ਚੰਡੀਗੜ੍ਹ/ਜਲੰਧਰ (ਅਸ਼ਵਨੀ, ਧਵਨ) - ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮੋਹਾਲੀ ਦੇ ਸਰਕਾਰੀ ਹਸਪਤਾਲ ਦਾ ਪੱਧਰ ਵਧਾ ਕੇ 200 ਤੋਂ 300 ਬਿਸਤਰਿਆਂ ਦਾ ਕਰਨ ਨੂੰ ਪ੍ਰਵਾਨਗੀ ਦੇ ਦਿੱਤੀ ਹੈ ਅਤੇ ਮੈਡੀਕਲ ਕੌਂਸਲ ਆਫ ਇੰਡੀਆ ਦੇ ਨਿਯਮਾਂ ਅਨੁਸਾਰ ਇਕ ਨਵਾਂ ਮੈਡੀਕਲ ਕਾਲਜ ਖੋਲ੍ਹੇ ਜਾਣ ਨੂੰ ਵੀ ਸਹਿਮਤ ਦੇ ਦਿੱਤੀ ਹੈ। ਡਾਕਟਰੀ ਸਿੱਖਿਆ ਅਤੇ ਖੋਜ ਵਿਭਾਗ ਦੇ ਕੰਮਕਾਜ ਦਾ ਜਾਇਜ਼ਾ ਲੈਣ ਲਈ ਇਕ ਉੱਚ ਪੱਧਰੀ ਮੀਟਿੰਗ ਦੀ ਪ੍ਰਧਾਨਗੀ ਕਰਦੇ ਹੋਏ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਮੋਹਾਲੀ ਵਿਖੇ ਨਵਾਂ ਮੈਡੀਕਲ ਕਾਲਜ ਜਲਦੀ ਤੋਂ ਜਲਦੀ ਕਾਰਜਸ਼ੀਲ ਹੋ ਜਾਵੇਗਾ। ਡਾਕਟਰੀ ਸਿੱਖਿਆ ਦੇ ਪੱਧਰ ਵਿਚ ਹੋਰ ਕੁਸ਼ਲਤਾ ਲਿਆਉਣ ਲਈ ਮੁੱਖ ਮੰਤਰੀ ਨੇ ਵਿਦਿਆਰਥੀਆਂ ਨੂੰ ਗੁੰਮਰਾਹ ਕਰ ਕੇ ਮੈਡੀਕਲ ਕੋਰਸ ਚਲਾਉਣ ਵਾਲੀਆਂ ਗੈਰ-ਪੇਸ਼ੇਵਰ ਯੂਨੀਵਰਸਿਟੀਆਂ ਤੇ ਸੰਸਥਾਵਾਂ ਵਿਰੁੱਧ ਤਿੱਖੀ ਕਾਰਵਾਈ ਕਰਨ ਲਈ ਵੀ ਬਾਬਾ ਫਰੀਦ ਯੂਨੀਵਰਸਿਟੀ ਆਫ ਹੈਲਥ ਸਾਇੰਸਜ਼ ਨੂੰ ਆਖਿਆ ਹੈ। ਉਨ੍ਹਾਂ ਅਜਿਹੀਆਂ ਸੰਸਥਾਵਾਂ ਨੂੰ ਬੰਦ ਕਰਨ ਤੋਂ ਇਲਾਵਾ ਉਨ੍ਹਾਂ ਦੁਆਰਾ ਚਲਾਏ ਜਾਂਦੇ ਕੋਰਸਾਂ ਦੀਆਂ ਸੀਟਾਂ ਘਟਾਉਣ ਵਰਗੇ ਸਖਤ ਕਦਮ ਚੁੱਕਣ ਲਈ ਵੀ ਵੀ. ਸੀ. ਨੂੰ ਕਿਹਾ ਹੈ।
ਮੁੱਖ ਮੰਤਰੀ ਨੇ ਫਿਰੋਜ਼ਪੁਰ ਵਿਖੇ ਪੀ. ਜੀ. ਆਈ. ਦਾ ਸੈਟੇਲਾਈਟ ਸੈਂਟਰ ਖੋਲ੍ਹੇ ਜਾਣ ਦਾ ਮੁੱਦਾ ਏ. ਸੀ. ਐੱਸ. ਸਿਹਤ ਨੂੰ ਤੁਰੰਤ ਭਾਰਤ ਸਰਕਾਰ ਕੋਲ ਉਠਾਉਣ ਲਈ ਆਖਿਆ ਹੈ। ਇਸ ਵਾਸਤੇ 25 ਏਕੜ ਜ਼ਮੀਨ ਦੀ ਪਹਿਲਾਂ ਹੀ ਸ਼ਨਾਖਤ ਕਰ ਲਈ ਗਈ ਹੈ, ਜੋ ਕੇਂਦਰ ਵਲੋਂ ਪ੍ਰਵਾਨਗੀ ਮਿਲਣ ਤੋਂ ਬਾਅਦ ਤਬਦੀਲ ਕੀਤੀ ਜਾਣੀ ਹੈ। ਬਠਿੰਡਾ ਵਿਖੇ ਏਮਜ਼ ਦੇ ਪ੍ਰੋਜੈਕਟ ਦੀ ਪ੍ਰਗਤੀ ਦਾ ਜਾਇਜ਼ਾ ਲੈਂਦੇ ਹੋਏ ਮੁੱਖ ਮੰਤਰੀ ਨੇ ਵਿਭਾਗ ਨੂੰ ਕਿਹਾ ਕਿ ਉਹ ਬਠਿੰਡਾ ਵਿਖੇ ਏਮਜ਼ ਦੇ ਨਿਰਮਾਣ ਵਿਚ ਤੇਜ਼ੀ ਲਿਆਉਣ ਲਈ ਕੇਂਦਰ ਕੋਲ ਮੁੱਦਾ ਉਠਾਵੇ ਤਾਂ ਜੋ ਇਹ ਪ੍ਰੋਜੈਕਟ ਨਿਰਧਾਰਤ ਸਮੇਂ ਵਿਚ ਮੁਕੰਮਲ ਹੋ ਸਕੇ। ਮੁੱਖ ਮੰਤਰੀ ਨੇ ਵਿੱਤ ਵਿਭਾਗ ਨੂੰ ਨਿਰਦੇਸ਼ ਦਿੱਤੇ ਕਿ ਉਹ ਸਰਕਾਰੀ ਮੈਡੀਕਲ ਕਾਲਜ ਪਟਿਆਲਾ ਲਈ ਨਵੇਂ ਕੰਮਾਂ ਦੀ ਸ਼ੁਰੂਆਤ ਵਾਸਤੇ ਤੁਰੰਤ 65.95 ਕਰੋੜ ਰੁਪਏ ਜਾਰੀ ਕਰੇ, ਜਿਨ੍ਹਾਂ ਵਿਚੋਂ 13 ਕਰੋੜ ਰੁਪਏ ਪਾਰਕਿੰਗ, 21 ਕਰੋੜ ਰੁਪਏ ਟੀ. ਬੀ. ਹਸਪਤਾਲ, ਪਟਿਆਲਾ ਦੀ ਮੁਰੰਮਤ ਤੇ 1 ਕਰੋੜ ਰੁਪਏ ਐਂਬੂਲੈਂਸ ਦੀ ਖਰੀਦ ਵਾਸਤੇ ਹੋਣਗੇ। ਮੀਟਿੰਗ ਵਿਚ ਸਿਹਤ ਮੰਤਰੀ ਬ੍ਰਹਮ ਮੋਹਿੰਦਰਾ ਤੇ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਤੋਂ ਇਲਾਵਾ ਉੱਚ ਅਧਿਕਾਰੀ ਮੌਜੂਦ ਸਨ।
122 ਲਾਭਪਾਤਰੀਅਾਂ ਦੇ ਨੀਲੇ ਕਾਰਡ ਪਾੜੇ
NEXT STORY