ਰੂਪਨਗਰ (ਬਿਊਰੋ) ਆਪ ਵਿਧਾਇਕ ਅਮਰਜੀਤ ਸਿੰਘ ਸੰਦੋਆ ਦੀਆਂ ਮੁਸ਼ਕਲਾਂ ਘਟਣ ਦਾ ਨਾਂ ਨਹੀਂ ਲੈ ਰਹੀਆਂ। ਮਹਿਲਾ ਨੂੰ ਮੰਦਾ ਬੋਲਣ, ਮਾੜਾ ਵਰਤਾਓ ਕਰਨ ਤੇ ਧਮਕੀਆਂ ਦੇਣ ਦੇ ਇਲਜ਼ਾਮਾਂ ਦਾ ਸਾਹਮਣਾ ਕਰ ਰਹੇ ਸੰਦੋਆ ਵਿਰੁੱਧ ਅਦਾਲਤ ਨੇ ਦੋਸ਼ ਆਇਦ ਕਰ ਦਿੱਤੇ ਹਨ। ਇਸ ਮਾਮਲੇ 'ਚ ਹੁਣ ਗਵਾਹੀਆਂ ਲਈ 21 ਅਗਸਤ ਦੀ ਤਰੀਕ ਮੁਕੱਰਰ ਕੀਤੀ ਗਈ ਹੈ।
ਵਿਧਾਇਕ ਸੰਦੋਆ ਨੇ ਬ੍ਰੇਨ ਮੈਪਿੰਗ, ਕੇਸ ਰੱਦ ਕਰਨ ਤੇ ਮੁੜ ਜਾਂਚ ਕਰਨ ਦੀਆਂ ਅਰਜ਼ੀਆਂ ਦਾਇਰ ਕੀਤੀਆਂ ਸਨ ਪਰ ਅਦਾਲਤ ਵਲੋਂ ਉਨ੍ਹਾਂ ਨੂੰ ਖਾਰਜ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਵਿਧਾਇਕ ਨੇ ਵਿਦੇਸ਼ ਜਾਣ ਦੀ ਇਜਾਜ਼ਤ ਲੈਣ ਲਈ ਵੀ ਅਰਜ਼ੀ ਦਿੱਤੀ ਸੀ। ਇਸ ਨੂੰ ਅਦਾਲਤ ਨੇ ਮਨਜ਼ੂਰ ਤਾਂ ਕਰ ਲਿਆ ਪਰ ਅਗਲੀ ਤਰੀਕ 21 ਅਗਸਤ ਤੋਂ ਪਹਿਲਾਂ ਵਾਪਸ ਮੁੜਣ ਦਾ ਹੁਕਮ ਵੀ ਜਾਰੀ ਕਰ ਦਿੱਤਾ।
ਦੱਸ ਦਈਏ ਕਿ ਪਿਛਲੇ ਸਾਲ ਅਕਤੂਬਰ ਮਹੀਨੇ ਪੁਲਸ ਨੂੰ ਦਿੱਤੇ ਬਿਆਨ 'ਚ ਮੁਹਾਲੀ ਵਾਸੀ ਮਹਿਲਾ ਨੇ ਇਲਜ਼ਾਮ ਲਾਏ ਸਨ ਕਿ ਅਮਰਜੀਤ ਸੰਦੋਆ ਨੂੰ ਉਸ ਨੇ ਰੂਪਨਗਰ ਦੀ ਜੈਲ ਸਿੰਘ ਨਗਰ ਕਾਲੋਨੀ 'ਚ ਸਥਿਤ ਕੋਠੀ ਨੰਬਰ 354 ਕਿਰਾਏ 'ਤੇ ਦਿੱਤੀ ਸੀ। ਸੰਦੋਆ ਨੇ ਮਈ ਵਿੱਚ ਬਿਨਾਂ ਕਿਰਾਇਆ ਦਿੱਤਿਆਂ ਕੋਠੀ ਛੱਡ ਦਿੱਤੀ ਸੀ।
ਮਹਿਲਾ ਨੇ ਇਲਜ਼ਾਮ ਲਾਇਆ ਸੀ ਕਿ 2017 ਦੌਰਾਨ ਹੋਈਆਂ ਚੋਣਾਂ ਦੌਰਾਨ ਵਰਤੀ ਗਈ ਕੋਠੀ ਦਾ ਬਣਦਾ ਕਿਰਾਇਆ ਕਰੀਬ 2,75000 ਰੁਪਏ ਤੇ ਬਿਜਲੀ-ਪਾਣੀ ਦੇ ਬਿੱਲਾਂ ਦਾ ਬਕਾਇਆ ਰਹਿੰਦਾ ਸੀ, ਜਦੋਂ ਉਸ ਨੇ ਕਿਰਾਇਆ ਮੰਗਿਆ ਤੇ ਸੰਦੋਆ ਤੱਕ ਪਹੁੰਚ ਕੀਤੀ ਤਾਂ ਉਸ ਨਾਲ ਗਲਤ ਸ਼ਬਦਾਵਲੀ ਦੀ ਵਰਤੋਂ ਕਰਕੇ ਧੱਕਾਮੁੱਕੀ ਕੀਤੀ ਗਈ। ਉਸ ਨੇ ਦੁਪੱਟਾ ਖਿੱਚਿਆ ਤੇ ਬਾਂਹ ਵੀ ਮਰੋੜੀ, ਜਿਸ ਕਾਰਨ ਉਸ ਦੇ ਸੱਟਾਂ ਵੀ ਲੱਗੀਆਂ ਸਨ।
ਜ਼ਿਕਰਯੋਗ ਹੈ ਕਿ ਵਿਧਾਇਕ ਸੰਦੋਆ ਵਿਰੁੱਧ ਪਿਛਲੇ ਸਾਲ ਜੁਲਾਈ ਮਹੀਨੇ ਸਿਟੀ ਪੁਲਸ ਰੂਪਨਗਰ ਨੇ ਐਫਆਈਆਰ ਦਰਜ ਕੀਤੀ ਸੀ। ਮਾਮਲਾ ਦਰਜ ਹੋਣ ਮਗਰੋਂ ਵਿਧਾਇਕ ਸੰਦੋਆ ਨੇ ਇਸ ਨੂੰ ਰਾਜਨੀਤੀ ਤੋਂ ਪ੍ਰੇਰਿਤ ਦੱਸਿਆ ਸੀ। ਉਨ੍ਹਾਂ ਦਲੀਲ ਦਿੱਤੀ ਸੀ ਕਿ ਮਹਿਲਾ ਦੇ ਇਲਜ਼ਾਮਾਂ ਤੋਂ ਬਾਅਦ ਕੁਝ ਹੀ ਘੰਟਿਆਂ ਵਿੱਚ ਮਾਮਲਾ ਕਿਵੇਂ ਦਰਜ ਹੋ ਗਿਆ, ਜਦੋਂਕਿ ਕਈ ਮਹੀਨੇ ਤੱਕ ਪੁਲਸ ਅਜਿਹੇ ਕੇਸਾਂ 'ਚ ਮਾਮਲਾ ਹੀ ਦਰਜ ਨਹੀਂ ਕਰਦੀ।
ਬਾਬਾ ਖਾਕੀ ਸ਼ਾਹ ਦਾ ਮੇਲਾ ਪੇਂਡੂ ਖੇਡਾਂ ਨਾਲ ਹੋਇਆ ਸਮਾਪਤ
NEXT STORY