ਪਟਿਆਲਾ/ਸਨੌਰ (ਮਨਦੀਪ ਜੋਸਨ): ਪੰਜਾਬ ਕਾਂਗਰਸ ਦੇ ਇੰਚਾਰਜ ਭੁਪੇਸ਼ ਬਘੇਲ ਅਤੇ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਦੀ ਪਟਿਆਲਾ ਵਿਖੇ ਹੋਈ ਪ੍ਰੈੱਸ ਕਾਨਫਰੰਸ ਤੋਂ ਬਾਅਦ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਬੀਤੇ ਦਿਨੀਂ ਕਾਂਗਰਸ ਵੱਲੋਂ ਮੁਅੱਤਲ ਕੀਤੇ ਸਾਬਕਾ ਵਿਧਾਇਕ ਜਲਾਲਪੁਰ ਦੇ ਗ੍ਰਹਿ ਵਿਖੇ ਪੁੱਜੇ ਤੇ ਉਨ੍ਹਾਂ ਆਖਿਆ ਕਿ ਉਹ ਜਲਾਲਪੁਰ ਨਾਲ ਖੜੇ ਹਨ ਅਤੇ ਉਹ ਇਸ ਮੁੱਦੇ ਨੂੰ ਲੈ ਕੇ ਰਾਜਾ ਵੜਿੰਗ ਤੇ ਹਾਈਕਮਾਂਡ ਨਾਲ ਗੱਲ ਕਰਨਗੇ ਕਿ ਨੋਟਿਸਾਂ ਦੀ ਰਾਜਨੀਤੀ ਬੰਦ ਹੋਵੇ। ਜੇਕਰ ਨੋਟਿਸ ਕਢਣੇ ਬੰਦ ਨਾ ਕੀਤੇ ਤਾਂ ਪਾਰਟੀ ਦਾ ਨੁਕਸਾਨ ਹੋਵੇਗਾ। ਅਸੀਂ ਪਾਰਟੀ ਨੂੰ ਇਕਜੁਟ ਕਰਨ ਦੀ ਜਿੰਮੇਵਾਰੀ ਨਿਭਾਉਣੀ ਹੈ।
ਘਨੌਰ ਹਲਕਾ ਦੇ ਸਾਬਕਾ ਵਿਧਾਇਕ ਮਦਨ ਲਾਲ ਜਲਾਲਪੁਰ ਨੂੰ ਮੁਅੱਤਲ ਕਰਨ ਤੋਂ ਬਾਅਦ ਬੀਤੀ ਦੇਰ ਸ਼ਾਮ ਉਨ੍ਹਾਂ ਦੀ ਰਿਹਾਇਸ਼ ਵਿਖੇ ਪੁੱਜੇ ਚਰਨਜੀਤ ਸਿੰਘ ਚੰਨੀ ਵਿਵਾਦਾਂ ਤੋਂ ਬਚਦੇ ਨਜ਼ਰ ਆਏ ਅਤੇ ਸ਼ਬਦਾਂ ਉੱਪਰ ਉਨ੍ਹਾਂ ਨੇ ਪੂਰਾ ਕੰਟਰੋਲ ਰੱਖਿਆ। ਉਨ੍ਹਾਂ ਕਿਹਾ ਕਿ ਮੀਟਿੰਗਾਂ ਵਿਚ ਹੁਲੱੜਬਾਜ਼ੀ ਨਹੀ ਹੋਣੀ ਚਾਹੀਦੀ। ਕੋਈ ਵੀ ਮੇਰੇ ਹੱਕ ਵਿਚ ਨਾਅਰੇ ਨਾ ਲਗਾਵੇ।
ਚਰਨਜੀਤ ਸਿੰਘ ਚੰਨੀ ਨੇ ਕਿਹਾ ਕਿ ਡਿਸੀਪਲੀਨ ਕਮੇਟੀ ਨੂੰ ਕੋਈ ਵੀ ਹੱਕ ਨਹੀਂ ਕਿ ਉਹ ਕਿਸੇ ਵੀ ਪੀ.ਪੀ.ਸੀ. ਮੈਂਬਰ ਨੂੰ ਸਸਪੈਂਡ ਕਰੇ, ਉਹ ਤਾਂ ਸਿਰਫ ਕਾਂਗਰਸ ਪ੍ਰਧਾਨ ਅਤੇ ਹਾਈਕਮਾਂਡ ਨੂੰ ਸਿਫਾਰਿਸ਼ ਕਰਕੇ ਭੇਜ ਸਕਦੀ ਹੈ। ਉਨ੍ਹਾਂ ਆਖਿਆ ਕਿ ਜਲਾਲਪੁਰ ਕਾਂਗਰਸ ਦੀ ਮਜਬੂਤੀ ਲਈ ਹਮੇਸ਼ਾ ਕੰਮ ਕਰਦੇ ਰਹੇ ਹਨ ਤੇ ਮੈਂ ਅੱਜ ਵਿਸ਼ੇਸ਼ ਤੌਰ 'ਤੇ ਉਨ੍ਹਾਂ ਦੇ ਗ੍ਰਹਿ ਵਿਖੇ ਆਇਆ ਹਾਂ ਕਿ ਕਾਂਗਰਸ ਉਨ੍ਹਾਂ ਦੇ ਨਾਲ ਖੜੀ ਹੈ।
ਪੱਤਰਕਾਰਾਂ ਦੇ ਤਿਖੇ ਸਵਾਲਾਂ ਦੇ ਜਵਾਬਾਂ ਨੂੰ ਗੋਲਮੋਲ ਕਰਕੇ ਚਰਨਜੀਤ ਸਿੰਘ ਚੰਨੀ ਲੇ ਆਖਿਆ ਕਿ ਮੀਟਿੰਗਾਂ ਵਿਚ ਸਾਰੇ ਲੀਡਰਾਂ ਨੂੰ ਕਾਂਗਰਸ ਨੂੰ ਬੁਲਾਉਣਾ ਚਾਹੀਦਾ ਹੈ। ਇਸ ਤਰ੍ਹਾਂ ਕਰਨ ਨਾਲ ਕਈ ਵਾਰ ਨੁਕਸਾਨ ਹੋ ਜਾਂਦਾ ਹੈ ਪਰ ਉਨ੍ਹਾਂ ਨਾਲ ਹੀ ਕਿਹਾ ਕਿ ਬਹੁਤ ਜਲਦ ਹੀ ਕਾਂਗਰਸ ਵਿਚ ਸਭ ਕੁੱਝ ਠੀਕ ਹੋ ਜਾਵੇਗਾ। ਇਸ ਮੌਕੇ ਕਾਂਗਰਸ ਦੇ ਸੀਨੀਅਰ ਨੇਤਾ ਆਸ਼ੂ, ਡਾ. ਗਾਂਧੀ, ਹੈਰੀਮਾਨ ਤੇ ਹੋਰ ਨੇਤਾ ਵੀ ਮੌਜੂਦ ਰਹੇ। ਸਾਰਾ ਦਿਨ ਜਲਾਲਪੁਰ ਦੀ ਸਸਪੈਂਸ਼ਨ ਦਾ ਮੁੱਦਾ ਪੂਰੀ ਤਰ੍ਹਾਂ ਭਖਿਆ ਰਿਹਾ। ਜਲਾਲਪੁਰ ਦੇ ਗ੍ਰਹਿ ਵਿਖੇ ਸੈਂਕੜੇ ਕਾਂਗਰਸੀ ਸਮਰਥਕ ਤੇ ਬਹੁਤ ਸਾਰੇ ਸੀਨੀਅਰ ਕਾਂਗਰਸੀ ਨੇਤਾ ਵੀ ਮੌਜੂਦ ਰਹੇ।
ਲੁਧਿਆਣਾ: ਸਫ਼ਾਈ ਮੁਲਾਜ਼ਮਾਂ ਦੀ ਹੜਤਾਲ ਖ਼ਤਮ, ਸ਼ੁਰੂ ਹੋਈ ਕੂੜੇ ਦੀ ਲਿਫਟਿੰਗ
NEXT STORY