ਚੰਡੀਗੜ੍ਹ (ਸੁਸ਼ੀਲ) : ਇੱਥੇ ਸੈਕਟਰ-16 ਜਨਰਲ ਹਸਪਤਾਲ ’ਚ ਦਮ ਘੁੱਟਣ ਕਾਰਨ ਕਰੀਬ 60 ਲੋਕਾਂ ਨੂੰ ਐਮਰਜੈਂਸੀ ’ਚ ਦਾਖ਼ਲ ਕਰ ਕੇ ਆਕਸੀਜਨ ਦਿੱਤੀ ਗਈ। ਐਤਵਾਰ ਸਵੇਰੇ 8 ਵਜੇ ਪੁਲਸ ਅਤੇ ਫਾਇਰ ਬ੍ਰਿਗੇਡ ਨੂੰ ਸੂਚਨਾ ਮਿਲੀ ਕਿ ਸੈਕਟਰ-16 ਜਨਰਲ ਹਸਪਤਾਲ ’ਚ ਜ਼ਹਿਰੀਲੀ ਗੈਸ ਫੈਲਣ ਕਾਰਨ ਲੋਕਾਂ ਨੂੰ ਸਾਹ ਲੈਣ ’ਚ ਦਿੱਕਤ ਆ ਰਹੀ ਹੈ। ਜਾਂਚ ’ਚ ਸਾਹਮਣੇ ਆਇਆ ਕਿ ਹਸਪਤਾਲ ’ਚ ਕਲੋਰੀਨ ਗੈਸ ਫੈਲੀ ਹੋਈ ਸੀ।
ਪੁਲਸ ਅਤੇ ਫਾਇਰ ਬ੍ਰਿਗੇਡ ਦੀਆਂ ਟੀਮਾਂ ਮੌਕੇ ’ਤੇ ਪਹੁੰਚ ਕੇ ਜਾਂਚ ਕੀਤੀ ਤਾਂ ਪਤਾ ਲੱਗਾ ਕਿ ਹਸਪਤਾਲ ਖੇਤਰ ’ਚ ਬਣਾਏ ਟਿਊਬਵੈੱਲ ’ਚ ਰੱਖੇ ਸਿਲੰਡਰ ’ਚੋਂ ਕਲੋਰੀਨ ਗੈਸ ਲੀਕ ਹੋ ਰਹੀ ਸੀ। ਜਵਾਨਾਂ ਨੇ ਤੁਰੰਤ ਲੀਕੇਜ ਨੂੰ ਬੰਦ ਕਰਕੇ ਸਾਰੇ ਸਿਲੰਡਰਾਂ ਨੂੰ ਹਸਪਤਾਲ ਤੋਂ ਬਾਹਰ ਕੱਢਿਆ। ਇਸ ਦੌਰਾਨ 60 ਦੇ ਕਰੀਬ ਲੋਕਾਂ ਨੂੰ ਸਾਹ ਲੈਣ ’ਚ ਦਿਕੱਤ ਹੋਣ ਕਾਰਨ ਐਮਰਜੈਂਸੀ ’ਚ ਦਾਖ਼ਲ ਕਰਵਾਇਆ ਗਿਆ ਤੇ ਬਾਕੀ ਸਾਰਿਆਂ ਹਸਪਤਾਲ ਤੋਂ ਬਾਹਰ ਕੱਢਿਆ ਗਿਆ। ਕਰੀਬ ਇਕ ਘੰਟੇ ਤੱਕ ਹਸਪਤਾਲ ’ਚ ਕਲੋਰੀਨ ਗੈਸ ਹਵਾ ’ਚ ਮੌਜੂਦ ਰਹੀ।
ਰੁੱਖਾਂ ਦੀ ਵੀ ਕੀਤੀ ਸਫ਼ਾਈ
ਕਲੋਰੀਨ ਗੈਸ ਲੀਕ ਹੋਣ ਤੋਂ ਬਾਅਦ ਹਸਪਤਾਲ ਪ੍ਰਬੰਧਕਾਂ ਨੇ ਖੇਤਰ ’ਚ ਲੱਗੇ ਦਰੱਖ਼ਤਾਂ ਦੀ ਧੁਲਾਈ ਕੀਤੀ ਤਾਂ ਜੋ ਉੱਥੇ ਕਿਸੇ ਤਰ੍ਹਾਂ ਦੀ ਗੈਸ ਨਾ ਰਹਿ ਜਾਵੇ। ਇਸ ਤੋਂ ਪਹਿਲਾਂ ਮੌਲੀ ਜਾਗਰਾਂ ਦੇ ਟਿਊਬਵੈੱਲ ਤੋਂ ਕਲੋਰੀਨ ਗੈਸ ਲੀਕ ਹੋਣ ਕਾਰਨ ਕਈ ਲੋਕ ਬੇਹੋਸ਼ ਹੋ ਗਏ ਸਨ। ਪੁਲਸ ਨੇ ਉਨ੍ਹਾਂ ਨੂੰ ਸੈਕਟਰ-16 ਦੇ ਜਨਰਲ ਹਸਪਤਾਲ ਅਤੇ ਪੰਚਕੂਲਾ ਹਸਪਤਾਲ ’ਚ ਦਾਖ਼ਲ ਕਰਵਾਇਆ ਸੀ।
ਸੁਖਬੀਰ ਬਾਦਲ ਦੀ ਕੇਂਦਰ ਨੂੰ ਅਪੀਲ, ਗ਼ੈਰ ਬਾਸਮਤੀ ਚੌਲਾਂ ਦੀ ਬਰਾਮਦ ’ਤੇ ਲਾਈ ਪਾਬੰਦੀ ਵਾਪਸ ਲਈ ਜਾਵੇ
NEXT STORY