ਜਲੰਧਰ,(ਧਵਨ): ਪੰਜਾਬ ਦੇ ਮੁੱਖ ਮੰਤਰੀ ਕੈਪਟਨ ਸਿੰਘ ਦੀਆਂ ਕੋਸ਼ਿਸ਼ਾਂ ਤੋਂ ਬਾਅਦ ਕੇਂਦਰ ਸਰਕਾਰ ਨੇ ਕਪੂਰਥਲਾ 'ਚ ਨਵਾਂ ਸਰਕਾਰੀ ਮੈਡੀਕਲ ਕਾਲਜ ਸਥਾਪਿਤ ਕਰਨ ਦੀ ਤਜਵੀਜ਼ ਨੂੰ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ। ਇਸ ਦੇ ਨਾਲ ਹੀ ਸਥਾਨਕ ਸਿਵਲ ਹਸਪਤਾਲ ਦਾ ਦਰਜਾ ਵੀ ਉੱਚਾ ਚੁੱਕਿਆ ਜਾਵੇ। ਕੇਂਦਰੀ ਸਿਹਤ ਤੇ ਪਰਿਵਾਰ ਭਲਾਈ ਵਜ਼ਾਰਤ ਤੋਂ ਰਾਜ ਸਰਕਾਰ ਨੂੰ ਇਸ ਸਬੰਧ 'ਚ ਮਨਜ਼ੂਰੀ ਦੀ ਚਿੱਠੀ ਪ੍ਰਾਪਤ ਹੋ ਗਈ ਹੈ।
ਸਰਕਾਰੀ ਤਰਜਮਾਨ ਨੇ ਦੱਸਿਆ ਕਿ ਚਿੱਠੀ 'ਚ ਕਿਹਾ ਗਿਆ ਹੈ ਕਿ ਨਵਾਂ ਮੈਡੀਕਲ ਕਾਲਜ 325 ਕਰੋੜ ਰੁਪਏ ਦੀ ਲਾਗਤ ਨਾਲ ਸਥਾਪਿਤ ਕੀਤਾ ਜਾਵੇਗਾ। ਜਿਸ 'ਚ 195 ਕਰੋੜ ਅਰਥਾਤ 60 ਫੀਸਦੀ ਹਿੱਸਾ ਕੇਂਦਰ ਸਰਕਾਰ ਵਲੋਂ ਬਰਦਾਸ਼ਤ ਕੀਤਾ ਜਾਵੇਗਾ ਤੇ ਰਹਿੰਦਾ 40 ਫੀਸਦੀ ਹਿੱਸਾ ਅਰਥਾਤ 130 ਰੁਪਏ ਦੀ ਰਕਮ ਦਾ ਯੋਗਦਾਨ ਪੰਜਾਬ ਸਰਕਾਰ ਵਲੋਂ ਪਾਇਆ ਜਾਵੇਗਾ। ਕੇਂਦਰ ਵਲੋਂ ਪ੍ਰਯੋਜਿਤ ਸਕੀਮਾਂ ਦੇ ਤਹਿਤ ਇਸ ਮੈਡੀਕਲ ਕਾਲਜ ਨੂੰ ਸਥਾਪਿਤ ਕੀਤਾ ਜਾ ਰਿਹਾ ਹੈ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੇ ਜ਼ੋਰ ਪਾਉਣ 'ਤੇ ਹੀ ਕੇਂਦਰ ਸਰਕਾਰ ਨੇ ਕਪੂਰਥਲਾ ਦੇ ਸਿਵਲ ਹਸਪਤਾਲ ਦਾ ਦਰਜਾ ਚੁੱਕਣ ਦੀ ਤਜਵੀਜ਼ ਨੂੰ ਵੀ ਮਨਜ਼ੂਰੀ ਪ੍ਰਦਾਨ ਕਰ ਦਿੱਤੀ ਹੈ ਤੇ ਸਿਵਲ ਹਸਪਤਾਲ 'ਚ ਮੌਜੂਦਾ 220 ਬੈੱਡਾਂ ਦੀ ਸਮਰੱਥਾ ਨੂੰ ਵਧਾ ਕੇ 500 ਕਰ ਦਿੱਤਾ ਗਿਆ ਹੈ ਤੇ ਨਾਲ ਹੀ ਹਸਪਤਾਲ 'ਚ ਆਧੁਨਿਕ ਇਲਾਜ ਸਹੂਲਤਾਂ ਵੀ ਲੋਕਾਂ ਨੂੰ ਉਪਲਬਧ ਕਰਵਾਈਆਂ ਜਾਣਗੀਆਂ।
ਸਰਕਾਰੀ ਮੈਡੀਕਲ ਹਸਪਤਾਲ ਸਥਾਪਿਤ ਕਰਨ ਲਈ ਰਾਜ ਸਰਕਾਰ ਨੇ ਪਹਿਲਾਂ ਹੀ 11 ਏਕੜ ਜ਼ਮੀਨ ਤਲਾਸ਼ ਕਰ ਲਈ ਹੈ, ਜਿਹੜੀ ਕਿ ਸਥਾਨਕ ਸਿਵਲ ਹਸਪਤਾਲ ਤੋਂ ਡੇਢ ਕਿ. ਮੀ. ਦੀ ਦੂਰੀ 'ਤੇ ਹੋਵੇਗੀ। 325 ਕਰੋੜ ਮੈਡੀਕਲ ਕਾਲਜ ਦੇ ਬੁਨਿਆਦੀ ਢਾਂਚੇ 'ਤੇ ਖਰਚ ਹੋਣਗੇ। ਜਦਕਿ 50 ਕਰੋੜ ਦੀ ਰਕਮ ਮੈਡੀਕਲ ਕਾਲਜ 'ਚ ਡਾਕਟਰੀ ਸਾਜ਼-ਸਮਾਨ ਉਪਲਬਧ ਕਰਾਉਣ ਲਈ ਖਰਚ ਕੀਤੇ ਜਾਣਗੇ। ਮੁੱਖ ਮੰਤਰੀ ਨੇ ਇਹ ਮਾਮਲਾ ਭਾਰਤ ਸਰਕਾਰ ਦੇ ਸਾਹਮਣੇ ਚੁੱਕਿਆ ਸੀ ਅਤੇ ਕਿਹਾ ਸੀ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਉਤਸਵ ਨੂੰ ਦੇਖਦਿਆਂ ਇਹ ਐਲਾਨ ਕੀਤਾ ਜਾਣਾ ਚਾਹੀਦਾ ਹੈ।
ਵਿਜੀਲੈਂਸ ਵਲੋਂ ਮਾਲ ਪਟਵਾਰੀ ਰਿਸ਼ਵਤ ਲੈਂਦੇ ਗ੍ਰਿਫਤਾਰ
NEXT STORY