ ਸਾਰੇ ਮੋਬਾਇਲ ਫੋਨ ਆਪਣੇ ਕਬਜ਼ੇ 'ਚ ਲੈ ਲਏ। ਕਰੀਬ 10 ਘੰਟੇ ਲਗਾਤਾਰ ਇੱਥੇ ਸੀ. ਬੀ. ਆਈ. ਟੀਮ ਦੀ ਛਾਪੇਮਾਰੀ ਜਾਰੀ ਰਹੀ ਅਤੇ ਘਰ 'ਚ ਪਏ ਸਾਰੇ ਕਾਗਜ਼ ਪੱਤਰਾਂ ਦੀ ਬੜੀ ਹੀ ਬਾਰੀਕੀ ਨਾਲ ਜਾਂਚ ਕੀਤੀ ਗਈ। ਸੀ. ਬੀ. ਆਈ. ਦੀ ਇਹ ਟੀਮ ਪੈਟਰੋਲ ਪੰਪ ’ਤੇ ਤਾਂ ਕੁੱਝ ਸਮਾਂ ਹੀ ਰੁਕੀ, ਪਰ ਉਨ੍ਹਾਂ ਦੇ ਘਰੇ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਛਾਪੇਮਾਰੀ ਵਿੱਚ ਜੁਟੀ ਰਹੀ।
ਇਹ ਵੀ ਪੜ੍ਹੋ : ਮੋਹਾਲੀ : ਕਾਲਜ ਦੀ ਬੱਸ ਚਲਾ ਰਹੇ ਡਰਾਈਵਰ ਨੂੰ ਅਚਾਨਕ ਪਿਆ ਦਿਲ ਦਾ ਦੌਰਾ, ਪੈ ਗਿਆ ਚੀਕ-ਚਿਹਾੜਾ
ਓਧਰ ਦੂਜੇ ਪਾਸੇ ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ ਨੇ ਸੀ. ਬੀ. ਆਈ. ਵੱਲੋਂ ਕੀਤੀ ਗਈ ਇਸ ਕਾਰਵਾਈ ਦਾ ਵਿਰੋਧ ਕਰਦਿਆ ਇਸ ਨੂੰ ਕੇਂਦਰ ਸਰਕਾਰ ਦੀ ਉਨ੍ਹਾਂ ਨੂੰ ਡਰਾਉਣ ਅਤੇ ਚੁੱਪ ਕਰਵਾਉਣ ਦੀ ਘਟੀਆ ਕਾਰਵਾਈ ਕਰਾਰ ਦਿੰਦਿਆ ਕਿਹਾ ਕਿ ਉਨ੍ਹਾਂ ਦੀ ਜੱਥੇਬੰਦੀ ਕਿਸੇ ਵੀ ਕਾਰਵਾਈ ਅੱਗੇ ਝੁਕੇਗੀ ਨਹੀਂ। ਉਨ੍ਹਾਂ ਦੱਸਿਆ ਕਿ ਉਨਾਂ ਦੀ ਕਿਸਾਨ ਜੱਥੇਬੰਦੀ ਬੰਦੀ ਸਿੰਘਾਂ ਦੀ ਰਿਹਾਈ ਲਈ ਚੰਡੀਗੜ੍ਹ ਵਿਖੇ ਚੱਲ ਰਹੇ ਪੱਕੇ ਮੋਰਚੇ ਦੀ ਪੂਰੀ ਤਰ੍ਹਾਂ ਹਮਾਇਤ ਕਰ ਰਹੀ ਹੈ ਅਤੇ ਵੱਡੇ ਜੱਥੇ ਲੈ ਕੇ ਮੋਰਚੇ 'ਚ ਸ਼ਮੂਲੀਅਤ ਕਰਨ ਤੋਂ ਖਫ਼ਾ ਹੋ ਕੇ ਕੇਂਦਰ ਸਰਕਾਰ ਨੇ ਉਨ੍ਹਾਂ ਦੇ ਘਰ ਅਤੇ ਕਾਰੋਬਾਰ 'ਤੇ ਸੀ. ਬੀ. ਆਈ. ਦੀ ਇਹ ਵੱਡੀ ਰੇਡ ਕਰਵਾਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬੰਦੀ ਸਿੰਘਾਂ ਦੀ ਰਿਹਾਈ ਲਈ ਉਠਾਈ ਗਈ ਆਵਾਜ਼ ਨੂੰ ਦਬਾਉਣ ਲਈ ਉਨ੍ਹਾਂ ਨੂੰ ਡਰਾਉਣਾ ਚਾਹੁੰਦੀ ਹੈ। ਉਨ੍ਹਾਂ ਕਿਹਾ ਕਿ ਤੜਕੇ ਤੋਂ ਲੈ ਕੇ ਸ਼ਾਮ ਤੱਕ ਉਨ੍ਹਾਂ ਦੇ ਪੈਟਰੋਲ ਪੰਪ ਅਤੇ ਘਰਾਂ ’ਤੇ ਕੀਤੀ ਛਾਪੇਮਾਰੀ 'ਚ ਸੀ. ਬੀ. ਆਈ. ਦੇ ਹੱਥ ਕੁੱਝ ਵੀ ਨਹੀਂ ਲੱਗਿਆ, ਪਰ ਏਜੰਸੀ ਦੇ ਅਧਿਕਾਰੀ ਆਪਣੀ ਨਾਕਾਮੀ ਲੁਕੋਣ ਲਈ ਉਨ੍ਹਾਂ ਦੇ ਬੈਂਕਾਂ ਦੇ ਕੁੱਝ ਖ਼ਾਲੀ ਚੈੱਕ, ਪਾਸਬੁੱਕਾਂ ਅਤੇ ਕੁਝ ਹੋਰ ਕਾਗਜ਼ਾਤ ਨਾਲ ਲੈ ਗਏ ਹਨ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੀ ਜੱਥੇਬੰਦੀ ਵੱਲੋਂ 20 ਮਾਰਚ ਨੂੰ ਦਿੱਲੀ ਵਿੱਚ ਰੋਸ ਰੈਲੀ ਕਰਕੇ ਕਿਸਾਨੀ ਮੰਗਾਂ ਪੂਰੀਆਂ ਕਰਵਾਉਣ ਦਾ ਸੰਘਰਸ਼ ਦਾ ਬਿਗੁਲ ਵਜਾਉਣ ਦਾ ਐਲਾਨ ਕੀਤਾ ਹੋਇਆ ਹੈ ਪਰ ਕੇਂਦਰ ਸਰਕਾਰ ਕਿਸਾਨੀ ਮੰਗਾਂ ਪੂਰੀਆਂ ਕਰਨ ਦੀ ਬਜਾਏ ਕਿਸਾਨ ਸੰਘਰਸ਼ ਨੂੰ ਕੁਚਲਣ ਦੇ ਲਈ ਅਜਿਹੇ ਹੱਥਕੰਡਿਆ ’ਤੇ ਉੱਤਰ ਆਈ ਹੈ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਗ੍ਰਿਫ਼ਤਾਰੀ ਤੋਂ ਬਾਅਦ ਬਰਖਾਸਤ ਡੀ. ਐੱਸ. ਪੀ. ਸੇਖੋਂ ਨੂੰ ਭੇਜਿਆ ਜੇਲ੍ਹ
NEXT STORY