ਮੋਹਾਲੀ (ਨਿਆਮੀਆਂ) : ਨਵੀਂ ਦਿੱਲੀ ਵਿਖੇ ਸੰਘਰਸ਼ ਕਰ ਰਹੇ ਕਿਸਾਨਾਂ ਦੇ ਸੱਦੇ 'ਤੇ ਅੱਜ 'ਅੰਤਰਰਾਸ਼ਟਰੀ ਪੁਆਧੀ ਮੰਚ' ਵੱਲੋਂ ਏਅਰਪੋਰਟ ਰੋਡ 'ਤੇ ਤਿੰਨ ਘੰਟੇ ਲਈ ਚੱਕਾ ਜਾਮ ਕੀਤਾ ਗਿਆ। ਇਸ ਮੌਕੇ ਪ੍ਰੋ. ਮਨਜੀਤ ਸਿੰਘ ਨੇ ਧਰਨੇ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਅਮਰੀਕਾ ਵਰਗੇ ਦੇਸ਼ਾਂ 'ਚ ਕਿਸਾਨਾਂ ਦੀ ਹਾਲਤ ਅਜਿਹੇ ਕਾਨੂੰਨਾਂ ਕਾਰਨ ਕੱਖੋਂ ਹੌਲੀ ਹੋਈ ਪਈ ਹੈ। ਉਨ੍ਹਾਂ ਕਿਹਾ ਕਿ ਸਾਡੇ ਦੇਸ਼ 'ਚ ਵੀ ਇਸੇ ਤਰ੍ਹਾਂ ਕੀਤੇ ਜਾਣ ਦੀ ਤਿਆਰੀ ਹੈ, ਜੋ ਕਿ ਕਿਸੇ ਵੀ ਤਰ੍ਹਾਂ ਸਰਕਾਰ ਦੀ ਚਾਲ ਸਫ਼ਲ ਨਹੀਂ ਹੋਣ ਦਿੱਤੀ ਜਾਵੇਗੀ।
ਇਸ ਮੌਕੇ ਦਿੱਲੀ ਪੁਲਸ ਵੱਲੋਂ ਗ੍ਰਿਫ਼ਤਾਰ ਕੀਤੇ ਗਏ ਕਿਸਾਨਾਂ ਸਬੰਧੀ ਬੋਲਦਿਆਂ ਪ੍ਰੋ. ਮਨਜੀਤ ਸਿੰਘ ਨੇ ਕਿਹਾ ਕਿ ਦੇਸ਼ 'ਚ ਬਹੁਤ ਤਰ੍ਹਾਂ ਦੇ ਕੇਸ ਅਦਾਲਤਾਂ 'ਚ ਵਿਚਾਰ ਅਧੀਨ ਹਨ। ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਤੁਰੰਤ ਪ੍ਰਭਾਵ ਨਾਲ ਰਿਹਾਅ ਕਰਨਾ ਚਾਹੀਦਾ ਹੈ। ਇਹ ਕੇਸ ਚੱਲਦੇ ਰਹਿਣਗੇ, ਜਾਂਚ ਪੜਤਾਲ ਹੁੰਦੀ ਰਹੇਗੀ ਪਰ ਸਰਕਾਰ ਨੂੰ ਕਿਸੇ ਤਰ੍ਹਾਂ ਵੀ ਕਿਸਾਨਾਂ ਨੂੰ ਬੰਦ ਕਰਕੇ ਨਹੀਂ ਰੱਖਣਾ ਚਾਹੀਦਾ।
ਉਨ੍ਹਾਂ ਕਿਹਾ ਕਿ ਦਿੱਲੀ 'ਚ 5 ਤੋਂ 10 ਲੱਖ ਦੇ ਕਰੀਬ ਲੋਕ ਗਏ ਪਰ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਹੋਇਆ। ਇੱਥੋਂ ਤੱਕ ਕਿ ਲਾਲ ਕਿਲ੍ਹੇ ਬਾਰੇ ਜੋ ਰੌਲਾ ਪਾਇਆ ਜਾ ਰਿਹਾ ਹੈ, ਉਹ ਵੀ ਬਿਲਕੁਲ ਗ਼ਲਤ ਹੈ। ਉਨ੍ਹਾਂ ਕਿਹਾ ਕਿ ਲਾਲ ਕਿਲ੍ਹੇ 'ਤੇ ਕਿਸੇ ਤਰ੍ਹਾਂ ਦਾ ਕੋਈ ਨੁਕਸਾਨ ਨਹੀਂ ਕੀਤਾ ਗਿਆ ਅਤੇ ਨਾ ਹੀ ਕੋਈ ਭੰਨ-ਤੋੜ ਕੀਤੀ ਗਈ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਸੱਦੇ 'ਤੇ ਜਿਸ ਤਰ੍ਹਾਂ ਉੱਤਰ ਪ੍ਰਦੇਸ਼, ਰਾਜਸਥਾਨ, ਹਰਿਆਣਾ, ਮੱਧ ਪ੍ਰਦੇਸ਼ ਅਤੇ ਦੇਸ਼ ਭਰ ਦੇ ਕਿਸਾਨ ਇਕਮੁੱਠ ਹੋ ਕੇ ਖੜ੍ਹੇ ਹੋ ਗਏ ਹਨ, ਉਸ ਨੂੰ ਦੇਖਦਿਆਂ ਲੱਗਦਾ ਹੈ ਕਿ ਸਰਕਾਰ ਨੂੰ ਆਪਣਾ ਇਹ ਗ਼ਲਤ ਫ਼ੈਸਲਾ ਹਰ ਹਾਲਤ 'ਚ ਵਾਪਸ ਲੈਣਾ ਪਵੇਗਾ।
ਉਨ੍ਹਾਂ ਕਿਹਾ ਕਿ ਜੋ ਅੱਜ ਦਾ ਚੱਕਾ ਜਾਮ ਦਾ ਸੱਦਾ ਦਿੱਤਾ ਗਿਆ ਹੈ, ਉਸ ਦੀਆਂ ਰਿਪੋਰਟਾਂ ਜਦੋਂ ਸਰਕਾਰ ਤੱਕ ਜਾਣਗੀਆਂ ਤਾਂ ਸਰਕਾਰ ਇੱਕ ਵਾਰ ਜ਼ਰੂਰ ਆਪਣੇ ਮੱਥੇ 'ਤੇ ਹੱਥ ਮਾਰੇਗੀ ਕਿ ਇਹ ਕਿੱਥੇ ਪੰਗਾ ਲੈ ਲਿਆ ਹੈ। ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕਾਲੇ ਕਾਨੂੰਨ ਰੱਦ ਕਰਨੇ ਹੀ ਪੈਣਗੇ। ਇਸੇ ਦੌਰਾਨ ਪਿੰਡ ਲਖਨੌਰ ਵਿਖੇ ਵੀ ਕਿਸਾਨਾਂ ਨੇ ਸੜਕ 'ਤੇ ਆਪਣੇ ਟਰੈਕਟਰ-ਟਰਾਲੀਆਂ ਖੜ੍ਹੇ ਕਰਕੇ ਚੱਕਾ ਜਾਮ ਕਰ ਦਿੱਤਾ ਅਤੇ ਕਿਸੇ ਤਰ੍ਹਾਂ ਦੇ ਵਾਹਨ ਨੂੰ ਵੀ ਉੱਥੋਂ ਦੀ ਲੰਘਣ ਨਹੀਂ ਦਿੱਤਾ ਜਾ ਰਿਹਾ। ਇਸ ਮੌਕੇ ਡੀ. ਐੱਸ. ਪੀ. ਸਿਟੀ-2 ਦੀਪ ਕਮਲ ਵੱਡੀ ਗਿਣਤੀ 'ਚ ਪੁਲਸ ਫੋਰਸ ਸਮੇਤ ਉੱਥੇ ਮੌਜੂਦ ਸੀ ਤਾਂ ਜੋ ਕਿਸੇ ਤਰ੍ਹਾਂ ਦੀ ਕੋਈ ਅਣਸੁਖਾਵੀਂ ਘਟਨਾ ਨਾ ਵਾਪਰੇ ਪਰ ਸਭ ਸ਼ਾਂਤਮਈ ਢੰਗ ਨਾਲ ਚੱਲ ਰਿਹਾ ਹੈ।
‘ਚੱਕਾ ਜਾਮ’ ਨੂੰ ਜਲੰਧਰ ’ਚ ਭਰਵਾਂ ਹੁੰਗਾਰਾ, ‘ਜੈ ਜਵਾਨ ਜੈ ਕਿਸਾਨ’ ਦੇ ਨਾਅਰੇ ਲਗਾ ਕਿਸਾਨਾਂ ਦੇ ਹੱਕ ’ਚ ਡਟੇ ਬੱਚੇ
NEXT STORY