ਚੰਡੀਗੜ੍ਹ (ਭੁੱਲਰ) : ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਤੇ ਸੰਸਦ ਮੈਂਬਰ ਭਗਵੰਤ ਮਾਨ ਨੇ ਰੋਪੜ ਤੋਂ 'ਆਪ' ਦੇ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀ ਕਾਂਗਰਸ 'ਚ ਸ਼ਮੂਲੀਅਤ 'ਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ 2 ਸਾਲਾਂ ਦੇ ਨਿਕੰਮੇ ਸ਼ਾਸਨ ਕਾਰਨ ਲੋਕਾਂ ਦੇ ਭਾਰੀ ਰੋਹ ਦਾ ਸਾਹਮਣਾ ਕਰ ਰਹੀ ਕਾਂਗਰਸ ਬੌਖਲਾ ਚੁੱਕੀ ਹੈ ਅਤੇ ਸੁਖਬੀਰ ਬਾਦਲ ਦੀ ਮਿਲੀਭੁਗਤ ਨਾਲ ਮਰੀਆਂ ਜ਼ਮੀਰਾਂ ਵਾਲੇ ਆਗੂਆਂ ਦੀ ਖਰੀਦੋ-ਫਰੋਖਤ ਕਰ ਰਹੀ ਹੈ। ਪਾਰਟੀ ਮੁੱਖ ਦਫਤਰ ਵਲੋਂ ਜਾਰੀ ਬਿਆਨ ਰਾਹੀਂ ਭਗਵੰਤ ਮਾਨ ਨੇ ਕਿਹਾ ਕਿ ਕੈ. ਅਮਰਿੰਦਰ ਸਿੰਘ ਦਾ ਸਾਰਾ ਜ਼ੋਰ ਇਸ ਗੱਲ 'ਤੇ ਲੱਗਿਆ ਹੋਇਆ ਕਿ ਆਮ ਆਦਮੀ ਪਾਰਟੀ ਤੋਂ ਵਿਰੋਧੀ ਧਿਰ ਦੀ ਕੁਰਸੀ ਖੋਹ ਕੇ ਸੁਖਬੀਰ ਬਾਦਲ ਨੂੰ ਕਿਵੇਂ ਦਿੱਤੀ ਜਾਵੇ ਤਾਂ ਕਿ ਇਕ ਪਾਸੇ ਬਤੌਰ ਵਿਰੋਧੀ ਧਿਰ ਕੈਪਟਨ ਸਰਕਾਰ ਲਈ ਵੱਡੀ ਚੁਣੌਤੀ ਬਣੀ ਆਮ ਆਦਮੀ ਪਾਰਟੀ ਤੋਂ ਨਿਜਾਤ ਮਿਲੇਗੀ ਅਤੇ ਦੂਜੇ ਪਾਸੇ ਬਾਦਲਾਂ ਦੀ ਡੁੱਬ ਰਹੀ ਬੇੜੀ ਨੂੰ ਕਾਂਗਰਸ ਦੇ ਅਜਿਹੇ ਹੱਥਕੰਡੇ ਸਹਾਰਾ ਬਣਨਗੇ। ਮਾਨ ਨੇ ਕਿਹਾ ਕਿ 2017 ਦੀਆਂ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਹੀ ਅਕਾਲੀ ਦਲ-ਭਾਜਪਾ ਅਤੇ ਕਾਂਗਰਸ ਨੇ ਇਕਜੁਟ ਹੋ ਚੋਣ ਲੜੀ ਤਾਂ ਕਿ ਕਿਸੇ ਵੀ ਕੀਮਤ 'ਤੇ ਆਮ ਆਦਮੀ ਪਾਰਟੀ ਨੂੰ ਪੰਜਾਬ ਵਰਗੇ ਪੂਰਨ ਰਾਜ 'ਚ ਸਰਕਾਰ ਬਣਾਉਣ ਦਾ ਮੌਕਾ ਨਾ ਦਿੱਤਾ ਜਾਵੇ।
ਉਨ੍ਹਾਂ ਕਿਹਾ ਕਿ ਇਸ ਗੱਲ ਦੀ ਪੁਸ਼ਟੀ ਪਹਿਲਾਂ ਅਕਾਲੀ ਦਲ ਅਤੇ ਕਾਂਗਰਸ ਦੇ ਸਾਂਝੇ ਆਗੂ ਅਤੇ ਸੰਸਦ ਮੈਂਬਰ ਸ਼ੇਰ ਸਿੰਘ ਘੁਬਾਇਆ ਨੇ ਅਤੇ ਹੁਣ ਕਾਂਗਰਸ ਤੋਂ ਅਕਾਲੀ ਦਲ ਬਾਦਲ 'ਚ ਸ਼ਾਮਲ ਹੋਏ ਸੀਨੀਅਰ ਆਗੂ ਗੁਰਵਿੰਦਰ ਸਿੰਘ ਬਾਲੀ ਨੇ ਕਰ ਦਿੱਤੀ, ਜੋ ਅਕਾਲੀ ਦਲ 'ਚ ਸ਼ਾਮਲ ਹੋਣ ਦੇ 9ਵੇਂ ਦਿਨ ਹੀ ਅਕਾਲੀ ਦਲ ਛੱਡ ਗਏ ਅਤੇ ਉਨ੍ਹਾਂ ਜਨਤਕ ਤੌਰ 'ਤੇ ਦੱਸਿਆ ਕਿ ਉਹ ਕੈ. ਅਮਰਿੰਦਰ ਸਿੰਘ ਦੀ ਲੋਕਾਂ 'ਚ ਪੋਲ ਖੋਲ੍ਹਣਾ ਚਾਹੁੰਦੇ ਸਨ ਪਰ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਉਨ੍ਹਾਂ (ਬਾਲੀ) ਨੂੰ ਅਜਿਹਾ ਕਰਨ ਤੋਂ ਰੋਕਣ ਲਈ ਸਟੇਜਾਂ ਤੋਂ ਬੋਲਣ ਹੀ ਨਹੀਂ ਦਿੱਤਾ। ਬੇਸ਼ਕ ਅੱਜ ਕਾਂਗਰਸ ਪੈਸੇ ਦਾ ਪਿਟਾਰਾ ਖੋਲ੍ਹ ਕੇ ਮਰੀਆਂ ਜ਼ਮੀਰਾਂ ਵਾਲੇ ਆਗੂਆਂ ਦੀ ਬੋਲੀ ਲਗਾ ਰਹੀ ਹੈ ਪਰ ਇਹ ਲੋਕ ਇਹ ਭੁੱਲੇ ਹੋਏ ਹਨ ਕਿ ਆਮ ਆਦਮੀ ਪਾਰਟੀ ਲੀਡਰਾਂ ਦੀ ਪਾਰਟੀ ਨਹੀਂ ਸਗੋਂ ਆਮ ਲੋਕਾਂ ਵਲੋਂ ਖੜ੍ਹੀ ਕੀਤੀ ਹੋਈ ਪਾਰਟੀ ਹੈ, ਇਸ ਲਈ ਸੰਦੋਆ-ਮਾਨਸ਼ਾਹੀਆ ਵਰਗੇ ਸਵਾਰਥੀ ਅਤੇ ਵਿਕਾਊ ਮਾਲ ਦੇ ਜਾਣ ਨਾਲ 'ਆਪ' ਦੇ ਆਧਾਰ ਨੂੰ ਕੋਈ ਫਰਕ ਨਹੀਂ ਪੈਂਦਾ।
ਮਾਈਨਿੰਗ ਮਾਫੀਆ ਨੇ ਕਰਵਾਇਆ ਸੰਦੋਆ-ਕਾਂਗਰਸ ਸਮਝੌਤਾ : ਚੱਢਾ
NEXT STORY