ਚੰਡੀਗੜ੍ਹ (ਵਿਜੇ) : ਚੰਡੀਗੜ੍ਹ ਪ੍ਰਸ਼ਾਸਨ ਨੂੰ ਕੇਂਦਰ ਸਰਕਾਰ ਨੇ ਇਕ ਵੱਡਾ ਝਟਕਾ ਦਿੱਤਾ ਹੈ। ਆਉਣ ਵਾਲੇ ਸਮੇਂ ਵਿਚ ਪ੍ਰਸ਼ਾਸਨ ਨੂੰ ਬਜਟ ਵਿਚ ਕਿੱਲਤ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਪ੍ਰਸ਼ਾਸਨ ਨੇ ਕੇਂਦਰ ਸਰਕਾਰ ਤੋਂ ਜੋ ਰਿਵਾਈਜ਼ਡ ਬਜਟ ਮੰਗਿਆ ਸੀ, ਉਸ ਦਾ ਅੱਧਾ ਵੀ ਨਹੀਂ ਮਿਲਿਆ। ਸਤੰਬਰ ਵਿਚ ਚੰਡੀਗੜ੍ਹ ਪ੍ਰਸ਼ਾਸਨ ਨੇ ਰਿਵਾਈਜ਼ਡ ਬਜਟ ਤਿਆਰ ਕੀਤਾ ਸੀ।
ਪ੍ਰਸ਼ਾਸਨ ਨੂੰ ਉਮੀਦ ਸੀ ਕਿ ਰਿਵਾਈਜ਼ਡ ਬਜਟ ਨਾਲ ਜਿੰਨੇ ਵੀ ਪੈਂਡਿੰਗ ਕੰਮ ਹਨ, ਉਹ ਪੂਰੇ ਹੋ ਜਾਣਗੇ ਪਰ ਅਜਿਹਾ ਨਹੀਂ ਹੋ ਸਕਿਆ ਹੈ। ਪ੍ਰਸ਼ਾਸਨ ਨੇ ਜਿਥੇ 1100 ਕਰੋੜ ਰੁਪਏ ਦਾ ਬਜਟ ਕੇਂਦਰ ਤੋਂ ਮੰਗਿਆ ਸੀ, ਉਥੇ ਸਿਰਫ 112 ਕਰੋੜ ਹੀ ਪ੍ਰਸ਼ਾਸਨ ਨੂੰ ਮਿਲ ਸਕੇ ਹਨ, ਜਿਸ ਨਾਲ ਕਿ ਪ੍ਰਸ਼ਾਸਨ ਦੇ ਸਾਹਮਣੇ ਆਉਣ ਵਾਲੇ ਸਮੇਂ ਵਿਚ ਬਜਟ ਦੀ ਕਿੱਲਤ ਖੜ੍ਹੀ ਹੋ ਸਕਦੀ ਹੈ ਕਿਉਂਕਿ ਇਸ ਸਾਲ ਫਰਵਰੀ ਵਿਚ ਜੋ ਕੇਂਦਰ ਵਲੋਂ ਬਜਟ ਦਿੱਤਾ ਗਿਆ ਸੀ, ਉਹ ਰਾਸ਼ੀ ਕਾਫੀ ਘੱਟ ਸੀ। ਇਸ ਤੋਂ ਬਾਅਦ ਪ੍ਰਸ਼ਾਸਨ ਨੂੰ ਉਮੀਦ ਸੀ ਕਿ ਰਿਵਾਈਜ਼ਡ ਬਜਟ ਵਿਚ ਇਸ ਦੀ ਕੁਝ ਹੱਦ ਤਕ ਭਰਪਾਈ ਹੋ ਜਾਵੇਗੀ ਪਰ ਇਥੇ ਵੀ ਕੇਂਦਰ ਸਰਕਾਰ ਨੇ ਚੰਡੀਗੜ੍ਹ ਦੇ ਬਜਟ 'ਤੇ ਪੂਰੀ ਕੈਂਚੀ ਚਲਾ ਦਿੱਤੀ। ਪ੍ਰਸ਼ਾਸਨ ਨੇ ਇਹ ਬਜਟ ਆਪਣੇ ਕਈ ਵਿਭਾਗਾਂ ਲਈ ਮੰਗਿਆ ਸੀ। ਚਾਲੂ ਵਿੱਤੀ ਸਾਲ ਵਿਚ ਕੇਂਦਰ ਸਰਕਾਰ ਵਲੋਂ ਪ੍ਰਸ਼ਾਸਨ ਨੂੰ 4312 ਕਰੋੜ ਰੁਪਏ ਦਾ ਬਜਟ ਦਿੱਤਾ ਗਿਆ ਸੀ, ਜਿਸ ਵਿਚੋਂ 475 ਕਰੋੜ ਬਜਟ ਕੈਪੀਟਲ ਤੇ 3887 ਕਰੋੜ ਰੁਪਏ ਰੈਵੇਨਿਊ ਹੈੱਡ ਤਹਿਤ ਦਿੱਤੇ ਗਏ ਹਨ, ਜਦਕਿ ਵਿੱਤੀ ਸਾਲ 2017-18 ਲਈ ਪ੍ਰਸ਼ਾਸਨ ਨੇ 6151 ਕਰੋੜ ਰੁਪਏ ਦੇ ਬਜਟ ਦੀ ਮੰਗ ਕੀਤੀ ਸੀ। ਕੇਂਦਰ ਸਰਕਾਰ ਵਲੋਂ ਦਿੱਤੇ ਗਏ 4312 ਕਰੋੜ ਦੇ ਬਜਟ ਵਿਚੋਂ ਪ੍ਰਸ਼ਾਸਨ ਸਤੰਬਰ ਤਕ ਲਗਭਗ 2500 ਕਰੋੜ ਰੁਪਏ ਖਰਚ ਕਰ ਚੁੱਕਾ ਸੀ। ਹੁਣ ਪ੍ਰਸ਼ਾਸਨ ਦੇ ਸਾਹਮਣੇ ਇਹ ਵੱਡੀ ਪ੍ਰੇਸ਼ਾਨੀ ਹੈ ਕਿ ਆਉਣ ਵਾਲੇ ਤਿੰਨ ਮਹੀਨਿਆਂ ਤਕ ਕਿੰਝ ਗੁਜ਼ਾਰਾ ਕੀਤਾ ਜਾ ਸਕੇਗਾ।
ਸ਼ੇਰਾ ਵਰਗੇ ਕਈ ਗੈਂਗਸਟਰਾਂ 'ਤੇ ਵਿਦੇਸ਼ 'ਚ ਬੈਠੇ ਅੱਤਵਾਦੀਆਂ ਦੀ ਨਜ਼ਰ
NEXT STORY