ਲੁਧਿਆਣਾ (ਖੁਰਾਣਾ) : ਕੇਂਦਰ ਦੀ ਮੋਦੀ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਪੰਜਾਬ ਭਰ ਦੇ ਕਰੀਬ 35 ਲੱਖ ਤੋਂ ਵੱਧ ਲਾਭਪਾਤਰ ਪਰਿਵਾਰਾਂ ਲਈ ਭੇਜਿਆ ਗਿਆ 212269.53 ਮੀਟ੍ਰਿਕ ਟਨ ਅਨਾਜ 31 ਦਸੰਬਰ ਤੱਕ ਲਾਭਪਾਤਰ ਪਰਿਵਾਰਾਂ ਤੱਕ ਪਹੁੰਚਾਉਣਾ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਅਧਿਕਾਰੀਆਂ ਅਤੇ ਮੁਲਾਜ਼ਮਾਂ ਲਈ ਟੇਢੀ ਖੀਰ ਸਾਬਤ ਹੋਵੇਗਾ। ਉਕਤ ਮਾਮਲੇ ਨੂੰ ਲੈ ਕੇ ਕੇਂਦਰੀ ਮੰਤਰਾਲਾ ਵੱਲੋਂ ਪੰਜਾਬ ਸਰਕਾਰ ਦੇ ਨਾਂ ’ਤੇ ਜਾਰੀ ਕੀਤੇ ਪੱਤਰ ’ਚ 15 ਦਸੰਬਰ ਤੱਕ ਹਰ ਰਾਸ਼ਨ ਡਿਪੂ ’ਤੇ ਅਨਾਜ ਪਹੁੰਚਾਉਣ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ, ਜੋ ਕਿ ਵੱਡਾ ਚੁਣੌਤੀ ਭਰਿਆ ਕੰਮ ਹੈ ਕਿਉਂਕਿ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਵੱਲੋਂ ਹੁਣ ਤੱਕ ਰਾਸ਼ਨ ਡਿਪੂਆਂ ’ਤੇ ਪੂਰੀ ਤਰ੍ਹਾਂ ਅਨਾਜ ਦੀ ਖ਼ੇਪ ਤੱਕ ਨਹੀਂ ਪਹੁੰਚਾਈ ਜਾ ਸਕੀ ਹੈ। ਬੀਤੇ ਦਿਨੀਂ ਵਿਜੀਲੈਂਸ ਵਿਭਾਗ ਵੱਲੋਂ ਟ੍ਰਾਂਸਪੋਰਟੇਸ਼ਨ ਘਪਲਾ ਮਾਮਲੇ ਨੂੰ ਲੈ ਕੇ ਵਿਭਾਗੀ ਅਧਿਕਾਰੀਆਂ ਖ਼ਿਲਾਫ਼ ਕੀਤੀ ਗਈ ਕਾਰਵਾਈ ਦੇ ਵਿਰੋਧ ’ਚ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦਾ ਸਮੂਹ ਸਟਾਫ਼ ਹੜਤਾਲ ’ਤੇ ਚਲਾ ਗਿਆ, ਜਿਸ ਕਾਰਨ ਸਾਰੀ ਚੇਨ ਪ੍ਰਣਾਲੀ ਬਿਲਕੁਲ ਠੱਪ ਪੈ ਗਈ।
ਇਹ ਵੀ ਪੜ੍ਹੋ : ਵੱਡੀ ਖ਼ਬਰ : ਪਾਕਿਸਤਾਨ ਨੇ ਡਰੋਨ ਰਾਹੀਂ ਭੇਜੀ 25 ਕਿੱਲੋ ਹੈਰੋਇਨ, BSF ਨੇ ਅਸਲੇ ਸਣੇ ਬਰਾਮਦ ਕੀਤੀ ਖ਼ੇਪ (ਤਸਵੀਰਾਂ)
ਅਜਿਹੇ ’ਚ ਸਵਾਲ ਖੜ੍ਹਾ ਹੁੰਦਾ ਹੈ ਕਿ ਵਿਭਾਗੀ ਮੁਲਾਜ਼ਮਾਂ ਦੀਆਂ ਟੀਮਾਂ ਸਿਰਫ 28, 29 ਦਿਨਾਂ ਦੇ ਵਕਫ਼ੇ ਦੌਰਾਨ ਕਿਵੇਂ ਪੰਜਾਬ ਭਰ ਦੇ ਲੱਖਾਂ ਕਾਰਡਧਾਰੀ ਪਰਿਵਾਰਾਂ ਤੱਕ ਰਾਸ਼ਨ ਪਹੁੰਚਾਉਣ ’ਚ ਕਾਮਯਾਬ ਹੋਣਗੇ। ਇਸ ਦੌਰਾਨ ਅਹਿਮ ਗੱਲ ਇਹ ਵੀ ਹੈ ਕਿ ਕੇਂਦਰ ਸਰਕਾਰ ਵੱਲੋਂ ਪ੍ਰਧਾਨ ਮੰਤਰੀ ਗਰੀਬ ਕਲਿਆਣ ਯੋਜਨਾ ਤਹਿਤ ਗਰੀਬ ਅਤੇ ਲੋੜਵੰਦ ਪਰਿਵਾਰਾਂ ਤੱਕ 1 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਦੇ 3 ਮਹੀਨਿਆਂ ਲਈ ਰਾਸ਼ਨ ਕਾਰਡ 'ਚ ਦਰਜ ਹਰ ਮੈਂਬਰ 5 ਕਿਲੋ ਦੇ ਹਿਸਾਬ ਨਾਲ 3 ਮਹੀਨਿਆਂ ਦਾ 15 ਕਿਲੋ ਮੁਫ਼ਤ ਅਨਾਜ ਪਹੁੰਚਾਉਣ ਸਮੇਤ, ਪੰਜਾਬ ਦੀ ਭਗਵੰਤ ਮਾਨ ਸਰਕਾਰ ਵੱਲੋਂ ਸਮਾਰਟ ਕਾਰਡਧਾਰੀਆਂ ਲਈ 2 ਰੁਪਏ ਪ੍ਰਤੀ ਕਿਲੋ ਦੇ ਹਿਸਾਬ ਨਾਲ ਮੁਹੱਈਆ ਕਰਵਾਈ ਜਾਣ ਵਾਲੀ 3 ਮਹੀਨੇ ਦੀ ਕਣਕ ਵੀ 1 ਅਕਤੂਬਰ ਤੋਂ ਲੈ ਕੇ 31 ਦਸੰਬਰ ਤੱਕ ਦੀ ਬਕਾਇਆ ਖੜ੍ਹੀ ਹੈ। ਇਕੱਠੇ 2 ਵੱਖ-ਵੱਖ ਯੋਜਨਾਵਾਂ ਦਾ ਲਾਭ ਲਾਭਪਾਤਰ ਪਰਿਵਾਰਾਂ ਤੱਕ ਪਹੁੰਚਾਉਣ 'ਚ ਇਕ ਵਾਰ ਫਿਰ ਵੱਡੇ ਘਪਲੇ ਦੀਆਂ ਸੰਭਾਵਨਾਵਾਂ ਖੜ੍ਹੀਆਂ ਹੋਣਾ ਲਾਜ਼ਮੀ ਹੈ, ਜਿਸ 'ਚ ਸੰਭਾਵਿਤ ਡਿਪੂ ਹੋਲਡਰ ਅਤੇ ਖ਼ੁਰਾਕ ਅਤੇ ਸਿਵਲ ਸਪਲਾਈ ਵਿਭਾਗ ਦੇ ਮੁਲਾਜ਼ਮ ਸਰਕਾਰੀ ਕਣਕ ਦੀ ਕਾਲਾਬਾਜ਼ਾਰੀ ਦਾ ਵੱਡਾ ਗੋਰਖ਼ਧੰਦਾ ਚਲਾਉਣ ਦੀਆਂ ਸਾਜ਼ਿਸ਼ਾਂ ਰਚ ਸਕਦੇ ਹਨ।
ਇਹ ਵੀ ਪੜ੍ਹੋ : ਤਰਨਤਾਰਨ 'ਚ ਸਕੂਲੀ ਬੱਸ ਭਿਆਨਕ ਹਾਦਸੇ ਦਾ ਸ਼ਿਕਾਰ, ਡਰਾਈਵਰ ਸਮੇਤ ਮਾਸੂਮ ਬੱਚੀ ਦੀ ਮੌਤ (ਤਸਵੀਰਾਂ)
ਅਨਾਜ ਦਾ ਇਕ-ਇਕ ਦਾਣਾ ਗਰੀਬ ਪਰਿਵਾਰਾਂ ਦੀ ਅਮਾਨਤ : ਵਿਧਾਇਕ ਬੱਗਾ
ਆਮ ਆਦਮੀ ਪਾਰਟੀ ਦੇ ਵਿਧਾਇਕ ਚੌਧਰੀ ਮਦਨ ਲਾਲ ਬੱਗਾ ਨੇ ਸਾਫ਼ ਕੀਤਾ ਹੈ ਕਿ ਕੇਂਦਰ ਅਤੇ ਸੂਬਾ ਸਰਕਾਰ ਵੱਲੋਂ ਚਲਾਈਆਂ ਜਾ ਰਹੀਆਂ ਯੋਜਨਾਵਾਂ ਤਹਿਤ ਜਾਰੀ ਹੋਣ ਵਾਲੇ ਅਨਾਜ ਦਾ ਇਕ-ਇਕ ਦਾਣਾ ਉਨ੍ਹਾਂ ਗਰੀਬ ਅਤੇ ਲੋੜਵੰਦ ਪਰਿਵਾਰਾਂ ਤੱਕ ਪਹੁੰਚਾਇਆ ਜਾਵੇਗਾ, ਜਿਨ੍ਹਾਂ ਦੀ ਇਹ ਅਮਾਨਤ ਹੈ। ਵਿਧਾਇਕ ਬੱਗਾ ਨੇ ਸਾਫ਼ ਕੀਤਾ ਹੈ ਕਿ ਉਕਤ ਮਾਮਲੇ ’ਚ ਕਿਸੇ ਵੀ ਪੱਧਰ ’ਤੇ ਲਾਪਰਵਾਹੀ ਜਾਂ ਫਿਰ ਹੇਰਾ-ਫੇਰੀ ਬਰਦਾਸ਼ਤ ਨਹੀਂ ਕੀਤੀ ਜਾਵੇਗੀ।
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁੱਖ ਮੰਤਰੀ ਮਾਨ ਦੇ ਵਿਰੋਧੀਆਂ ਨੂੰ ਡਾ. ਗੁਰਪ੍ਰੀਤ ਕੌਰ ਦਾ ਕਰਾਰਾ ਜਵਾਬ
NEXT STORY