ਚੰਡੀਗੜ੍ਹ (ਭੁੱਲਰ) : ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ ਦੇ ਕੰਮਕਾਜ ਨੂੰ ਲੈ ਕੇ ਪਿਛਲੇ ਦਿਨੀਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਮੌਜੂਦਗੀ 'ਚ ਉਠਾਏ ਗਏ ਸਵਾਲ ਅਤੇ ਰਾਜ ਸਰਕਾਰ ਤੋਂ ਏ.ਜੀ. ਦਫ਼ਤਰ ਦੇ ਲੱਖਾਂ ਰੁਪਏ ਦੇ ਖਰਚੇ ਦਾ ਹਿਸਾਬ-ਕਿਤਾਬ ਪੁੱਛਣ ਤੋਂ ਬਾਅਦ ਪੰਜਾਬ ਕਾਂਗਰਸ ਅੰਦਰ ਏ.ਜੀ. ਨੂੰ ਹਟਾਉਣ ਦੀ ਮੰਗ ਜ਼ੋਰ ਫੜਦੀ ਦਿਖਾਈ ਦੇ ਰਹੀ ਹੈ। ਜ਼ਿਕਰਯੋਗ ਹੈ ਕਿ ਜਾਖੜ ਤੋਂ ਇਕ ਦਿਨ ਬਾਅਦ ਹੀ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਅਤੇ ਮੌਜੂਦਾ ਰਾਜਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ ਵੱਲੋਂ ਮੁੱਖ ਮੰਤਰੀ ਨੂੰ ਚਿੱਠੀ ਲਿਖ ਕੇ ਅਤੁਲ ਨੰਦਾ ਦੀ ਤੁਰੰਤ ਛੁੱਟੀ ਕਰਨ ਦੀ ਮੰਗ ਉਠਾਈ ਹੈ। ਪ੍ਰਦੇਸ਼ ਕਾਂਗਰਸ 'ਚ ਹੁਣ ਇਨ੍ਹਾਂ ਵੱਡੇ ਆਗੂਆਂ ਤੋਂ ਬਾਅਦ ਹੋਰ ਆਗੂ ਵੀ ਇਸ ਮੰਗ ਦੇ ਸਮਰਥਨ 'ਚ ਆਉਣ ਲੱਗੇ ਹਨ। ਅੱਜ ਕਾਂਗਰਸ ਵਿਧਾਇਕ ਸੁਰਜੀਤ ਧੀਮਾਨ ਨੇ ਵੀ ਅਤੁਲ ਨੰਦਾ ਨੂੰ ਅਹੁਦੇ ਤੋਂ ਹਟਾਏ ਜਾਣ ਦੀ ਮੰਗ ਕਰ ਦਿੱਤੀ ਹੈ।
ਅੱਜ ਉਨ੍ਹਾਂ ਕਿਹਾ ਕਿ ਜਿਹੜੇ ਅਧਿਕਾਰੀਆਂ ਦੀ ਕਾਰਗੁਜ਼ਾਰੀ ਠੀਕ ਨਹੀਂ, ਉਨ੍ਹਾਂ ਨੂੰ ਸਰਕਾਰ ਵੱਲੋਂ ਅਹੁਦੇ 'ਤੇ ਬਣਾਏ ਰੱਖਣ ਦਾ ਕੋਈ ਫਾਇਦਾ ਨਹੀਂ। ਉਨ੍ਹਾਂ ਕਿਹਾ ਕਿ ਪ੍ਰਦੇਸ਼ ਕਾਂਗਰਸ ਪ੍ਰਧਾਨ ਹੀ ਏ.ਜੀ. ਪੰਜਾਬ 'ਤੇ ਸਵਾਲ ਉਠਾ ਰਹੇ ਹਨ ਤਾਂ ਜ਼ਰੂਰ ਹੀ ਇਸ ਅਧਿਕਾਰੀ ਦੇ ਕੰਮ 'ਚ ਵੱਡੀਆਂ ਖਾਮੀਆਂ ਹੋਣਗੀਆਂ। ਇਸ ਦੌਰਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੱਲੋਂ ਬਾਜਵਾ ਦੇ ਪੱਤਰ ਦੇ ਜਵਾਬ 'ਚ ਏ.ਜੀ. ਨੰਦਾ ਨੂੰ ਹਟਾਉਣ ਦੀ ਮੰਗ ਨੂੰ ਰੱਦ ਕੀਤੇ ਜਾਣ ਤੋਂ ਬਾਅਦ ਪ੍ਰਦੇਸ਼ ਕਾਂਗਰਸ ਵੀ ਇਸ ਮੁੱਦੇ ਨੂੰ ਲੈ ਕੇ 2 ਹਿੱਸਿਆਂ 'ਚ ਵੰਡਦੀ ਦਿਖਾਈ ਦੇ ਰਹੀ ਹੈ। ਪਾਰਟੀ 'ਚ ਨਾਰਾਜ਼ ਹੋਰ ਕਈ ਵਿਧਾਇਕਾਂ ਦੇ ਵੀ ਅਗਲੇ ਦਿਨਾਂ 'ਚ ਜਾਖੜ ਤੇ ਬਾਜਵਾ ਵੱਲੋਂ ਏ.ਜੀ. ਨੂੰ ਹਟਾਉਣ ਲਈ ਕੀਤੀ ਗਈ ਮੰਗ ਦੇ ਸਮਰਥਨ 'ਚ ਆ ਜਾਣ ਨਾਲ ਪਾਰਟੀ ਅੰਦਰ ਕਲੇਸ਼ ਵਧਣ ਨਾਲ ਆਪਸੀ ਟਕਰਾਓ ਵਧ ਸਕਦਾ ਹੈ।
ਦਮਦਮੀ ਟਕਸਾਲ ਵਲੋਂ ਭਾਈ ਰਣਜੀਤ ਸਿੰਘ ਢੱਡਰੀਆਂ ਵਾਲੇ 'ਤੇ ਵੱਡਾ ਖੁਲਾਸਾ
NEXT STORY