ਜਲੰਧਰ (ਜ. ਬ.)-ਕੇਂਦਰ ਸਰਕਾਰ ਭਲਕੇ 60 ਵਸਤੂਆਂ ਅਤੇ ਸੇਵਾਵਾਂ 'ਤੇ ਜੀ. ਐੱਸ. ਟੀ. ਵਿਚ ਕਮੀ ਦਾ ਐਲਾਨ ਕਰ ਸਕਦੀ ਹੈ। ਭਲਕੇ ਹੋਣ ਵਾਲੀ ਜੀ. ਐੱਸ. ਟੀ. ਦੀ ਬੈਠਕ ਤੋਂ ਬਾਅਦ ਇਸ ਦਾ ਐਲਾਨ ਕੀਤਾ ਜਾ ਸਕਦਾ ਹੈ। ਸੂਤਰਾਂ ਅਨੁਸਾਰ ਸਰਕਾਰ 28 ਫੀਸਦੀ ਟੈਕਸ ਦੇ ਦਾਇਰੇ ਵਿਚ ਆਉਣ ਵਾਲੀਆਂ ਵਸਤੂਆਂ 'ਤੇ ਟੈਕਸ ਘੱਟ ਕਰੇਗੀ ਅਤੇ ਇਸ ਤੋਂ ਇਲਾਵਾ 18 ਫੀਸਦੀ ਟੈਕਸ ਦੇ ਦਾਇਰੇ ਵਿਚ ਆਉਣ ਵਾਲੀਆਂ ਵਸਤੂਆਂ 'ਤੇ ਟੈਕਸ ਘੱਟ ਕਰ ਕੇ 12 ਫੀਸਦੀ ਕੀਤਾ ਜਾ ਸਕਦਾ ਹੈ। ਸਰਕਾਰ ਨੂੰ ਉਮੀਦ ਹੈ ਕਿ ਇਸ ਕਦਮ ਤੋਂ ਬਾਅਦ ਤਿਉਹਾਰਾਂ ਦੇ ਸੀਜ਼ਨ ਵਿਚ ਮੰਗ ਵਧੇਗੀ, ਜਿਸ ਨਾਲ ਇਕਾਨਮੀ ਨੂੰ ਬੂਸਟ ਮਿਲੇਗਾ। ਇਨ੍ਹਾਂ ਕਦਮਾਂ ਤੋਂ ਇਲਾਵਾ ਸਰਕਾਰ ਜੀ. ਐੱਸ. ਟੀ. ਰਿਟਰਨ ਦੀ ਪ੍ਰਕਿਰਿਆ ਆਸਾਨ ਬਣਾਉਣ ਦੇ ਨਾਲ-ਨਾਲ ਰਿਫੰਡ ਦੀ ਪ੍ਰਕਿਰਿਆ ਵਿਚ ਤੇਜ਼ੀ ਲਿਆਉਣ ਦਾ ਵੀ ਐਲਾਨ ਕਰ ਸਕਦੀ ਹੈ। ਕੰਪੋਜ਼ੀਸ਼ਨ ਸਕੀਮ ਦੇ ਤਹਿਤ ਰਜਿਸਟ੍ਰੇਸ਼ਨ ਕਰਨ ਦੀ ਚਾਹਤ ਰੱਖਣ ਵਾਲਿਆਂ ਨੂੰ ਵੀ ਇਕ ਹੋਰ ਮੌਕਾ ਦਿੱਤਾ ਜਾ ਸਕਦਾ ਹੈ ਅਤੇ ਸਰਕਾਰ ਰਜਿਸਟ੍ਰੇਸ਼ਨ ਵਿੰਡੋ ਇਕ ਵਾਰ ਫਿਰ ਅਗਲੇ ਸਾਲ 31 ਮਾਰਚ ਤੱਕ ਖੋਲ੍ਹ ਸਕਦੀ ਹੈ। ਇਨ੍ਹਾਂ ਕਦਮਾਂ ਦੇ ਐਲਾਨ ਲਈ ਜੀ. ਐੱਸ. ਟੀ. ਕੌਂਸਲ ਦੀ ਬੈਠਕ ਵਿਚ ਮਨਜ਼ੂਰੀ ਮਿਲਣਾ ਜ਼ਰੂਰੀ ਹੈ।
ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ ਇਸ ਸਥਿਤੀ ਤੋਂ ਚੰਗੀ ਤਰ੍ਹਾਂ ਵਾਕਿਫ ਹਨ। ਇਸ ਲਈ ਉਨ੍ਹਾਂ ਨੇ ਕੱਲ ਹੀ ਸਰਕਾਰ ਵੱਲੋਂ ਇਕਾਨਮੀ ਵਿਚ ਸੁਧਾਰ ਲਈ ਵੱਡੇ ਕਦਮ ਚੁੱਕਣ ਦੇ ਸੰਕੇਤ ਦਿੱਤੇ ਸਨ। ਹਾਲ ਹੀ ਵਿਚ ਆਏ ਜੀ. ਡੀ. ਪੀ. ਦੇ ਅੰਕੜਿਆਂ ਨਾਲ ਸਰਕਾਰ ਦੀ ਚਿੰਤਾ ਵਧੀ ਅਤੇ ਇਸ ਚਿੰਤਾ ਕਾਰਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵੀਰਵਾਰ ਨੂੰ ਵਿੱਤ ਮੰੰਤਰੀ ਅਰੁਣ ਜੇਤਲੀ ਅਤੇ ਪਾਰਟੀ ਪ੍ਰਧਾਨ ਅਮਿਤ ਸ਼ਾਹ ਨਾਲ ਆਰਥਿਕ ਸਥਿਤੀਆਂ ਨੂੰ ਲੈ ਕੇ 3 ਘੰਟੇ ਤੱਕ ਮੰਥਨ ਕੀਤਾ। ਇਸ ਵਿੱਤੀ ਸਾਲ ਦੀ ਪਹਿਲੀ ਤਿਮਾਹੀ ਵਿਚ ਜੀ. ਡੀ. ਪੀ. 5.7 ਫੀਸਦੀ ਰਹੀ ਹੈ ਅਤੇ ਇਹ ਗ੍ਰੋਥ ਦਾ 3 ਸਾਲ ਦਾ ਘੱਟੋ-ਘੱਟ ਪੱਧਰ ਹੈ। ਜੀ. ਡੀ. ਪੀ. ਦੇ ਅੰਕੜਿਆਂ ਤੋਂ ਬਾਅਦ ਸਰਕਾਰ ਲਗਾਤਾਰ ਵਿਰੋਧੀਆਂ ਦੇ ਨਾਲ-ਨਾਲ ਆਪਣਿਆਂ ਦੇ ਵੀ ਨਿਸ਼ਾਨੇ 'ਤੇ ਹੈ। ਇਸ ਦੇ ਇਲਾਵਾ ਆਰ. ਬੀ. ਆਈ. ਨੇ ਵੀ ਦੇਸ਼ ਦੀ ਗ੍ਰਾਸ ਵੈਲਿਊ ਏਡਿਡ ਭਾਵ ਜੀ. ਵੀ. ਏ. ਦਾ ਅਨੁਮਾਨ 7.3 ਫੀਸਦੀ ਤੋਂ ਘਟਾ ਕੇ 6.7 ਫੀਸਦੀ ਕਰ ਦਿੱਤਾ ਹੈ।
ਝਬਾਲ ਖੁਰਦ ਵਿਖੇ ਪਹੁੰਚਣ 'ਤੇ ਨਗਰ ਕੀਰਤਨ ਦਾ ਨਗਰ ਵਾਸੀਆਂ ਨੇ ਕੀਤਾ ਸ਼ਾਨਦਾਰ ਸਵਾਗਤ
NEXT STORY