ਚੰਡੀਗੜ੍ਹ (ਅਸ਼ਵਨੀ) : ਪੰਜਾਬ ਦੇ ਸਥਾਨਕ ਸਰਕਾਰਾਂ ਬਾਰੇ ਮੰਤਰੀ ਨਵਜੋਤ ਸਿੰਘ ਸਿੱਧੂ ਨੇ ਸਵੱਛ ਭਾਰਤ ਸਰਵੇਖਣ-2019 'ਚ ਵਿਸ਼ੇਸ਼ ਸਨਮਾਨ ਦੀ ਪ੍ਰਾਪਤੀ ਲਈ ਵਿਭਾਗ ਦੀ ਸ਼ਲਾਘਾ ਕੀਤੀ ਹੈ। ਜ਼ਿਕਰਯੋਗ ਹੈ ਕਿ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲੇ ਬਾਰੇ ਕੇਂਦਰੀ ਮੰਤਰਾਲੇ ਵਲੋਂ ਵਿਸ਼ਵ 'ਚ ਆਪਣੀ ਤਰ੍ਹਾਂ ਦੇ ਸਭ ਤੋਂ ਵੱਡੇ ਸਰਵੇਖਣ ਦਾ ਆਯੋਜਨ ਕੀਤਾ ਗਿਆ। ਇਸ ਸਰਵੇਖਣ 'ਚ ਪੰਜਾਬ ਨੂੰ 'ਸਸਟੇਨਏਬਲ ਸੈਨੀਟੇਸ਼ਨ' ਵੱਲ ਆਪਣੀਆਂ ਪ੍ਰਗਤੀਸ਼ੀਲ ਪਹਿਲਕਦਮੀਆਂ ਲਈ ਸੈਨੀਟੇਸ਼ਨ 'ਚ ਸਮੂਹ ਰਾਜਾਂ ਵਿਚੋਂ ਉੱਤਮ ਰਾਜ ਐਲਾਨਿਆ ਗਿਆ ਅਤੇ 'ਬੈਸਟ ਪਰਫਾਰਮਿੰਗ ਸਟੇਟ ਇਨ ਸੈਨੀਟੇਸ਼ਨ' ਐਵਾਰਡ ਨਾਲ ਨਿਵਾਜ਼ਿਆ ਗਿਆ।
6 ਮਾਰਚ, 2019 ਨੂੰ ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਵੱਲੋਂ ਨਤੀਜਿਆਂ ਦਾ ਐਲਾਨ ਕੀਤਾ ਗਿਆ ਅਤੇ ਮਕਾਨ ਉਸਾਰੀ ਅਤੇ ਸ਼ਹਿਰੀ ਮਾਮਲਿਆਂ ਬਾਰੇ ਕੇਂਦਰੀ ਮੰਤਰਾਲੇ ਵੱਲੋਂ ਵਿਗਿਆਨ ਭਵਨ, ਦਿੱਲੀ ਵਿਖੇ ਇਨਾਮ ਵੰਡ ਸਮਾਰੋਹ ਦਾ ਆਯੋਜਨ ਕੀਤਾ ਗਿਆ। ਇਸ ਬਾਰੇ ਹੋਰ ਜਾਣਕਾਰੀ ਦਿੰਦਿਆਂ ਸਰਕਾਰੀ ਬੁਲਾਰੇ ਨੇ ਦੱਸਿਆ ਕਿ ਇਸ ਸਰਵੇਖਣ ਵਿਚ ਦੇਸ਼ ਭਰ ਵਿਚੋਂ 4237 ਸ਼ਹਿਰੀ ਸਥਾਨਕ ਇਕਾਈਆਂ ਨੂੰ ਕਵਰ ਕੀਤਾ ਗਿਆ।ਕੁੱਲ ਮਿਲਾ ਕੇ ਪੰਜਾਬ ਰਾਜ ਨੇ ਉੱਤਰੀ ਭਾਰਤ ਵਿਚ ਪਹਿਲਾ ਸਥਾਨ ਹਾਸਲ ਕੀਤਾ ਅਤੇ ਦੇਸ਼ ਭਰ ਵਿਚੋਂ ਪਿਛਲੇ ਸਾਲ ਦੇ 9ਵੇਂ ਸਥਾਨ ਦੇ ਮੁਕਾਬਲੇ 7ਵਾਂ ਸਥਾਨ ਹਾਸਲ ਕੀਤਾ। ਇਸ ਮਾਣਮੱਤੀ ਪ੍ਰਾਪਤੀ ਦਾ ਸਿਹਰਾ ਪੰਜਾਬ ਦੇ ਲੋਕਾਂ ਨੂੰ ਜਾਂਦਾ ਹੈ ਜਿਨ੍ਹਾਂ ਨੂੰ ਬੈਸਟ ਪ੍ਰੈਕਟਿਸਿਜ਼ ਅਪਣਾਉਣ ਲਈ ਸੂਬੇ ਦੀ ਉੱਚ ਰਾਜਨੀਤਕ ਲੀਡਰਸ਼ਿਪ ਦਾ ਸਮਰਥਨ ਹਾਸਲ ਹੈ।
ਕਾਂਗਰਸ ਫੇਲ੍ਹ ਕਰੇਗੀ ਸਾਰੇ ਗੱਠਜੋੜ (ਦੇਖੋ 22 ਜ਼ਿਲਿਆਂ ਦੀਆਂ ਖਾਸ ਖਬਰਾਂ)
NEXT STORY