ਰੂਪਨਗਰ, (ਕੈਲਾਸ਼)- ਵਾਰਡ ਨੰਬਰ 1 ਅਧੀਨ ਪੈਂਦੇ ਆਜ਼ਾਦ ਨਗਰ ਦੇ ਗੰਦੇ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਮੁਹੱਲਾ ਵਾਸੀਆਂ ਨੇ ਸ਼ਿਕਾਇਤ ਪੱਤਰ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਨੂੰ ਦੇ ਕੇ ਕਾਰਵਾਈ ਦੀ ਮੰਗ ਕੀਤੀ ਹੈ।
ਜਾਣਕਾਰੀ ਦਿੰਦੇ ਹੋਏ ਮੁਹੱਲਾ ਵਾਸੀਆਂ ਦਰਬਾਰਾ ਸਿੰਘ, ਬਲਵਿੰਦਰ ਸਿੰਘ, ਮਨਦੀਪ ਕੌਰ, ਜਸਵਿੰਦਰ ਕੌਰ, ਜਰਨੈਲ ਸਿੰਘ, ਗੁਰਮੀਤ ਸਿੰਘ, ਕਾਬਲ ਸਿੰਘ, ਲਖਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਵਾਰਡ ਨੰਬਰ 1 'ਚ ਗੰਦੇ ਪਾਣੀ ਦੀ ਨਿਕਾਸੀ ਲਈ ਗ੍ਰਾਮ ਪੰਚਾਇਤ ਕੋਲ 3 ਸਤੰਬਰ 2016 ਨੂੰ 14 ਲੱਖ ਰੁਪਏ ਆਏ ਸਨ ਪਰ ਉਨ੍ਹਾਂ ਦੇ ਮੁਹੱਲੇ 'ਚ ਗੰਦੇ ਪਾਣੀ ਦੀ ਨਿਕਾਸੀ ਦਾ ਕੰਮ ਹਾਲੇ ਤੱਕ ਸ਼ੁਰੂ ਨਹੀਂ ਹੋਇਆ, ਜਿਸ ਕਾਰਨ ਉਨ੍ਹਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਲੋਕਾਂ ਨੇ ਦੱਸਿਆ ਕਿ ਵਾਰ-ਵਾਰ ਕਹਿਣ 'ਤੇ ਜਦੋਂ ਕੰਮ ਸ਼ੁਰੂ ਕੀਤਾ ਗਿਆ ਤਾਂ ਕੁਝ ਪਾਈਪਾਂ ਪਾ ਕੇ ਬਾਕੀ ਕੰਮ ਅਧੂਰਾ ਹੀ ਛੱਡ ਦਿੱਤਾ ਗਿਆ। ਉਨ੍ਹਾਂ ਹਲਕਾ ਵਿਧਾਇਕ ਅਮਰਜੀਤ ਸਿੰਘ ਸੰਦੋਆ ਤੋਂ ਇਲਾਵਾ ਡਿਪਟੀ ਕਮਿਸ਼ਨਰ ਰੂਪਨਗਰ, ਜ਼ਿਲਾ ਵਿਕਾਸ ਤੇ ਪੰਚਾਇਤ ਅਫਸਰ ਰੂਪਨਗਰ, ਬਲਾਕ ਵਿਕਾਸ ਤੇ ਪੰਚਾਇਤ ਅਫਸਰ, ਕਾਂਗਰਸੀ ਨੇਤਾ ਬਰਿੰਦਰ ਸਿੰਘ ਢਿੱਲੋਂ ਨੂੰ ਸ਼ਿਕਾਇਤ ਭੇਜ ਕੇ ਮੰਗ ਕੀਤੀ ਕਿ ਮਸਲੇ ਦਾ ਹੱਲ ਕੀਤਾ ਜਾਵੇ, ਨਹੀਂ ਤਾਂ ਉਹ ਐੱਚ. ਐੱਮ. ਟੀ. ਰਿਜ਼ੋਰਟ ਦੇ ਸਾਹਮਣੇ ਮੁੱਖ ਸੜਕ 'ਤੇ ਧਰਨਾ ਦੇਣ ਲਈ ਮਜਬੂਰ ਹੋਣਗੇ।
ਕੀ ਕਹਿੰਦੇ ਨੇ ਸਰਪੰਚ- ਪਿੰਡ ਹਵੇਲੀ ਦੇ ਸਰਪੰਚ ਰਾਮ ਸਿੰਘ ਨੇ ਕਿਹਾ ਕਿ ਆਜ਼ਾਦ ਨਗਰ ਕਾਲੋਨੀ ਗੈਰ-ਕਾਨੂੰਨੀ ਕਾਲੋਨੀ ਹੈ ਪਰ ਇਸ ਦੇ ਬਾਵਜੂਦ ਲੋਕਾਂ ਦੀ ਸਮੱਸਿਆ ਨੂੰ ਵੇਖਦੇ ਹੋਏ ਉਨ੍ਹਾਂ ਨੇ ਕੁਝ ਪਾਈਪਾਂ ਪਵਾ ਦਿੱਤੀਆਂ ਹਨ ਪਰ ਨੇੜੇ ਚੱਲਦੇ ਇਕ ਸਰਵਿਸ ਸਟੇਸ਼ਨ ਤੇ ਇਕ ਦੁਕਾਨਦਾਰ ਵੱਲੋਂ ਰਾਜਨੀਤਕ ਦਬਾਅ ਕਰਕੇ ਉਕਤ ਪਾਈਪਾਂ 'ਚ ਪਿੰਡ ਸ਼ਾਮਪੁਰਾ ਤੇ ਸਰਵਿਸ ਸਟੇਸ਼ਨ ਦੇ ਪਾਣੀ ਦੀ ਨਿਕਾਸੀ ਕਰ ਦਿੱਤੀ ਗਈ, ਜਿਸ ਕਾਰਨ ਆਜ਼ਾਦ ਨਗਰ ਦਾ ਪਾਣੀ ਨਹੀਂ ਪਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਇਸ ਸਬੰਧੀ ਹੋਰ ਪ੍ਰਬੰਧਾਂ ਬਾਰੇ ਕੋਸ਼ਿਸ਼ ਜਾਰੀ ਹੈ।
ਨਸ਼ੀਲੇ ਪਾਊਡਰ ਤੇ ਨਾਜਾਇਜ਼ ਸ਼ਰਾਬ ਸਣੇ 2 ਕਾਬੂ
NEXT STORY