ਜ਼ੀਰਕਪੁਰ (ਗੁਰਪ੍ਰੀਤ) : ਛੱਤਬੀੜ ਚਿੜੀਆਘਰ ਵਿਚ 3 ਸਾਲਾਂ ਤੋਂ ਨਾੜੀ ਰੋਗ ਤੋਂ ਗ੍ਰਸਤ ਏਸ਼ੀਆਈ ਪ੍ਰਜਾਤੀ ਦੇ ਬੱਬਰ ਸ਼ੇਰ ਯੁਵਰਾਜ ਦੀ ਇਲਾਜ ਦੌਰਾਨ ਮੌਤ ਹੋ ਗਈ, ਉਹ 12 ਸਾਲਾਂ ਦਾ ਸੀ। ਯੁਵਰਾਜ ਦੀ ਮੌਤ ਸੋਮਵਾਰ ਨੂੰ ਹੋਈ ਸੀ, ਜਿਸ ਦਾ ਮੰਗਲਵਾਰ ਨੂੰ ਨਿਯਮਾਂ ਦੇ ਮੁਤਾਬਕ ਸਰਕਾਰੀ ਪਸ਼ੂ ਚਿਕਿਤਸਕਾਂ ਵਲੋਂ ਲਾਸ਼ ਦਾ ਪੋਸਟਮਾਰਟਮ ਕੀਤਾ ਗਿਆ। ਫਿਰ ਉਸ ਦੇ ਸਰੀਰ ਨੂੰ ਅਗਨੀ ਭੇਟ ਕਰ ਦਿੱਤਾ ਗਿਆ। ਫ਼ਿਲਹਾਲ ਉਸ ਦੀ ਮੌਤ ਦਾ ਅਸਲੀ ਕਾਰਨ ਪੋਸਟਮਾਰਟਮ ਰਿਪੋਰਟ ਤੋਂ ਪਤਾ ਲਗ ਸਕੇਗਾ। ਯੁਵਰਾਜ ਦੀ ਮੌਤ ਤੋਂ ਬਾਅਦ ਪਸ਼ੂ ਪ੍ਰੇਮੀਆਂ ਵਿਚ ਦੁੱਖ ਦੀ ਲਹਿਰ ਪਾਈ ਜਾ ਰਹੀ ਹੈ।
ਜੂਨਾਗੜ੍ਹ ਤੋਂ ਲਿਆਂਦਾ ਸੀ
ਪ੍ਰਾਪਤ ਜਾਣਕਾਰੀ ਅਨੁਸਾਰ ਸੰਨ 2008 ਜੰਮੇ ਏਸ਼ੀਆਈ ਪ੍ਰਜਾਤੀ ਦੇ ਸ਼ੇਰ ਯੁਵਰਾਜ ਨੂੰ ਜੂਨਾਗੜ੍ਹ ਚਿੜੀਆਘਰ ਤੋਂ ਛੱਤਬੀੜ ਚਿੜੀਆਘਰ ਵਿਚ ਲਿਆਂਦਾ ਗਿਆ ਸੀ। ਇਹ ਸ਼ੇਰ ਪਿਛਲੇ 3 ਸਾਲਾਂ ਤੋਂ ਨਾੜੀ ਦੇ ਰੋਗ ਨਾਲ ਜੂਝ ਰਿਹਾ ਸੀ, ਜਿਸ ਦਾ ਪਸ਼ੂ ਪਾਲਣ ਵਿਭਾਗ ਅਤੇ ਲੁਧਿਆਣਾ ਦੀ ਗੁਰੂ ਅੰਗਦ ਦੇਵ ਪਸ਼ੂ ਯੂਨੀਵਰਸਿਟੀ ਦੇ ਡਾਕਟਰਾਂ ਵਲੋਂ ਇਲਾਜ ਕੀਤਾ ਜਾ ਰਿਹਾ ਸੀ ਪਰ ਫਿਰ ਵੀ ਯੁਵਰਾਜ ਅਕਸਰ ਬੀਮਾਰ ਰਹਿੰਦਾ ਸੀ।
ਇਕ ਮਹੀਨੇ ਤੋਂ ਸੈਲਾਨੀਆਂ ਤੋਂ ਦੂਰ ਰੱਖਿਆ ਗਿਆ ਸੀ
ਇਸ ਸਾਲ ਜੂਨ ਮਹੀਨੇ ਵਿਚ ਵੀ ਯੁਵਰਾਜ ਗੰਭੀਰ ਬੀਮਾਰ ਹੋ ਗਿਆ ਸੀ ਅਤੇ ਬਰੇਲੀ ਤੋਂ ਆਏ ਪਸ਼ੂ ਚਿਕਿਤਸਕਾਂ ਦੀ ਸਲਾਹ 'ਤੇ ਉਸ ਦੀ ਵਿਸ਼ੇਸ਼ ਦੇਖਭਾਲ ਲਈ ਉਸ ਨੂੰ ਸੈਲਾਨੀਆਂ ਤੋਂ ਇਕ ਮਹੀਨੇ ਲਈ ਦੂਰ ਰੱਖਿਆ ਗਿਆ ਸੀ। ਜੁਲਾਈ ਦੇ ਆਖਰੀ ਹਫਤੇ ਉਸ ਦੀ ਹਾਲਤ ਵਿਚ ਸੁਧਾਰ ਵੀ ਹੋ ਗਿਆ ਸੀ ਪਰ ਸੋਮਵਾਰ ਸਵੇਰੇ ਅਚਾਨਕ ਯੁਵਰਾਜ ਦੀ ਸਿਹਤ ਖ਼ਰਾਬ ਹੋ ਗਈ ਅਤੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ।
ਸਿਰਫ 3 ਸ਼ੇਰ ਰਹਿ ਗਏ, ਦੋ ਜੋੜੇ ਲਿਆਉਣ ਦੀ ਤਿਆਰੀ
ਛੱਤਬੀੜ ਚਿੜੀਆਘਰ ਦੇ ਇਕ ਬੁਲਾਰੇ ਨੇ ਜਾਣਕਾਰੀ ਦਿੰਦੇ ਹੋਏ ਕਿਹਾ ਕਿ ਮੌਜੂਦਾ ਸਮੇਂ ਵਿਚ ਸ਼ੇਰ ਸਫਾਰੀ ਵਿਚ ਸ਼ੇਰਾਂ ਦੀ ਗਿਣਤੀ 3 ਰਹਿ ਗਈ ਹੈ, ਜਿਸ ਨੂੰ ਵਧਾਉਣ ਲਈ ਚਿੜੀਆਘਰ ਪ੍ਰਸ਼ਾਸਨ ਵਲੋਂ ਇੰਦੌਰ ਅਤੇ ਰਾਜਕੋਟ ਤੋਂ ਦੋ ਸ਼ੇਰਾਂ ਦੇ ਜੋੜੇ ਲਿਆਉਣ ਦੀਆਂ ਕੋਸ਼ਿਸ਼ਾਂ ਜਾਰੀ ਹਨ, ਜਿਨ੍ਹਾਂ ਵਿਚੋਂ 2 ਸ਼ੇਰ ਅਗਲੇ 15 ਦਿਨਾਂ ਤਕ ਪਹੁੰਚਣ ਦੀ ਉਮੀਦ ਹੈ।
ਸੁਸ਼ਮਾ ਸਵਰਾਜ ਦੀ ਮੌਤ ਨੇ ਤੋੜੀ ਪੰਜਾਬੀ ਨੌਜਵਾਨ ਦੀ ਉਮੀਦ
NEXT STORY