ਜਲੰਧਰ (ਖੁਰਾਣਾ)– ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਐਤਵਾਰ ਜਲੰਧਰ ’ਚ ਰਹੇ ਅਤੇ ਵਿਧਾਇਕ ਰਾਜਿੰਦਰ ਬੇਰੀ ਦੇ ਘਰ ਵੀ ਗਏ, ਜਿੱਥੇ ਸੈਂਟਰਲ ਹਲਕੇ ਦੇ ਵਧੇਰੇ ਕੌਂਸਲਰਾਂ ਨੇ ਉਨ੍ਹਾਂ ਨਾਲ ਮੁਲਾਕਾਤ ਕੀਤੀ। ਇਸ ਮੁਲਾਕਾਤ ਦੌਰਾਨ ਕੌਂਸਲਰ ਦੇ ਪਤੀ ਗੁਰਨਾਮ ਸਿੰਘ ਮੁਲਤਾਨੀ ਨੇ ਸੀ. ਐੱਮ. ਨੂੰ ਇਕ ਫਾਈਲ ਸੌਂਪੀ, ਜਿਸ ’ਚ ਨਗਰ ਨਿਗਮ ਦੇ ਕੌਂਸਲਰਾਂ ਲਈ 50 ਹਜ਼ਾਰ ਰੁਪਏ ਪ੍ਰਤੀ ਮਹੀਨਾ ਤਨਖ਼ਾਹ ਦੀ ਮੰਗ ਕੀਤੀ ਗਈ ਹੈ ਅਤੇ ਕੌਂਸਲਰਸ਼ਿਪ ਖ਼ਤਮ ਹੋਣ ’ਤੇ 30 ਹਜ਼ਾਰ ਰੁਪਏ ਮਹੀਨਾ ਪੈਨਸ਼ਨ ਲਾਉਣ ਦੀ ਵੀ ਮੰਗ ਰੱਖੀ ਗਈ ਹੈ। ਇਸ ਤੋਂ ਇਲਾਵਾ ਸੀ. ਐੱਮ. ਕੋਲੋਂ ਮੰਗ ਕੀਤੀ ਗਈ ਕਿ ਵਿਧਾਇਕਾਂ ਵਾਂਗ ਕੌਂਸਲਰਾਂ ਦਾ ਵੀ ਸਰਕਾਰ ਵੱਲੋਂ ਬੀਮਾ ਕਰਵਾਇਆ ਜਾਵੇ।
ਜ਼ਿਕਰਯੋਗ ਹੈ ਕਿ ਕੌਂਸਲਰਾਂ ਨੇ ਇਸ ਮੰਗ ਬਾਰੇ ਨਿਗਮ ਦੇ ਕੌਂਸਲਰ ਹਾਊਸ ਦੀ 29 ਨਵੰਬਰ 2019 ਨੂੰ ਹੋਈ ਮੀਟਿੰਗ ਦੌਰਾਨ ਪ੍ਰਸਤਾਵ ਵੀ ਪਾਇਆ ਸੀ, ਜਿਸ ’ਚ ਤਰਕ ਦਿੱਤਾ ਗਿਆ ਸੀ ਕਿ ਕੌਂਸਲਰਾਂ ਨੂੰ ਲੋਕਾਂ ਦੇ ਕੰਮਕਾਜ ਕਰਵਾਉਣ ਲਈ ਕਾਫ਼ੀ ਭੱਜ-ਦੌੜ ਕਰਨੀ ਪੈਂਦੀ ਹੈ ਅਤੇ ਆਉਣ-ਜਾਣ ’ਤੇ ਕਾਫ਼ੀ ਖ਼ਰਚ ਹੁੰਦਾ ਹੈ। ਲੋਕਾਂ ਨੂੰ ਚਾਹ-ਪਾਣੀ ਪਿਆਉਣ ’ਤੇ ਵੀ ਕੌਂਸਲਰਾਂ ਦਾ ਖ਼ਰਚਾ ਹੁੰਦਾ ਹੈ, ਇਸ ਲਈ ਉਨ੍ਹਾਂ ਨੂੰ ਜੋ ਤਨਖ਼ਾਹ ਮਿਲ ਰਹੀ ਹੈ, ਉਹ ਕਾਫ਼ੀ ਘੱਟ ਹੈ, ਜਿਸ ਨੂੰ ਵਧਾਇਆ ਜਾਣਾ ਚਾਹੀਦਾ ਹੈ ਅਤੇ ਵਿਧਾਇਕਾਂ ਦੀ ਤਰਜ਼ ’ਤੇ ਕੌਂਸਲਰਾਂ ਨੂੰ ਵੀ ਸਹੂਲਤਾਂ ਮਿਲਣੀਆਂ ਚਾਹੀਦੀਆਂ ਹਨ। ਪ੍ਰਸਤਾਵ ’ਚ ਇਹ ਤਰਕ ਵੀ ਦਿੱਤਾ ਗਿਆ ਸੀ ਕਿ ਕੌਂਸਲਰ ਕਾਫ਼ੀ ਸਮਾਂ ਸਮਾਜ-ਸੇਵਾ ’ਚ ਰੁਝੇ ਰਹਿੰਦੇ ਹਨ, ਇਸ ਲਈ ਉਨ੍ਹਾਂ ਦੇ ਕਾਰੋਬਾਰ ’ਤੇ ਵੀ ਬੁਰਾ ਪ੍ਰਭਾਵ ਪੈਂਦਾ ਹੈ।
ਇਹ ਵੀ ਪੜ੍ਹੋ: ਮੁੱਖ ਮੰਤਰੀ ਚੰਨੀ ਨੇ ਸ਼੍ਰੀ ਵਿਜੇ ਚੋਪੜਾ ਜੀ ਤੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਸ਼ਿਸ਼ਟਾਚਾਰਕ ਮੁਲਾਕਾਤ
ਹੁਣ ਚੰਨੀ ਤੋਂ ਆਸਾਂ
ਕੌਂਸਲਰਾਂ ਦੀ ਤਨਖ਼ਾਹ ’ਚ 3 ਗੁਣਾ ਤੋਂ ਵੀ ਵੱਧ ਵਾਧੇ ਦਾ ਪ੍ਰਸਤਾਵ ਅੱਜ ਤੋਂ 2 ਸਾਲ ਪਹਿਲਾਂ ਹਾਊਸ ਨੇ ਪਾਸ ਕਰਕੇ ਚੰਡੀਗੜ੍ਹ ਭੇਜਿਆ ਸੀ ਪਰ ਉਥੇ ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਨੇ ਇਸ ਨੂੰ 2 ਸਾਲ ਤਕ ਦਬਾਈ ਰੱਖਿਆ। ਹੁਣ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਆਪਣੇ ਖਜ਼ਾਨੇ ਦੇ ਮੂੰਹ ਖੋਲ੍ਹੇ ਹੋਏ ਹਨ ਅਤੇ ਵਿਧਾਨ ਸਭਾ ਚੋਣਾਂ ਦੇ ਮੱਦੇਨਜ਼ਰ ਇਨ੍ਹੀਂ ਦਿਨੀਂ ਗੱਫੇ ਵੰਡੇ ਜਾ ਰਹੇ ਹਨ। ਅਜਿਹੇ ’ਚ ਜਲੰਧਰ ਨਿਗਮ ਦੇ ਕੌਂਸਲਰਾਂ ਨੇ ਆਸ ਪ੍ਰਗਟਾਈ ਹੈ ਕਿ ਹੁਣ ਇਹ ਪ੍ਰਸਤਾਵ ਚੰਡੀਗੜ੍ਹ ਤੋਂ ਪਾਸ ਹੋ ਕੇ ਆ ਜਾਵੇਗਾ। ਜੇਕਰ ਇਸ ਲਈ ਚੰਡੀਗੜ੍ਹ ਵੀ ਜਾਣੇ ਪਿਆ ਤਾਂ ਕੌਂਸਲਰ ਉਥੇ ਇਕੱਠੇ ਹੋ ਕੇ ਜਾਣਗੇ।
ਇਹ ਵੀ ਪੜ੍ਹੋ: ਜਲੰਧਰ: ਸੁਰਜੀਤ ਹਾਕੀ ਸਟੇਡੀਅਮ ਪੁੱਜੇ CM ਚੰਨੀ, ਬੱਚਿਆਂ ਨਾਲ ਖਿੱਚਵਾਈਆਂ ਤਸਵੀਰਾਂ
ਇਸ਼ਤਿਹਾਰ ਠੇਕੇ ਅਤੇ ਐੱਨ. ਓ. ਸੀ. ਦੇ ਮਾਮਲੇ ਵੀ ਉੱਠੇ
ਇਸ ਦੌਰਾਨ ਗੁਰਨਾਮ ਸਿੰਘ ਮੁਲਤਾਨੀ ਨੇ ਸੀ. ਐੱਮ. ਨੂੰ ਕਿਹਾ ਕਿ ਜਲੰਧਰ ਨਿਗਮ ਤੋਂ ਐੱਨ. ਓ. ਸੀ. ਪ੍ਰਾਪਤ ਕਰਨਾ ਕਾਫ਼ੀ ਮੁਸ਼ਕਿਲ ਕੰਮ ਹੈ ਅਤੇ ਲੋਕਾਂ ਨੂੰ ਕਈ ਮੁਸ਼ਕਿਲਾਂ ਆਉਂਦੀਆਂ ਹਨ। ਐੱਨ. ਓ. ਸੀ. ਦੀ ਪ੍ਰਕਿਰਿਆ ਆਸਾਨ ਕੀਤੀ ਜਾਵੇ ਅਤੇ ਇਸ ਨੂੰ ਟਾਈਮ ਬਾਊਂਡ ਕੀਤਾ ਜਾਵੇ ਤਾਂ ਕਿ ਲੋਕਾਂ ਨੂੰ ਰਾਹਤ ਮਿਲ ਸਕੇ। ਇਸ ਤੋਂ ਇਲਾਵਾ ਕਾਂਗਰਸੀ ਕੌਂਸਲਰ ਨੀਰਜਾ ਜੈਨ ਨੇ ਵੀ ਮੁੱਖ ਮੰਤਰੀ ਨੂੰ ਮਿਲ ਕੇ ਇਸ਼ਤਿਹਾਰ ਠੇਕੇ ਬਾਰੇ ਗੱਲ ਕੀਤੀ ਅਤੇ ਕਿਹਾ ਕਿ ਘਪਲੇ ਸਾਬਿਤ ਹੋਣ ਦੇ ਬਾਵਜੂਦ ਅਤੇ ਕੌਂਸਲਰ ਹਾਊਸ ਵੱਲੋਂ ਸਰਬਸੰਮਤੀ ਨਾਲ ਪ੍ਰਸਤਾਵ ਪਾਸ ਕਰ ਦੇਣ ਤੋਂ ਬਾਅਦ ਵੀ ਸਰਕਾਰੀ ਅਧਿਕਾਰੀ ਉਸ ਨੂੰ ਮਨਜ਼ੂਰ ਨਹੀਂ ਕਰ ਰਹੇ, ਇਸ ਲਈ ਅਫ਼ਸਰਸ਼ਾਹੀ ਨੂੰ ਸਖ਼ਤ ਨਿਰਦੇਸ਼ ਦਿੱਤੇ ਜਾਣ। ਇਸ ਤੋਂ ਇਲਾਵਾ ਜਗਦੀਸ਼ ਦਕੋਹਾ ਨੇ ਵੀ ਮੁੱਖ ਮੰਤਰੀ ਸਾਹਮਣੇ ਮੰਗ ਰੱਖੀ ਕਿ ਦਕੋਹਾ ਇਲਾਕੇ ’ਚ ਕਈ ਏਕੜ ਸਰਕਾਰੀ ਜ਼ਮੀਨ ਖ਼ਾਲੀ ਪਈ ਹੋਈ ਹੈ, ਜਿਸ ’ਤੇ ਲੋਕ ਕਬਜ਼ੇ ਆਦਿ ਕਰ ਰਹੇ ਹਨ, ਇਸ ਲਈ ਉਥੇ ਗਰੀਬ ਅਤੇ ਲੋੜਵੰਦ ਵਰਗ ਲਈ ਦੋ-ਦੋ ਮਰਲੇ ਦੇ ਪਲਾਟ ਕੱਟ ਕੇ ਦਿੱਤੇ ਜਾਣ।
ਇਹ ਵੀ ਪੜ੍ਹੋ: CM ਚੰਨੀ ਤੋਂ ਬਾਅਦ ਹੁਣ ਖੇਡ ਮੰਤਰੀ ਪਰਗਟ ਸਿੰਘ ਨੇ ਜਲੰਧਰ ਵਿਖੇ ਖੇਡੀ ਹਾਕੀ, ਪੁਰਾਣੇ ਦਿਨ ਕੀਤੇ ਯਾਦ
ਨੋਟ : ਇਸ ਖ਼ਬਰ ਸਬੰਧੀ ਕੁਮੈਂਟ ਕਰਕੇ ਦਿਓ ਆਪਣੀ ਰਾਏ
ਮੁੱਖ ਮੰਤਰੀ ਚੰਨੀ ਨੇ ਸ਼੍ਰੀ ਵਿਜੇ ਚੋਪੜਾ ਜੀ ਤੇ ਪਰਿਵਾਰਕ ਮੈਂਬਰਾਂ ਨਾਲ ਕੀਤੀ ਸ਼ਿਸ਼ਟਾਚਾਰਕ ਮੁਲਾਕਾਤ
NEXT STORY