ਪਟਿਆਲਾ/ਪਾਤੜਾਂ (ਰਾਜੇਸ਼ ਪੰਜੌਲਾ, ਮਾਨ, ਚੋਪੜਾ)—ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਜ਼ਿਲਾ ਪਟਿਆਲਾ ਦੀ ਜ਼ਿਲਾ ਸ਼ਿਕਾਇਤ ਨਿਵਾਰਨ ਕਮੇਟੀ ਦੀ ਮੀਟਿੰਗ ਵਿਚੋਂ ਉਪਜਿਆ ਸਿਆਸੀ ਤੂਫਾਨ ਰੁਕਣ ਦਾ ਨਾਂ ਨਹੀਂ ਲੈ ਰਿਹਾ। ਬੇਸ਼ੱਕ ਪਟਿਆਲਾ ਦੀ ਐੱਮ. ਪੀ. ਮਹਾਰਾਣੀ ਪ੍ਰਨੀਤ ਕੌਰ ਨੇ ਜ਼ਿਲਾ ਪਟਿਆਲਾ ਦੇ ਤਿੰਨ ਕਾਂਗਰਸੀ ਵਿਧਾਇਕਾਂ ਨੂੰ ਹੈਲੀਕਾਪਟਰ ਦੀ ਸੈਰ ਵੀ ਕਰਵਾ ਦਿੱਤੀ ਹੈ ਪਰ ਚੌਥੇ ਹਲਕਾ ਸ਼ੁਤਰਾਣਾ ਦੇ ਵਿਧਾਇਕ ਨਿਰਮਲ ਸਿੰਘ ਸ਼ੁਤਰਾਣਾ ਨੇ ਆਪਣੇ ਸੁਰ ਹੋਰ ਤਿੱਖੇ ਕਰ ਲਏ ਹਨ। ਇਥੇ ਗੱਲਬਾਤ ਕਰਦਿਆਂ ਉਨ੍ਹਾਂ ਕਿਹਾ ਕਿ ਪਿਛਲੇ ਤਿੰਨ ਸਾਲਾਂ ਦੌਰਾਨ ਹਲਕਾ ਸ਼ੁਤਰਾਣਾ ਅੰਦਰ ਕੋਈ ਵੀ ਵਿਕਾਸ ਕਾਰਜ ਨਹੀਂ ਹੋ ਰਿਹਾ। ਹਲਕਾ ਸ਼ੁਤਰਾਣਾ ਨਾਲ ਮਤਰੇਆ ਵਿਹਾਰ ਕੀਤਾ ਜਾ ਰਿਹਾ ਹੈ। ਉਨ੍ਹਾਂ ਐਲਾਨ ਕੀਤਾ ਕਿ ਜੇਕਰ ਸ਼ੁਤਰਾਣਾ ਹਲਕੇ ਦਾ ਵਿਕਾਸ ਸ਼ੁਰੂ ਨਾ ਹੋਇਆ ਤਾਂ ਉਹ ਆਪਣੀ ਹੀ ਸਰਕਾਰ ਖਿਲਾਫ ਮੋਰਚਾ ਖੋਲ੍ਹਦੇ ਹੋਏ ਮੁੱਖ ਮੰਤਰੀ ਕੈ. ਅਮਰਿੰਦਰ ਸਿੰਘ ਦੇ ਨਿਵਾਸ ਸਾਹਮਣੇ ਅਣਮਿਥੇ ਸਮੇਂ ਦੇ ਧਰਨੇ 'ਤੇ ਬੈਠ ਜਾਣਗੇ।
ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸਰਕਾਰ ਬਣਨ ਤੋਂ ਬਾਅਦ ਹਲਕਾ ਸ਼ੁਤਰਾਣਾ ਵਿਖੇ ਪਾਤੜਾਂ ਦੀ ਦਾਣਾ ਮੰਡੀ ਬਣਾਉਣ, ਜੁਡੀਸ਼ੀਅਲ ਕੋਰਟ ਬਣਾਉਣ, ਪੋਲੀਟੈਕਨੀਕਲ ਕਾਲਜ ਨਨਹੇੜਾ ਵਿਖੇ ਬਣਾਉਣ, ਪਿੰਡ ਕਕਰਾਲਾ ਨੂੰ ਬਲਾਕ ਬਣਾਉਣ, ਪਾਤੜਾਂ ਸ਼ਹਿਰ ਲਈ ਇਕ ਪਾਰਕ ਅਤੇ ਪਾਤੜਾਂ ਵਿਖੇ ਟਰੋਮਾ ਸੈਂਟਰ ਬਣਾਉਣ ਦੀਆਂ ਮੰਗਾਂ ਪੂਰੀਆਂ ਕਰਨ ਦਾ ਜੋ ਵਾਅਦਾ ਕੀਤਾ ਸੀ, ਜਿਨ੍ਹਾਂ ਦਾ ਸਾਬਕਾ ਕੇਂਦਰੀ ਵਿਦੇਸ਼ ਰਾਜ ਮੰਤਰੀ ਅਤੇ ਮੈਂਬਰ ਪਾਰਲੀਮੈਂਟ ਪ੍ਰਨੀਤ ਕੌਰ ਪਾਤੜਾਂ ਵਿਖੇ ਦੋ ਵਾਰ ਐਲਾਨ ਕਰ ਚੁੱਕੇ ਹਨ, ਉਨ੍ਹਾਂ 'ਚੋਂ ਕੋਈ ਵੀ ਵਾਅਦਾ ਤਿੰਨ ਸਾਲ ਬੀਤਣ ਦੇ ਬਾਵਜੂਦ ਵੀ ਪੂਰਾ ਨਹੀਂ ਕੀਤਾ ਗਿਆ। ਇਸ ਸਬੰਧੀ ਹਲਕਾ ਸ਼ੁਤਰਾਣਾ ਦੀ ਜਨਤਾ ਮੈਨੂੰ ਸਵਾਲ-ਜਵਾਬ ਕਰ ਰਹੀ ਹੈ।
ਸ਼ਤਰਾਣਾ ਨੇ ਹਲਕੇ ਦੇ ਕੁਝ ਅਧਿਕਾਰੀਆਂ ਖਿਲਾਫ ਵੀ ਬੋਲਦਿਆਂ ਕਿਹਾ ਕਿ ਜਿਹੜੇ ਅਧਿਕਾਰੀ ਹਲਕਾ ਸ਼ੁਤਰਾਣਾ ਅੰਦਰ ਪੰਜਾਬ ਸਰਕਾਰ ਵੱਲੋਂ ਲਾਏ ਗਏ ਹਨ, ਉਹ ਬਿਲਕੁਲ ਮੇਰੇ ਕਹਿਣ ਅਨੁਸਾਰ ਕੰਮ ਨਹੀਂ ਕਰ ਰਹੇ। ਕੁਝ ਅਧਿਕਾਰੀਆਂ ਉੱਤੇ ਰਿਸ਼ਵਤ ਦੇ ਇਲਜ਼ਾਮ ਲਾਉਂਦਿਆਂ ਵਿਧਾਇਕ ਨੇ ਕਿਹਾ ਕਿ ਜਿਹੜੇ ਅਧਿਕਾਰੀ ਮੁੱਖ ਮੰਤਰੀ ਦਫਤਰ ਦੇ ਸੰਪਰਕ ਨਾਲ ਇੱਥੇ ਲੱਗੇ ਹਨ, ਉਹ ਸਾਡੇ ਫੋਨ ਕਰਨ ਦੀ ਵੀ ਪ੍ਰਵਾਹ ਨਾ ਕਰ ਕੇ ਹਲਕੇ ਦੇ ਲੋਕਾਂ ਕੋਲੋਂ ਵੱਡੇ ਪੱਧਰ 'ਤੇ ਰਿਸ਼ਵਤ ਲੈ ਕੇ ਕੰਮ ਕਰ ਰਹੇ ਹਨ।ਉਨ੍ਹਾਂ ਐਲਾਨ ਕੀਤਾ ਕਿ ਜੇਕਰ ਪੰਜਾਬ ਸਰਕਾਰ ਵੱਲੋਂ ਹਲਕਾ ਸ਼ੁਤਰਾਣਾ ਦੀਆਂ ਮੁੱਖ ਮੰਗਾਂ ਵਾਲੇ ਵਿਕਾਸ ਕਾਰਜ ਜਲਦ ਸ਼ੁਰੂ ਨਾ ਕੀਤੇ ਗਏ ਤਾਂ 1 ਜਨਵਰੀ ਤੋਂ ਅਣਮਿਥੇ ਸਮੇਂ ਲਈ ਪਟਿਆਲਾ ਵਿਖੇ ਮੁੱਖ ਮੰਤਰੀ ਦੀ ਕੋਠੀ ਅੱਗੇ ਧਰਨਾ ਲਾਇਆ ਜਾਵੇਗਾ। ਇਸ ਦੀ ਜ਼ਿੰਮੇਵਾਰ ਪੰਜਾਬ ਸਰਕਾਰ ਹੋਏਗੀ। ਇਸ ਸਮੇਂ ਭਾਰੀ ਗਿਣਤੀ ਵਿਚ ਕਾਂਗਰਸੀ ਵਰਕਰ ਅਤੇ ਆਗੂ ਵੀ ਹਾਜ਼ਰ ਸਨ।
ਹੁਣ 5 ਮਰਲੇ ਵਾਲਿਆਂ ਨੂੰ ਮਿਲਣ ਵਾਲੀ ਮੁਫਤ ਪਾਣੀ ਦੀ ਸਹੂਲਤ ਬੰਦ, ਦੇਣਾ ਪਵੇਗਾ ਬਿੱਲ
NEXT STORY