ਬਠਿੰਡਾ(ਸੁਖਵਿੰਦਰ)-ਸ਼ੁਰੂ ਹੋਣ ਤੋਂ ਪਹਿਲਾਂ ਹੀ ਵਿਵਾਦਾਂ 'ਚ ਘਿਰੀ ਮੀਜ਼ਲ ਰੁਬੇਲਾ ਟੀਕਾਕਰਨ ਮੁਹਿੰਮ ਤਹਿਤ ਇੰਜੈਕਸ਼ਨ ਲੱਗਣ ਤੋਂ ਬਾਅਦ ਬਠਿੰਡਾ 'ਚ ਡੇਢ ਦਰਜਨ ਬੱਚਿਆਂ ਦੀ ਹਾਲਤ ਖ਼ਰਾਬ ਹੋ ਗਈ। ਉਕਤ ਬੱਚਿਆਂ ਨੂੰ ਸਿਵਲ ਹਸਪਤਾਲ ਬਠਿੰਡਾ 'ਚ ਦਾਖਲ ਕਰਵਾਇਆ। ਪਤਾ ਚੱਲਿਆ ਹੈ ਕਿ ਇਕ ਬੱਚੇ ਦੀ ਗੰਭੀਰ ਹਾਲਤ ਨੂੰ ਵੇਖਦੇ ਹੋਏ ਉਸ ਨੂੰ ਇਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ ਹੈ ਜਦਕਿ ਹੋਰ ਬੱਚਿਆਂ ਦਾ ਇਲਾਜ ਚੱਲ ਰਿਹਾ ਹੈ। ਸਿਹਤ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਸਥਿਤੀ ਕਾਬੂ 'ਚ ਹੈ ਤੇ ਇੰਜੈਕਸ਼ਨ ਲੱਗਣ ਤੋਂ ਬਾਅਦ ਕੁਝ ਮਾਮਲਿਆਂ 'ਚ ਮਾਮੂਲੀ ਦਿੱਕਤਾਂ ਆ ਸਕਦੀਆਂ ਹਨ।
ਵੈਕਸੀਨੇਸ਼ਨ ਦੇ ਇਕ ਹਫ਼ਤੇ ਬਾਅਦ ਆਈਆਂ ਦਿੱਕਤਾਂ
ਸਿਵਲ ਹਸਪਤਾਲ 'ਚ ਪਹੁੰਚੇ ਬੱਚਿਆਂ ਨੂੰ ਮੀਜ਼ਲ ਰੁਬੇਲਾ ਦਾ ਇੰਜੈਕਸ਼ਨ 1 ਮਈ ਨੂੰ ਲਾਇਆ ਗਿਆ ਸੀ, ਜਿਨ੍ਹਾਂ ਨੂੰ ਹੁਣ ਦਿੱਕਤਾਂ ਆ ਰਹੀਆਂ ਹਨ। ਇਸ ਤੋਂ ਇਲਾਵਾ 2 ਮਈ ਨੂੰ ਲਾਏ ਗਏ ਇੰਜੈਕਸ਼ਨਾਂ ਦੇ ਕਾਰਨ ਵੀ ਕੁਝ ਬੱਚਿਆਂ ਨੂੰ ਦਿੱਕਤਾਂ ਪੇਸ਼ ਆਈਆਂ, ਜਦਕਿ ਸੋਮਵਾਰ ਨੂੰ ਹੋਏ ਟੀਕਾਕਰਨ ਤੋਂ ਤੁਰੰਤ ਬਾਅਦ ਵੀ ਕੁਝ ਬੱਚਿਆਂ ਨੂੰ ਬੁਖਾਰ ਆਦਿ ਆ ਗਿਆ। ਜ਼ਿਆਦਾਤਰ ਬੱਚਿਆਂ ਨੂੰ ਬੁਖਾਰ, ਦਸਤ-ਉਲਟੀਆਂ ਆਦਿ ਲੱਗੀਆਂ ਹੋਈਆਂ ਹੋਈਆਂ ਹਨ, ਜਦਕਿ ਕਈ ਬੱਚਿਆਂ ਦੇ ਚਿਹਰੇ ਤੇ ਅੱਖਾਂ ਲਾਲ ਹੋ ਗਈਆਂ ਹਨ। ਮਾਪਿਆਂ ਨੇ ਦੱਸਿਆ ਕਿ ਬੱਚਿਆਂ ਨੇ ਖਾਣਾ-ਪੀਣਾ ਛੱਡ ਦਿੱਤਾ ਹੈ, ਜਿਸ ਨਾਲ ਉਹ ਬੇਹੱਦ ਚਿੰਤਤ ਹਨ। ਇਨ੍ਹਾਂ ਬੱਚਿਆਂ 'ਚ ਬਠਿੰਡਾ ਦੇ ਸਰਕਾਰੀ ਸਕੂਲਾਂ ਤੋਂ ਇਲਾਵਾ ਨਿੱਜੀ ਸਕੂਲਾਂ ਦੇ ਬੱਚੇ ਵੀ ਸ਼ਾਮਲ ਹਨ। ਅਧਿਕਾਰੀਆਂ ਦਾ ਕਹਿਣਾ ਹੈ ਕਿ ਸਕੂਲਾਂ 'ਚ ਉਚਿਤ ਪ੍ਰਬੰਧ ਨਾ ਹੋਣ ਕਾਰਨ ਹੀ ਇਸ ਤਰ੍ਹਾਂ ਦੇ ਹਾਲਾਤ ਬਣ ਰਹੇ ਹਨ।
ਸਿਵਲ ਹਸਪਤਾਲ 'ਚ ਨਹੀਂ ਉਚਿਤ ਪ੍ਰਬੰਧ
ਸਿਵਲ ਹਸਪਤਾਲ ਬਠਿੰਡਾ 'ਚ ਸਾਰੇ ਬੱਚਿਆਂ ਨੂੰ ਦਾਖਲ ਕਰਨ ਤੱਕ ਦੇ ਲੋੜੀਂਦੇ ਪ੍ਰਬੰਧ ਨਹੀਂ ਹਨ। ਇਕ-ਇਕ ਬੈੱਡ 'ਤੇ 2 ਤੋਂ 3 ਬੱਚਿਆਂ ਨੂੰ ਪਾਇਆ ਗਿਆ ਹੈ। ਬੇਸ਼ੱਕ ਉਕਤ ਬੱਚਿਆਂ ਦੀ ਦੇਖਭਾਲ ਸਿਵਲ ਸਰਜਨ ਖੁਦ ਆਪਣੀ ਨਿਗਰਾਨੀ 'ਚ ਕਰਵਾ ਰਹੇ ਸਨ ਪਰ ਉਕਤ ਸਮੱਸਿਆ ਤੋਂ ਨਿਪਟਣ ਲਈ ਵਿਭਾਗ ਵੱਲੋਂ ਕੋਈ ਅਗਾਊਂ ਪ੍ਰਬੰਧ ਨਹੀਂ ਕੀਤੇ। ਹਸਪਤਾਲ ਦੇ ਵਾਰਡਾਂ ਦੇ ਏ. ਸੀ. ਤੱਕ ਖਰਾਬ ਪਏ ਹਨ, ਜਿਨ੍ਹਾਂ ਨੂੰ ਮੌਕੇ 'ਤੇ ਹੀ ਠੀਕ ਕਰਵਾਇਆ ਗਿਆ। ਮੌਕੇ 'ਤੇ ਅਧਿਕਾਰੀਆਂ ਨੇ ਕਿਹਾ ਕਿ ਹਾਲਾਤ ਕਾਬੂ 'ਚ ਹੈ, ਜਿਨ੍ਹਾਂ ਬੱਚਿਆਂ ਨੂੰ ਕੁਝ ਦਿੱਕਤਾਂ ਆਈਆਂ ਹਨ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ।
ਇਨ੍ਹਾਂ ਬੱਚਿਆਂ ਨੂੰ ਆਈਆਂ ਪ੍ਰੇਸ਼ਾਨੀਆਂ
ਸਿਵਲ ਹਸਪਤਾਲ 'ਚ ਦਾਖਲ ਬੱਚਿਆਂ 'ਚ ਬਠਿੰਡਾ ਦੇ ਲਾਲ ਸਿੰਘ ਬਸਤੀ ਸਥਿਤ ਸਰਕਾਰੀ ਸਕੂਲ ਦੇ ਬੱਚਿਆਂ ਨਵਜੋਤ ਕੌਰ (15), ਜਸਕਰਨ ਸਿੰਘ (10), ਕਲਾਸ ਸੱਤਵੀਂ, ਸਿਮਰਜੀਤ ਕੌਰ (11) ਕਲਾਸ ਅੱਠਵੀਂ, ਸੁਮਨਦੀਪ ਕੌਰ (11), ਹਰਮੀਤ ਸਿੰਘ (9), ਦਲਜੀਤ ਸਿੰਘ ਦੂਸਰੀ (5), ਨੇਹਾ (12) ਅਤੇ ਅਰਸ਼ਦੀਪ ਸਿੰਘ (11) ਚੌਥੀ ਕਲਾਸ ਆਦਿ ਸ਼ਾਮਿਲ ਹਨ। ਇਸ ਤੋਂ ਇਲਾਵਾ ਭੁੱਚੋ ਮੰਡੀ ਵਾਸੀ ਤੀਸਰੀ ਕਲਾਸ ਦਾ ਲੜਕਾ ਹਰਸ਼ (7), ਬਠਿੰਡਾ ਤੋਂ ਪਹਿਲੀ ਕਲਾਸ ਦੀ ਵਿਦਿਆਰਥਣ ਮੁਮਤਾਜ (4), ਪਿੰਡ ਮਹਿਤਾ ਸਕੂਲ ਤੋਂ ਹਰਜੀਤ ਰਾਣੀ (4), ਅੱਠਵੀਂ ਕਲਾਸ ਦਾ ਅਫ਼ਤਾਬ (13), ਸੁਭਾਸ਼ (12), ਪ੍ਰਿੰਸ (11), ਰਾਜਵੀਰ ਸਿੰਘ (5) ਆਦਿ ਸ਼ਾਮਲ ਹਨ। ਇਸ 'ਚ ਇਕ ਬੱਚੇ ਰਾਜਵੀਰ ਸਿੰਘ (5) ਪੁੱਤਰ ਗੁਰਮਾਨ ਸਿੰਘ ਨੂੰ ਇਕ ਨਿੱਜੀ ਹਸਪਤਾਲ ਲਈ ਰੈਫਰ ਕਰ ਦਿੱਤਾ ਗਿਆ। ਇਸ ਤੋਂ ਇਲਾਵਾ ਕੁਝ ਬੱਚਿਆ ਨੂੰ ਮੁੱਢਲੀ ਸਹਾਇਤਾ ਦੇਣ ਦੇ ਬਾਅਦ ਵਾਪਸ ਵੀ ਭੇਜ ਦਿੱਤਾ ਗਿਆ।
ਪੰਜਾਬ ਸਰਕਾਰ ਦੀ ਚੁੱਪ ਤੋਂ ਪੈਨਸ਼ਨਰ ਪ੍ਰੇਸ਼ਾਨ, ਕੀਤੀ ਨਾਅਰੇਬਾਜ਼ੀ
NEXT STORY