ਸ੍ਰੀ ਮੁਕਤਸਰ ਸਾਹਿਬ (ਪਵਨ) - ਜ਼ਿਲਾ ਤੇ ਸੈਸ਼ਨਜ਼ ਜੱਜ ਕਿਸ਼ੋਰ ਕੁਮਾਰ ਵੱਲੋਂ ਪਿੰਡ ਬੁੜਾ ਗੁਜਰ ਸਥਿਤ ਜੇਲ ਦਾ ਨਿਰੀਖਣ ਕੀਤਾ ਗਿਆ। ਇਸ ਸਮੇਂ ਜ਼ਿਲਾ ਕਾਨੂੰਨੀ ਸੇਵਾਵਾਂ ਅਥਾਰਟੀ ਦੇ ਸਕੱਤਰ ਚੀਫ ਜੁਡੀਸ਼ੀਅਲ ਮੈਜਿਸਟ੍ਰੇਟ ਮੈਡਮ ਹਰਗੁਰਜੀਤ ਕੌਰ ਉਨ੍ਹਾਂ ਨਾਲ ਸਨ। ਇਸ ਨਿਰੀਖਣ ਦੌਰਾਨ ਕੈਦੀਆਂ ਦੀਆਂ ਬੈਰਕਾਂ, ਉਨ੍ਹਾਂ ਦੇ ਰਹਿਣ-ਸਹਿਣ, ਮੈਡੀਕਲ ਸਹੂਲਤਾਂ, ਰਸੋਈ ਅਤੇ ਖਾਣੇ ਦੀ ਚੈਕਿੰਗ ਦੇ ਨਾਲ-ਨਾਲ ਕੈਦੀਆਂ ਦੀਆਂ ਪੇਸ਼ੀਆਂ ਦੇ ਰਿਕਾਰਡ ਨੂੰ ਚੈੱਕ ਕੀਤਾ ਗਿਆ। ਇਸ ਮੌਕੇ ਸੈਸ਼ਨ ਜੱਜ ਕਿਸ਼ੋਰ ਕੁਮਾਰ ਨੇ ਜੇਲ ਅਧਿਕਾਰੀਆਂ ਨੂੰ ਹਦਾਇਤਾਂ ਜਾਰੀ ਕਰਦਿਆਂ ਕਿਹਾ ਕਿ ਜੇਲ ਨਿਯਮਾਂ ਦੀ ਸਖਤੀ ਨਾਲ ਪਾਲਣਾ ਕੀਤੀ ਜਾਵੇ। ਕੈਦੀਆਂ ਪ੍ਰਤੀ ਸਾਕਾਰਾਤਮਕ ਰਵੱਈਆ ਰੱਖਿਆ ਜਾਣਾ ਚਾਹੀਦਾ ਹੈ, ਭਾਵੇਂ ਮੁਲਜ਼ਮਾਂ ਨੂੰ ਜੇਲਾਂ ਵਿਚ ਸਜ਼ਾ ਦੇਣ ਲਈ ਰੱਖਿਆ ਜਾਂਦਾ ਹੈ ਪਰ ਉਨ੍ਹਾਂ ਦੇ ਮਨੁੱਖੀ ਤੇ ਕਾਨੂੰਨੀ ਅਧਿਕਾਰਾਂ ਦਾ ਖਿਆਲ ਰੱਖਿਆ ਜਾਣਾ ਚਾਹੀਦਾ ਹੈ।
ਇਸ ਸਮੇਂ ਜੱਜ ਸਾਹਿਬਾਨ ਵੱਲੋਂ ਕੈਦੀਆਂ ਤੇ ਹਵਾਲਾਤੀਆਂ ਦੀਆਂ ਮੁਸ਼ਕਲਾਂ ਸੁਣੀਆਂ ਗਈਆਂ ਤੇ ਕਈਆਂ ਦਾ ਮੌਕੇ 'ਤੇ ਨਿਪਟਾਰਾ ਕੀਤਾ ਗਿਆ। ਕਿਸ਼ੋਰ ਕੁਮਾਰ ਨੇ ਜੇਲ ਅਧਿਕਾਰੀਆਂ ਨੂੰ ਹਦਾਇਤ ਕੀਤੀ ਕਿ ਬੀਮਾਰ ਕੈਦੀਆਂ ਦੇ ਇਲਾਜ ਅਤੇ ਕਾਨੂੰਨੀ ਸਹਾਇਤਾ 'ਚ ਬਿਲਕੁਲ ਢਿੱਲ ਨਾ ਵਰਤੀ ਜਾਵੇ।
ਸੀ. ਜੇ. ਐੱਮ. ਹਰਗੁਰਜੀਤ ਕੌਰ ਵੱਲੋਂ ਜੇਲ ਅਧਿਕਾਰੀਆਂ ਤੋਂ ਮੁਫਤ ਕਾਨੂੰਨੀ ਸਹਾਇਤਾ ਪ੍ਰਾਪਤ ਕਰਨ ਦੇ ਚਾਹਵਾਨ ਕੈਦੀਆਂ ਦਾ ਵੇਰਵਾ ਲਿਆ ਗਿਆ ਅਤੇ ਉਨ੍ਹਾਂ ਦੀ ਸਜ਼ਾ ਨਾਲ ਸਬੰਧਿਤ ਰਿਕਾਰਡ ਦੀ ਜਾਂਚ ਕੀਤੀ ਗਈ। ਉਨ੍ਹਾਂ ਦੱਸਿਆ ਕਿ ਇਸ ਨਿਰੀਖਣ ਦੌਰਾਨ ਕੋਈ ਗੈਰ ਕਾਨੂੰਨੀ ਵਸਤੂ ਜਾਂ ਘਟਨਾ ਸਾਹਮਣੇ ਨਹੀਂ ਆਈ। ਇਸ ਮੌਕੇ ਜੇਲ ਸੁਪਰਡੈਂਟ ਸ਼ਿਵਰਾਜ ਸਿੰਘ ਨੰਦਗੜ੍ਹ ਤੋਂ ਇਲਾਵਾ ਜੇਲ ਸਟਾਫ ਹਾਜ਼ਰ ਸੀ।
ਟਿਊਬਵੈੱਲਾਂ ਦੀਆਂ ਮੋਟਰਾਂ 'ਤੇ ਦਿਨ-ਰਾਤ ਜਗਦੇ ਬਲੱਬ ਘਰੇਲੂ ਖਪਤਕਾਰਾਂ ਦੀ ਜੇਬ 'ਤੇ ਪਾ ਰਹੇ ਨੇ ਬੋਝ
NEXT STORY