ਮਾਨਸਾ, (ਸੰਦੀਪ ਮਿੱਤਲ)- ਮਾਨਸਾ ਜ਼ਿਲੇ ’ਚ ਦੇਸ਼ ਦਾ ਭਵਿੱਖ ਪਡ਼੍ਹਨ ਦੀ ਉਮਰੇ ਭੀਖ ਮੰਗਣ ਵਾਲੇ ਨਾਬਾਲਗ ਬੱਚਿਆਂ ਦੀ ਗਿਣਤੀ ਘੱਟਣ ਦੀ ਬਜਾਏ ਲਗਾਤਾਰ ਵਧ ਰਹੀ ਹੈ। ਹਾਲ ਦੀ ਘਡ਼ੀ ਅਜਿਹੇ ਬੱਚਿਆਂ ਨੂੰ ਇਸ ਮਾਡ਼ੀ ਪ੍ਰਵਿਰਤੀ ਤੋਂ ਹਟਾਉਣ ਵਾਲਾ ਕੋਈ ਨਹੀਂ। ਬਡ਼ੇ ਸਿਤਮ ਦੀ ਗੱਲ ਹੈ ਕਿ ਇਹ ਨਾਬਾਲਗ ਬੱਚੇ ਬੱਸ ਸਟੈਂਡ ’ਤੇ ਖਡ਼੍ਹੀਆਂ ਸਵਾਰੀਆਂ ਅਤੇ ਰਾਹਗੀਰਾਂ ਤੋਂ ਭੀਖ ਮੰਗ ਕੇ ਉਨ੍ਹਾਂ ਨੂੰ ਡਾਢਾ ਪ੍ਰੇਸ਼ਾਨ ਕਰਦੇ ਹਨ। ਅਜਿਹਾ ਕਰਕੇ ਬਾਲ ਅਧਿਕਾਰਾਂ ਸੰਬੰਧੀ ਬਣੇ ਕਾਨੂੰਨਾਂ ਨੂੰ ਉਹ ਸ਼ਰੇਆਮ ਮੂੰਹ ਚਿਡ਼ਾ ਰਹੇ ਹਨ। ਇਸ ਬਾਰੇ ਕੇਂਦਰ ਤੇ ਸੂਬਾ ਸਰਕਾਰ ਨੂੰ ਇਸ ਦੀ ਅਣਦੇਖੀ ਨਹੀਂ ਕਰਨੀ ਚਾਹੀਦੀ, ਸਗੋਂ ਠੋਸ ਕਦਮ ਉਠਾਉਣ ਦੀ ਸਖਤ ਲੋਡ਼ ਹੈ। ਇਸ ਤੋਂ ਇਲਾਵਾ ਕਈ ਗਰੀਬ ਬੱਚੇ ਸ਼ਹਿਰ ਵਿਚ ਵੱਖ-ਵੱਖ ਥਾਵਾਂ ਤੋਂ ਗੱਤਾ, ਕਾਗਜ਼ ਜਾਂ ਹੋਰ ਵਿਕਣ ਵਾਲਾ ਸਾਮਾਨ ਇਕੱਠਾ ਕਰ ਲੈਂਦੇ ਹਨ ਤੇ ਬਾਅਦ ਵਿਚ ਇਸ ਨੂੰ ਵੇਚ ਕੇ ਆਪਣਾ ਪੇਟ ਪਾਲਦੇ ਹਨ।
ਕੀ ਹੈ ਅਸਲ ਕਹਾਣੀ ?
ਜਦੋਂ ਕੋਈ ਵੀ ਬੱਸ ਸਟੈਂਡ ਤੇ ਕਾਰ ਜਾਂ ਬੱਸ ਰੁਕਦੀ ਹੈ ਤਾਂ ਬਹੁ-ਗਿਣਤੀ ’ਚ ਨਾਬਾਲਗ ਬੱਚੇ ਉਸ ਗੱਡੀ ਦੇ ਦੁਆਲੇ ਹੋ ਕੇ ਲਗਾਤਾਰ ਸ਼ੀਸ਼ਾ ਖਡ਼ਕਾ ਖਡ਼ਕਾ ਕੇ ਬੱਸਾਂ ਜਾਂ ਕਾਰਾਂ ਦੇ ਚਾਲਕਾਂ ਤੋਂ ਭੀਖ ਮੰਗ ਕੇ ਉਨ੍ਹਾਂ ਨੂੰ ਕਾਫੀ ਪ੍ਰੇਸ਼ਾਨ ਕਰਦੇ ਹਨ। ਉਨ੍ਹਾਂ ਨੂੰ ਲੋਕ ਲੱਜੋਂ ਵਜੋਂ 5 ਜਾਂ 10 ਰੁਪਏ ਦੇ ਕੇ ਖਹਿਡ਼ਾ ਛੁਡਾਉਣਾ ਪੈਂਦਾ ਹੈ, ਫਿਰ ਇਹ ਨਾਬਾਲਗ ਬੱਚੇ ਬੱਸ ਅੱਡੇ ਵੱਲ ਰੁਖ਼ ਕਰਕੇ ਉਥੇ ਖਡ਼ੀਆਂ ਸਵਾਰੀਆਂ ਜਾਂ ਮੋਟਰਸਾਈਕਲ ਚਾਲਕਾਂ ਨਾਲ ਵੀ ਇਹੋ ਵਤੀਰਾ ਕਰਦੇ ਹਨ। ਉਨ੍ਹਾਂ ਦਾ ਇਹ ਮਾਡ਼ਾ ਵਤੀਰਾ ਸਾਰਾ ਦਿਨ ਚੱਲਦਾ ਰਹਿੰਦਾ ਹੈ। ਉੱਘੇ ਸਮਾਜ ਸੇਵੀ ਸੁਰਿੰਦਰ ਮੰਗਲਾ, ਸੁਨੀਲ ਕੁਮਾਰ ਬੰਟੀ, ਡਾ. ਗੁਰਬਾਜ ਸਿੰਘ ਸ਼ੇਰਖਾਂਵਾਲਾ ਅਤੇ ਜਸਪਾਲ ਜੱਸੀ ਦਾ ਕਹਿਣਾ ਹੈ ਕਿ ਇਕ ਪਾਸੇ ਸਿੱਖਿਆ ਵਿਭਾਗ ਆਰ. ਟੀ. ਈ. (ਐਕਟ) ਜਿਸ ਤਹਿਤ 6 ਸਾਲਾਂ ਤੋਂ 14 ਸਾਲ ਤੱਕ ਦੇ ਹਰੇਕ ਬੱਚੇ ਲਈ ਸਿੱਖਿਆ ਦਾ ਅਧਿਕਾਰ ਲਾਜ਼ਮੀ ਨੂੰ ਸਫਲ ਬਣਾਉਣ ਦੇ ਵੱਡੇ-ਵੱਡੇ ਦਾਅਵੇ ਕਰ ਰਿਹਾ ਹੈ ਪਰ ਦੂਜੇ ਪਾਸੇ ਜਨਤਕ ਥਾਵਾਂ ’ਤੇ ਭੀਖ ਮੰਗਦੇ ਬੱਚੇ ਅਤੇ ਹੋਟਲਾਂ ਅਤੇ ਫੈਕਟਰੀਆਂ ’ਚ ਹੋ ਰਹੀ ਮਜ਼ਦੂਰੀ ਸਰਕਾਰਾਂ ਅਤੇ ਸਿੱਖਿਆ ਵਿਭਾਗ ਦੇ ਦਾਅਵਿਆਂ ਦਾ ਮੂੰਹ ਚਿੜਾ ਰਹੀ ਹੈ। ਉਨ੍ਹਾਂ ਤਰਕ ਦਿੱਤਾ ਕਿ ਜੇਕਰ ਕੇਂਦਰ ਅਤੇ ਪੰਜਾਬ ਸਰਕਾਰ ਸੱਚਮੁੱਚ ਆਰ. ਟੀ. ਈ. ਅੈਕਟ ਨੂੰ ਸਹੀ ਤਰੀਕੇ ਨਾਲ ਲਾਗੂ ਕਰਨਾ ਚਾਹੁੰਦੀ ਹੈ ਤਾਂ ਸੜਕਾਂ ’ਤੇ ਭੀਖ ਮੰਗ ਰਹੇ ਇਨ੍ਹਾਂ ਬੱਚਿਆਂ ਅਤੇ ਬਾਲ ਮਜ਼ਦੂਰੀ ਕਰ ਰਹੇ ਬੱਚਿਆਂ ਨੂੰ ਸਕੂਲਾਂ ’ਚ ਲਿਜਾ ਕੇ ਪੜ੍ਹਾਉਣ ਲਈ ਵਿਸ਼ੇਸ਼ ਉਪਰਾਲੇ ਕੀਤੇ ਜਾਣ।
ਲੇਬਰ ਇੰਸਪੈਕਟਰ ਨਾਲ ਮਿਲ ਕੇ ਲੱਭਾਂਗੇ ਹਰ ਸੰਭਵ ਹੱਲ
ਬਾਲ ਭਲਾਈ ਕਮੇਟੀ ਮੈਂਬਰ ਬਲਦੇਵ ਕੱਕੜ ਨੇ ਕਿਹਾ ਕਿ ਸਰਕਾਰ ਨੇ ਇਸ ਕਮੇਟੀ ਵਿਚ ਉਨ੍ਹਾਂ ਦੀ ਨਿਯੁਕਤੀ 10 ਦਿਨ ਪਹਿਲਾਂ ਹੀ ਕੀਤੀ ਗਈ ਹੈ। ਉਹ ਸਾਰੀ ਸਥਿਤੀ ਦਾ ਜਾਇਜ਼ਾ ਲੈ ਕੇ ਲੇਬਰ ਇੰਸਪੈਕਟਰ ਨਾਲ ਮਿਲ ਕੇ ਇਸ ਬਾਰੇ ਲੋੜੀਂਦੀ ਕਾਰਵਾਈ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰਨਗੇ।
ਪੀ. ਐੱਨ. ਬੀ. ਡਕੈਤੀ ’ਚ ਸ਼ਾਮਲ ਚੌਥਾ ਮੁਲਜ਼ਮ ਵੀ ਕਾਬੂ
NEXT STORY