ਜਲੰਧਰ/ਚੰਡੀਗੜ੍ਹ (ਧਵਨ) : ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਦੋਸ਼ ਲਾਇਆ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਗੈਰ-ਭਾਜਪਾ ਸ਼ਾਸਿਤ ਸੂਬਾ ਸਰਕਾਰਾਂ ਦੇ ਫੰਡ ਰੋਕ ਕੇ ਉਨ੍ਹਾਂ ਲਈ ਵਿੱਤੀ ਸੰਕਟ ਪੈਦਾ ਕਰ ਰਹੀ ਹੈ। ਉਨ੍ਹਾਂ ਅੱਜ ਕਿਹਾ ਕਿ ਭਾਜਪਾ ਐੱਸ. ਡੀ. ਆਰ. ਐੱਫ. ਬਾਰੇ ਗਲਤ ਜਾਣਕਾਰੀ ਫੈਲਾ ਰਹੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਪੰਜਾਬ ਨੂੰ ਐੱਸ. ਡੀ. ਆਰ. ਐੱਫ. ਦੇ ਤਹਿਤ 5,012 ਕਰੋੜ ਰੁਪਏ ਪ੍ਰਾਪਤ ਹੋਏ ਸਨ, ਜਿਸ ਵਿਚੋਂ 3,820 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ। ਭਾਜਪਾ ਇਹ ਪ੍ਰਭਾਵ ਪੈਦਾ ਕਰ ਰਹੀ ਹੈ ਕਿ ਸੂਬੇ ਨੂੰ ਐੱਸ. ਡੀ. ਆਰ. ਐੱਫ. ਦੇ ਤਹਿਤ 12,000 ਕਰੋੜ ਰੁਪਏ ਪ੍ਰਾਪਤ ਹੋਏ ਹਨ। ਭਾਜਪਾ 1,200 ਕਰੋੜ ਰੁਪਏ ਦੀ ਬਕਾਇਆ ਰਕਮ ਨੂੰ 12,000 ਕਰੋੜ ਰੁਪਏ ਦਿਖਾਉਣ ਦੀ ਕੋਸ਼ਿਸ਼ ਕਰ ਰਹੀ ਹੈ।
ਭਾਜਪਾ 1,200 ਕਰੋੜ ਰੁਪਏ ਦੀ ਬਕਾਇਆ ਰਕਮ 'ਚ ਇਕ ਬੇਲੋੜੀ ਜ਼ੀਰੋ ਜੋੜ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਇਸ ਵਾਰ ਪੰਜਾਬ 'ਚ ਆਏ ਹੜ੍ਹਾਂ ਨੇ ਵੱਡੇ ਪੱਧਰ ’ਤੇ ਜਾਨ-ਮਾਲ ਦਾ ਨੁਕਸਾਨ ਕੀਤਾ ਹੈ। ਕੇਂਦਰ ਸਰਕਾਰ ਨੇ ਪੰਜਾਬ ਨੂੰ ਸਿਰਫ਼ 1,600 ਕਰੋੜ ਰੁਪਏ ਦੀ ਗ੍ਰਾਂਟ ਦੇਣ ਦਾ ਐਲਾਨ ਕੀਤਾ ਹੈ, ਜੋ ਨਾਕਾਫੀ ਹੈ। ਉਨ੍ਹਾਂ ਕਿਹਾ ਕਿ ਸ਼ੁਰੂਆਤੀ ਨੁਕਸਾਨ ਦੇ ਅੰਕੜਿਆਂ ਦੇ ਆਧਾਰ ’ਤੇ ਨੁਕਸਾਨ ਲੱਗਭਗ 13,800 ਕਰੋੜ ਰੁਪਏ ਹੈ। ਸੂਬਾ ਸਰਕਾਰ ਨੇ ਨੁਕਸਾਨ ਦਾ ਮੁਲਾਂਕਣ ਕਰਨ ਲਈ ਇਕ ਵਿਸ਼ੇਸ਼ ਸਰਵੇਖਣ ਦੇ ਹੁਕਮ ਦਿੱਤੇ ਹਨ। ਜਦੋਂ ਤੱਕ ਪੂਰੀਆਂ ਰਿਪੋਰਟਾਂ ਨਹੀਂ ਮਿਲਦੀਆਂ, ਇਹ ਕਹਿਣਾ ਮੁਸ਼ਕਿਲ ਹੈ ਕਿ ਪੰਜਾਬ ਨੂੰ ਅਸਲ ’ਚ ਕਿੰਨਾ ਨੁਕਸਾਨ ਹੋਇਆ ਹੈ। ਰਾਹੁਲ ਗਾਂਧੀ ਦੀ ਫੇਰੀ ਦਾ ਜ਼ਿਕਰ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਰਾਹੁਲ ਰਾਵੀ ਦਰਿਆ ਪਾਰ ਕਰਨਾ ਚਾਹੁੰਦੇ ਸਨ, ਜਿੱਥੋਂ ਪਾਕਿਸਤਾਨ ਦੀ ਸਰਹੱਦ 800 ਮੀਟਰ ਦੀ ਦੂਰੀ ’ਤੇ ਹੈ। ਅਜਿਹੀ ਸਥਿਤੀ ਵਿਚ ਰਾਹੁਲ ਗਾਂਧੀ ਦੀ ਸੁਰੱਖਿਆ ਨੂੰ ਜ਼ੋਖਮ ਵਿਚ ਪਾਉਣਾ ਸਹੀ ਨਹੀਂ ਸੀ।
ਹੜ੍ਹ ਪ੍ਰਭਾਵਿਤ ਲੋਕਾਂ ਨਾਲ ਡੱਟ ਕੇ ਖੜ੍ਹਿਆ ਮਨਕੀਰਤ ਔਲਖ, ਦਾਨ ਕੀਤੇ 10 ਹੋਰ ਟਰੈਕਟਰ
NEXT STORY