ਗੁਰਦਾਸਪੁਰ, (ਹਰਮਨਪ੍ਰੀਤ)- ਈਸਾਈ ਭਾਈਚਾਰੇ ਨਾਲ ਸਬੰਧਤ ਇਕ ਨੰਨ ਵੱਲੋਂ ਜਬਰ-ਜ਼ਨਾਹ ਦੇ ਲਾਏ ਗਏ ਦੋਸ਼ਾਂ ਤਹਿਤ ਪੁਲਸ ਵੱਲੋਂ ਬਿਸ਼ਪ ਫਰੈਂਕੋ ਖਿਲਾਫ਼ ਦਰਜ ਕੀਤੇ ਮਾਮਲੇ ’ਚ ਹੋਰ ਧਾਰਾਵਾਂ ਸ਼ਾਮਲ ਕਰਵਾਉਣ ਲਈ ਅੱਜ ਈਸਾਈ ਭਾਈਚਾਰੇ ਦੇ ਆਗੂਆਂ ਨੇ ਗੁਰਦਾਸਪੁਰ ਵਿਖੇ ਬਿਸ਼ਪ ਦਾ ਪੁਤਲਾ ਫੂਕ ਕੇ ਰੋਸ ਪ੍ਰਦਰਸ਼ਨ ਕੀਤਾ ਅਤੇ ਐੱਸ. ਐੱਸ. ਪੀ. ਨੂੰ ਮੰਗ-ਪੱਤਰ ਸੌਂਪ ਕੇ ਆਪਣੀਆਂ ਮੰਗਾਂ ਅਤੇ ਰੋਸ ਸਬੰਧੀ ਜਾਣੂ ਕਰਵਾਇਆ। ਇਸ ਮੌਕੇ ਪ੍ਰਵੇਜ ਤੁੰਗ ਨੇ ਕਿਹਾ ਕਿ ਈਸਾਈ ਭਾਈਚਾਰੇ ’ਚ ਜਬਰ-ਜ਼ਨਾਹ ਅਤੇ ਝੂਠੀ ਗਵਾਹੀ ਦੇਣ ਵਰਗੇ ਕੰਮਾਂ ਦੀ ਸਖ਼ਤ ਮਨਾਹੀ ਹੈ ਪਰ ਨੰਨ ਵੱਲੋਂ ਲਾਏ ਗਏ ਦੋਸ਼ਾਂ ਕਾਰਨ ਬਿਸ਼ਪ ਦਾ ਅਸਲ ਚਿਹਰਾ ਸਾਹਮਣੇ ਆ ਗਿਆ ਹੈ, ਜਿਸ ਕਾਰਨ ਪੁਲਸ ਨੇ ਉਸ ਖਿਲਾਫ਼ ਧਾਰਾ 376 ਤਹਿਤ ਮਾਮਲਾ ਦਰਜ ਕੀਤਾ ਹੈ। ਉਨ੍ਹਾਂ ਕਿਹਾ ਕਿ ਬਿਸ਼ਪ ਦੀ ਇਸ ਹਰਕਤ ਕਾਰਨ ਈਸਾਈ ਭਾਈਚਾਰੇ ਦੀਆਂ ਧਾਰਮਕ ਭਾਵਨਾਵਾਂ ਨੂੰ ਭਾਰੀ ਠੇਸ ਪਹੁੰਚੀ ਹੈ। ਇਸ ਲਈ ਉਸ ਖਿਲਾਫ਼ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦਾ ਮਾਮਲਾ ਵੀ ਦਰਜ ਹੋਣਾ ਚਾਹੀਦਾ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਬਿਸ਼ਪ ਨੇ ਕਈ ਬੇਕਸੂਰ ਈਸਾਈਆਂ ਉਪਰ ਕੈਥੋਲਿਕ ਮਿਸ਼ਨ ਦੇ ਫੰਡਾਂ ਦਾ ਗਲਤ ਇਸਤੇਮਾਲ ਕਰਨ ਵਰਗੇ ਝੂਠੇ ਪਰਚੇ ਦਰਜ ਕਰਵਾਏ ਸਨ, ਜਿਸ ਕਾਰਨ ਝੂਠੀਆਂ ਦਰਖਾਸਤਾਂ ਅਤੇ ਗਵਾਹੀਆਂ ਦੇ ਕੇ ਬਿਸ਼ਪ ਨੇ ਈਸਾਈ ਧਰਮ ਦੀ ਇਕ ਹੋਰ ਮਰਿਆਦਾ ਨੂੰ ਭੰਗ ਕੀਤਾ ਹੈ। ਉਨ੍ਹਾਂ ਕਿਹਾ ਕਿ ਕੁਝ ਦਿਨ ਪਹਿਲਾਂ ਬਿਸ਼ਪ ਵੱਲੋਂ ਆਪਣੇ ਆਪ ਨੂੰ ਧਮਕੀ ਮਿਲਣ ਸਬੰਧੀ ਵੀ ਇਕ ਦਾਅਵਾ ਕੀਤਾ ਸੀ ਪਰ ਬਾਅਦ ’ਚ ਇਸ ਧਮਕੀ ਪੱਤਰ ਬਾਰੇ ਵੀ ਕਈ ਤਰ੍ਹਾਂ ਦੇ ਸ਼ੰਕੇ ਪੈਦਾ ਹੋਏ ਸਨ। ਉਨ੍ਹਾਂ ਕਿਹਾ ਕਿ ਜੇਕਰ ਬਿਸ਼ਪ ਖਿਲਾਫ਼ ਧੋਖਾਦੇਹੀ ਅਤੇ ਧਾਰਮਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਦੇ ਮਾਮਲੇ ਦਰਜ ਨਾ ਕੀਤੇ ਤਾਂ ਈਸਾਈ ਭਾਈਚਾਰੇ ਦੇ ਲੋਕ ਸਡ਼ਕਾਂ ’ਤੇ ਉਤਰ ਕੇ ਰੋਸ ਪ੍ਰਦਰਸ਼ਨ ਕਰਨਗੇ।
ਸਕੂਲ ਪ੍ਰਬੰਧਕਾਂ ਨੇ ਐੱਸ. ਐੱਸ. ਪੀ. ਨੂੰ ਦਿੱਤੀ ਸ਼ਿਕਾਇਤ
ਦੂਸਰੇ ਪਾਸੇ ਲਿਟਲ ਫਲਾਵਰ ਕਾਨਵੈਂਟ ਸਕੂਲ ਦੇ ਡਾਇਰੈਕਟਰ ਅਤੇ ਪ੍ਰਿੰਸੀਪਲ ਨੇ ਐੱਸ. ਐੱਸ. ਪੀ. ਗੁਰਦਾਸਪੁਰ ਨੂੰ ਲਿਖਤੀ ਸ਼ਿਕਾਇਤ ਦੇ ਕੇ ਪ੍ਰਦਰਸ਼ਨ ਕਰਨ ਵਾਲਿਆਂ ਖਿਲਾਫ ਮਾਮਲਾ ਦਰਜ ਕਰਨ ਦੀ ਮੰਗ ਕੀਤੀ ਹੈ। ਇਸ ਸ਼ਿਕਾਇਤ ’ਚ ਉਨ੍ਹਾਂ ਕਿਹਾ ਹੈ ਕਿ ਰੋਸ ਪ੍ਰਦਰਸ਼ਨ ਕਰਨ ਵਾਲੇ ਪ੍ਰਵੇਜ ਤੁੰਗ ਖਿਲਾਫ਼ ਪਹਿਲਾਂ ਹੀ ਧਾਰਮਕ ਭਾਵਨਾਵਾਂ ਨੂੰ ਭਡ਼ਕਾਉਣ ਸਮੇਤ ਹੋਰ ਮਾਮਲਿਆਂ ’ਚ ਪਰਚੇ ਦਰਜ ਹੋਏ ਸਨ। ਉਨ੍ਹਾਂ ਕਿਹਾ ਕਿ ਬਿਸ਼ਪ ਦੇ ਮਾਮਲੇ ਦਾ ਗੁਰਦਾਸਪੁਰ ਦੇ ਇਸ ਸਕੂਲ ਨਾਲ ਕੋਈ ਸਬੰਧ ਨਹੀਂ ਪਰ ਫਿਰ ਵੀ ਪ੍ਰਵੇਜ ਤੁੰਗ ਨੇ ਇਸ ਸਕੂਲ ਦੇ ਸਾਹਮਣੇ ਆ ਕੇ ਮਾਹੌਲ ਖਰਾਬ ਕਰਨ ਅਤੇ ਬੱਚਿਆਂ ਦੇ ਮਨਾਂ ’ਚ ਖੌਫ਼ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਹੈ। ਇਸ ਦੌਰਾਨ ਕੈਥੋਲਿਕ ਯੂਨੀਅਨ ਪੰਜਾਬ ਦੇ ਪ੍ਰਧਾਨ ਅਤੇ ਈਸਾਈ ਆਗੂ ਤਰਸੇਮ ਸਹੋਤਾ ਨੇ ਵੀ ਇਸ ਮਾਮਲੇ ’ਚ ਕਿਹਾ ਕਿ ਬਿਸ਼ਪ ਸਾਹਿਬ ਦੇ ਅਕਸ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਜਦੋਂਕਿ ਉਹ ਹਰ ਤਰ੍ਹਾਂ ਦੀ ਜਾਂਚ ਦਾ ਸਾਹਮਣਾ ਕਰਨ ਲਈ ਤਿਆਰ ਹਨ।
ਪ੍ਰਵੇਸ਼ ਦੀ ਲਾਸ਼ ਜੀ. ਟੀ. ਰੋਡ ’ਤੇਰੱਖ ਕੇ ਪਰਿਵਾਰਕ ਮੈਂਬਰਾਂ ਕੀਤਾ ਪ੍ਰਦਰਸ਼ਨ
NEXT STORY