ਸ੍ਰੀ ਚਮਕੌਰ ਸਾਹਿਬ (ਵੈੱਬ ਡੈਸਕ)— ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਭਦੌੜ ਤੋਂ ਬਾਅਦ ਅੱਜ ਸ੍ਰੀ ਚਮਕੌਰ ਸਾਹਿਬ ਹਲਕੇ ਤੋਂ ਵੀ ਐੱਸ. ਡੀ. ਐੱਮ. ਦਫ਼ਤਰ ’ਚ ਚੋਣਾਂ ਲਈ ਨਾਮਜ਼ਦਗੀ ਪੱਤਰ ਭਰ ਦਿੱਤੇ ਹਨ। ਇਥੇ ਆਪਣੇ ਸੰਬੋਧਨ ਦੌਰਾਨ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਭਾਵੁਕ ਹੁੰਦੇ ਨਜ਼ਰ ਆਏ। ਮੁੱਖ ਮੰਤਰੀ ਚੰਨੀ ਨੇ ਕਿਹਾ ਕਿ 50 ਸਾਲਾ ਨਾਲੋਂ ਮੇਰੇ ਤਿੰਨ ਮਹੀਨਿਆਂ ਦਾ ਕੰਮ ਜ਼ਿਆਦਾ ਹੈ, 50 ਸਾਲ ਇਕ ਪਾਸੇ ਹਨ ਅਤੇ ਤਿੰਨ ਮਹੀਨੇ ਇਕ ਪਾਸੇ ਹਨ। ਉਨ੍ਹਾਂ ਕਿਹਾ ਕਿ ਕੋਈ ਪਿੰਡ ਅਜਿਹਾ ਨਹੀਂ, ਜਿੱਥੇ 50 ਲੱਖ ਰੁਪਇਆ ਨਾ ਗਿਆ ਹੋਵੇ, ਕਰੋੜਾਂ ਰੁਪਏ ਪਿੰਡਾਂ ਵਾਲਿਆਂ ਨੂੰ ਚਲੇ ਗਏ ਹਨ। ਉਨ੍ਹਾਂ ਵੋਟਰਾਂ ਨੂੰ ਅਪੀਲ ਕਰਦੇ ਕਿਹਾ ਕਿ ਉਹ ਇਕੱਲੇ ਹੀ ਆਪ-ਆਪਣਾ ਪਿੰਡ ਸਾਂਭ ਲੈਣ। ਇਥੇ ਦੱਸ ਦੇਈਏ ਕਿ ਸ੍ਰੀ ਚਮਕੌਰ ਸਾਹਿਬ ਹਲਕੇ ਲਈ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦਸਮੇਸ਼ ਗੜ੍ਹ ਭੈਰੋਮਾਜਰਾ ਵਿਖੇ ਮੱਥਾ ਟੇਕਣ ਪਹੁੰਚੇ ਸਨ।
ਇਹ ਵੀ ਪੜ੍ਹੋ: OP ਸੋਨੀ ਬੋਲੇ, ਚੰਨੀ ਸਰਕਾਰ ਨੇ 111 ਦਿਨਾਂ ’ਚ ਸਾਰੇ ਵਰਗਾਂ ਨੂੰ ਦਿੱਤੀ ਰਾਹਤ, ਹਿੰਦੂ ਕਾਂਗਰਸ ਦਾ ਰਵਾਇਤੀ ਵੋਟ ਬੈਂਕ

ਉਨ੍ਹਾਂ ਕਿਹਾ ਕਿ ਸ੍ਰੀ ਚਮਕੌਰ ਸਾਹਿਬ ਦੀ ਸੁੰਦਰਤਾ ’ਚ ਨਿਖਾਰ ਆਇਆ ਹੈ, ਜੋ ਅਜੂਬਾ ਸ੍ਰੀ ਚਮਕੌਰ ਸਾਹਿਬ ’ਚ ਬਣਿਆ ਹੈ, ਇਹੋ ਜਿਹਾ ਅਜੂਬਾ ਕਿਤੇ ਨਹੀਂ ਬਣਿਆ। ਇਸ ਮੌਕੇ ਉਨ੍ਹਾਂ ਲੋਕਾਂ ਨੂੰ ਅਪੀਲ ਕਰਦੇ ਹੋਏ ਕਿਹਾ 50 ਹਜ਼ਾਰ ਦੀਆਂ ਵੋਟਾਂ ਦੇ ਫ਼ਰਕ ਨਾਲ ਵੱਡੀ ਜਿੱਤ ਦਰਜ ਕਰਾਵਾਂਗੇ ਅਤੇ ਇਕ ਵੀ ਵੋਟ ਘੱਟ ਨਹੀਂ ਹੋਣੀ ਚਾਹੀਦੀ। ਅਸੀਂ ਲੋਕਾਂ ਦੇ ਸਾਰੇ ਮਸਲੇ ਹੱਲ ਕੀਤੇ ਹਨ। ਬਿਜਲੀ ਦੇ ਬਿੱਲ ਮੁਆਫ਼ ਕਰਨ ਤੋਂ ਇਲਾਵਾ ਪਾਣੀ ਦੇ ਬਿੱਲ ਅਤੇ ਪੈਟਰੋਲ-ਡੀਜ਼ਲ ਸਸਤਾ ਤੱਕ ਸਸਤਾ ਕੀਤਾ ਹੈ। ਉਨ੍ਹਾਂ ਕਿਹਾ ਕਿ ਲੋਕਾਂ ਦੇ ਸਾਰੇ ਮਸਲੇ ਹੱਲ ਕੀਤੇ ਹਨ, ਤਾਂ ਹੀ ਲੋਕ ਅੱਜ ਕਹਿੰਦੇ ਹਨ ‘ਘਰ-ਘਰ ’ਚ ਚੱਲੀ ਗੱਲ, ਚੰਨੀ ਕਰਦਾ ਮਸਲੇ ਹੱਲ’।

ਇਹ ਵੀ ਪੜ੍ਹੋ: ਵੱਡੀ ਖ਼ਬਰ: ਕਾਂਗਰਸ ਨੇ ਆਦਮਪੁਰ ਤੋਂ ਬਦਲਿਆ ਉਮੀਦਵਾਰ, ਮਹਿੰਦਰ ਸਿੰਘ ਕੇ. ਪੀ. ਨੂੰ ਦਿੱਤੀ ਟਿਕਟ: ਸੂਤਰ

ਵਿਰੋਧੀ ਧਿਰਾਂ ’ਤੇ ਸ਼ਬਦੀ ਹਮਲੇ ਕਰਦੇ ਮੁੱਖ ਮੰਤਰੀ ਚੰਨੀ ਨੇ ਕਿਹਾ ਕਿ ਸਾਰੀਆਂ ਪਾਰਟੀਆਂ ਸ੍ਰੀ ਚਮਕੌਰ ਸਾਹਿਬ ਦੇ ਲੋਕਾਂ ਨੂੰ ਦਬਾਉਣ ’ਤੇ ਤੁਰੀਆਂ ਹਨ। ਅਰਵਿੰਦ ਕੇਜਰੀਵਾਲ ’ਤੇ ਤੰਜ ਕੱਸਦਿਆਂ ਉਨ੍ਹਾਂ ਕਿਹਾ ਕਿ ਜਿੰਨੇ ਮਰਜ਼ੀ ਮੇਰੇ ’ਤੇ ਝੂਠੇ ਪਰਚੇ ਦਰਜ ਕਰਵਾ ਲੈਣ, ਭਾਵੇਂ ਰੇਡਾਂ ਕਰਵਾ ਲੈਣ ਪਰ ਜਦ ਤੱਕ ਸ੍ਰੀ ਚਮਕੌਰ ਸਾਹਿਬ ਦੇ ਹਲਕੇ ਦੇ ਲੋਕ ਮੇਰੇ ਨਾਲ ਹਨ, ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ। ਜ਼ਿਕਰਯੋਗ ਹੈ ਕਿ ਮੁੱਖ ਮੰਤਰੀ ਚਰਨਜੀਤ ਸਿੰਘ ਸ੍ਰੀ ਚਮਕੌਰ ਸਾਹਿਬ ਤੋਂ 2007 ਤੋਂ ਲਗਾਤਾਰ ਜਿੱਤ ਦਰਜਾਉਂਦੇ ਆ ਰਹ ਹਨ। 2007 ’ਚ ਚੰਨੀ ਆਜ਼ਾਦ ਉਮੀਦਵਾਰ ਦੇ ਤੌਰ ’ਤੇ ਜਿੱਤੇ ਅਤੇ 2012, 2017 ’ਚ ਮੁੱਖ ਮੰਤਰੀ ਚਰਨਜੀਤ ਸਿੰਘ ਕਾਂਗਰਸ ਦੀ ਟਿਕਟ ’ਤੇ ਜਿੱਤੇ ਸਨ।


ਇਹ ਵੀ ਪੜ੍ਹੋ: ਰਾਘਵ ਚੱਢਾ ਦਾ ਵੱਡਾ ਦਾਅਵਾ, ਦੋਵੇਂ ਸੀਟਾਂ ਤੋਂ ਸੀ. ਐੱਮ. ਚੰਨੀ ਨੂੰ ਹਰਾਏਗੀ ‘ਆਪ’
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਪੰਜਾਬ 'ਚ 3 ਸਾਬਕਾ ਕੇਂਦਰੀ ਮੰਤਰੀ ਤੇ ਰਿਸ਼ਤੇਦਾਰ ਲੜ ਰਹੇ ਵਿਧਾਨ ਸਭਾ ਚੋਣਾਂ
NEXT STORY