ਭਵਾਨੀਗੜ੍ਹ (ਵਿਕਾਸ ਮਿੱਤਲ) : ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਬਲਾਕ ਭਵਾਨੀਗੜ੍ਹ ਵੱਲੋਂ ਥਾਣੇ 'ਚੋਂ ਰਿਹਾਅ ਕਰਵਾਏ ਜਥੇਬੰਦੀ ਦੇ ਆਗੂਆਂ ਅਤੇ ਵਰਕਰਾਂ ਦਾ ਪਿੰਡ ਘਰਾਚੋਂ ਵਿਖੇ ਸਨਮਾਨ ਕੀਤਾ ਗਿਆ। ਇਸ ਮੌਕੇ ਕਿਸਾਨ ਆਗੂ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਸਤਵਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ ਤੇ ਜਸਵੀਰ ਸਿੰਘ ਗੱਗੜ੍ਹਪੁਰ ਨੇ ਕਿਹਾ ਕਿ ਬੀਤੇ ਦਿਨੀਂ ਬਠਿੰਡਾ ਜਾਣ ਦੌਰਾਨ ਪੁਲਸ ਪ੍ਰਸ਼ਾਸਨ ਵੱਲੋਂ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ ਸੀ ਤੇ ਸ਼ਾਮ ਨੂੰ ਸਰਕਾਰ ਨਾਲ ਮੀਟਿੰਗ ਤੋਂ ਬਾਅਦ ਲੋਕਾਂ ਦੀ ਜਿੱਤ ਹੋਈ ਜਿਸ ਉਪਰੰਤ ਵੱਖ-ਵੱਖ ਥਾਣਿਆਂ 'ਚ ਡੱਕੇ ਕਿਸਾਨ ਆਗੂਆਂ ਤੇ ਵਰਕਰਾਂ ਨੂੰ ਲੋਕਾਂ ਦੀ ਤਾਕਤ ਨਾਲ ਰਿਹਾਅ ਕਰਵਾਇਆ ਗਿਆ। ਜਥੇਬੰਦੀ ਵੱਲੋਂ ਰਿਹਾਅ ਹੋ ਕੇ ਆਏ ਸਮੂਹ ਕਾਰਕੁੰਨਾਂ ਦਾ ਸਿਰਪਾਉ ਨਾਲ ਸਨਮਾਨਿਤ ਕੀਤਾ ਗਿਆ।
ਕਿਸਾਨ ਆਗੂਆਂ ਨੇ ਦੱਸਿਆ ਕਿ ਬਠਿੰਡਾ ਜ਼ਿਲ੍ਹੇ ਅੰਦਰ ਚੱਲ ਰਹੇ ਜ਼ਮੀਨੀ ਘੋਲ ਅਧੀਨ ਭਗਵੰਤ ਮਾਨ ਦੀ ਸਰਕਾਰ ਨੇ ਦੋ ਕਿਸਾਨ ਆਗੂਆਂ ਨੂੰ ਜੇਲ੍ਹ ਭੇਜਿਆ ਹੈ ਜਿਨ੍ਹਾਂ ਨੂੰ ਕਿਸੇ ਪ੍ਰਕਾਰ ਦੀ ਜ਼ਮਾਨਤ ਨਾ ਦੇ ਕੇ ਕੋਈ ਰਾਹਤ ਨਹੀਂ ਦਿੱਤੀ ਜਾ ਰਹੀ। ਕਿਸਾਨ ਆਗੂ ਸ਼ਗਨਦੀਪ ਸਿੰਘ ਜਿਉਂਦ ਤੇ ਬਲਦੇਵ ਸਿੰਘ ਚਾਓਕੇ ਨੂੰ ਰਿਹਾਅ ਕਰਵਾਉਣ ਲਈ ਕਿਸਾਨ ਜਥੇਬੰਦੀ ਵੱਲੋਂ 6 ਫਰਵਰੀ ਨੂੰ ਬਠਿੰਡਾ ਦੇ ਸੈਕਟਰੀਏਟ ਦੇ ਦਿਨ ਰਾਤ ਦੇ ਘਿਰਾਓ ਦਾ ਐਲਾਨ ਕੀਤਾ ਸੀ ਜਿਸ ਐਲਾਨ ਮਗਰੋਂ ਬੌਖਲਾਈ ਮਾਨ ਸਰਕਾਰ ਦੇ ਇਸ਼ਾਰੇ 'ਤੇ ਵੱਡੀ ਗਿਣਤੀ ਪੁਲਸ ਫੋਰਸ ਨੇ ਥਾਂ-ਥਾਂ ਨਾਕੇ ਲਗਾ ਕੇ ਕਿਸਾਨਾਂ ਉਪਰ ਭਾਰੀ ਲਾਠੀਚਾਰਜ ਤੇ ਅੱਥਰੂ ਗੈਸ ਚਲਾ ਕੇ ਕਈ ਕਿਸਾਨਾਂ ਨੂੰ ਗ੍ਰਿਫਤਾਰ ਕੀਤਾ।
ਇਸ ਮਗਰੋਂ ਅਗਲੇ ਸੰਘਰਸ਼ ਲਈ ਹੋਰ ਵੱਡੀ ਗਿਣਤੀ 'ਚ ਘਰਾਂ 'ਚੋਂ ਬਾਹਰ ਨਿਕਲੇ ਪਿੰਡ ਘਰਾਚੋਂ ਵਿਚੋਂ 40 ਦੇ ਕਰੀਬ ਕਿਸਾਨ ਅਤੇ ਔਰਤਾਂ ਗ੍ਰਿਫਤਾਰ ਹੋਈਆਂ ਸਨ ਜਿਨਾਂ ਵਿਚ ਜਥੇਬੰਦੀ ਦੇ ਆਗੂ ਮਨਜੀਤ ਸਿੰਘ ਘਰਾਚੋਂ, ਹਰਜਿੰਦਰ ਸਿੰਘ ਘਰਾਚੋਂ, ਰਘਵੀਰ ਸਿੰਘ ਘਰਾਚੋਂ, ਸਤਵਿੰਦਰ ਸਿੰਘ ਘਰਾਚੋਂ, ਗੁਰਮੇਲ ਸਿੰਘ, ਇਕਬਾਲ ਸਿੰਘ, ਸੁਖਵਿੰਦਰ ਸਿੰਘ, ਬਲਵੀਰ ਸਿੰਘ ਅਤੇ ਚਮਕੌਰ ਸਿੰਘ ਸ਼ਾਮਲ ਸਨ। ਇਸ ਮੌਕੇ ਕਿਸਾਨਾਂ ਵੱਲੋਂ ਭਗਵੰਤ ਮਾਨ ਸਰਕਾਰ ਖਿਲਾਫ਼ ਜੋਰਦਾਰ ਨਾਅਰੇਬਾਜ਼ੀ ਕਰਦਿਆਂ ਆਖਿਆ ਕਿ ਸਰਕਾਰ ਦੇ ਇਸ ਜ਼ਬਰ ਜੁਲਮ ਅੱਗੇ ਲੋਕ ਕਦੇ ਨਹੀਂ ਝੁਕਣਗੇ।
9 ਸਾਲਾ ਬੱਚਾ ਲਾਪਤਾ, ਪੁਲਸ ਵੱਲੋਂ ਕਾਰਵਾਈ ਨਾ ਕਰਨ 'ਤੇ ਪਰਿਵਾਰ ਨੇ ਜਾਮ ਕੀਤੀ ਸੜਕ
NEXT STORY