ਮਾਹਿਲਪੁਰ,(ਜ.ਬ.)- ਅੱਜ ਸੀਟੂ ਦੇ ਸੱਦੇ 'ਤੇ ਆਂਗਣਵਾੜੀ ਵਰਕਰਾਂ, ਭੱਠਾ ਮਜ਼ਦੂਰਾਂ, ਉਸਾਰੀ ਵਰਕਰਾਂ ਅਤੇ ਮਨਰੇਗਾ ਵਰਕਰਾਂ ਵੱਲੋਂ ਜ਼ਿਲਾ ਜਨਰਲ ਸਕੱਤਰ ਮਹਿੰਦਰ ਕੁਮਾਰ ਬੱਢੋਆਣ ਦੀ ਅਵਗਾਈ ਵਿਚ ਬਜਟ ਦੇ ਵਿਰੋਧ 'ਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ।
ਇਸ ਮੌਕੇ ਆਗੂਆਂ ਨੇ ਬੋਲਦੇ ਹੋਏ ਕਿਹਾ ਕਿ ਮੋਦੀ ਸਰਕਾਰ ਵੱਲੋਂ ਪੇਸ਼ ਕੀਤੇ ਗਏ ਬਜਟ ਵਿਚ ਭਾਰਤ ਦੇ 47 ਕਰੋੜ ਮਜ਼ਦੂਰਾਂ ਮੁਲਾਜ਼ਮਾਂ ਦੇ ਹਿੱਤਾਂ ਨੂੰ ਪੂਰੀ ਤਰ੍ਹਾਂ ਅਣਗੌਲਿਆ ਗਿਆ। ਜਦੋਂ 2014 ਦੀਆਂ ਲੋਕ ਸਭਾ ਚੋਣਾ ਵੇਲੇ ਮਜ਼ਦੂਰਾਂ ਤੇ ਮੁਲਾਜ਼ਮਾਂ ਨਾਲ ਲੰਮੇ ਲੰਮੇ ਚੋਣ ਵਾਅਦੇ ਕੀਤੇ ਗਏ ਪਰ ਇਨ੍ਹਾਂ ਸਾਰਿਆਂ ਨੂੰ ਮੋਦੀ ਸਰਕਾਰ ਨੇ ਜੁਮਲਾ ਦੱਸਦੇ ਹੋਏ ਲੋਕਾਂ ਨਾਲ ਮਜ਼ਾਕ ਕੀਤਾ ਹੈ। ਬਜਟ ਵਿਚ ਬੇਰੋਜ਼ਗਾਰੀ ਦੂਰ ਕਰਨ ਲਈ ਕੋਈ ਵੀ ਠੋਸ ਤਰਤੀਬ ਨਹੀਂ ਪੇਸ਼ ਕੀਤੀ। ਅਗੂਆਂ ਨੇ ਅੱਗੇ ਕਿਹਾ ਕਿ ਸਰਕਾਰੀ ਵਿਭਾਗਾਂ ਵਿਚ ਖਾਲੀ ਪਈਆਂ ਪੋਸਟਾਂ 'ਤੇ ਵੀ ਰੈਗੂਲਰ ਕਰਮਚਾਰੀ ਭਰਤੀ ਕਰਨ ਲਈ ਵੀ ਬਜਟ ਖਾਮੋਸ਼ ਹੈ। ਮਜ਼ਦੂਰਾਂ ਮੁਲਾਜ਼ਮਾਂ ਨੂੰ ਅਮਦਨ ਕਰ ਵਿਚ ਵੀ ਕੋਈ ਛੋਟ ਨਹੀਂ ਦਿੱਤੀ ਗਈ। ਡੀਜ਼ਲ ਪੈਟਰੌਲ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਜਿਸਨੂੰ ਜੀ. ਐੱਸ. ਟੀ. ਦੇ ਘੇਰੇ ਤੋਂ ਬਾਹਰ ਰੱਖਿਆ ਹੋਇਆ ਹੈ। ਜਿਸ ਨਾਲ ਲਗਾਤਾਰ ਮਹਿੰਗਾਈ ਵਧ ਰਹੀ ਹੈ। ਮਨਰੇਗਾ ਮਜਦੂਰਾਂ ਲਈ ਵੀ ਸਾਲ ਵਿਚ 100 ਦਿਨ ਕੰਮ ਦੀ ਗਰੰਟੀ ਲਈ ਵੀ ਪੂਰਾ ਬਜਟ ਨਹੀਂ ਰੱਖਿਆ ਗਿਆ, ਜਿਸ ਨਾਲ ਮਜ਼ਦੂਰਾਂ ਵਿਚ ਭਾਰੀ ਨਿਰਾਸ਼ਤਾ ਹੈ।
ਸਰਕਾਰ ਨੇ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਟੈਕਸਾਂ ਅਤੇ ਹੋਰ ਛੋਟਾਂ ਦੇ ਕੇ ਇਨ੍ਹਾਂ ਦੇ ਹਿੱਤਾਂ ਨੂੰ ਪੂਰਿਆ ਜਾ ਰਿਹਾ ਹੈ। ਇਸ ਨਾਲ ਗਰੀਬ ਲੋਕਾਂ ਦਾ ਹੋਰ ਵੀ ਕਚੂੰਮਰ ਨਿੱਕਲ ਰਿਹਾ ਹੈ। ਮਜ਼ਦੂਰਾਂ ਦੀ ਨਾ ਤਾਂ ਦਿਹਾੜੀ ਵਿਚ ਵਾਧਾ ਕੀਤਾ ਗਿਆ ਹੈ ਅਤੇ ਨਾ ਹੀ ਘੱਟੋ ਘੱਟ ਉਜਰਤ 18 ਹਜ਼ਾਰ ਰੁਪਏ ਕੀਤੀ ਗਈ ਹੈ। ਆਸ਼ਾ ਵਰਕਰਾਂ, ਆਂਗਣਵਾੜੀ ਵਰਕਰਾਂ, ਹੈਲਪਰਾਂ, ਮਿੱਡ ਡੇ ਮੀਲ ਅਤੇ ਚੌਕੀਦਾਰਾਂ ਨੂੰ ਵੀ ਕੋਈ ਸਹੂਲਤ ਨਹੀਂ ਦਿੱਤੀ ਗਈ। ਉਨ੍ਹਾਂ ਕਿਹਾ ਕਿ ਸੀਟੂ ਦਾ ਬਜਟ ਵਿਰੁੱਧ ਸੰਘਰਸ਼ ਜਾਰੀ ਰਹੇਗਾ। ਇਸ ਮੌਕੇ ਉਪਰੋਕਤ ਅਗੂਆਂ ਤੋਂ ਇਲਾਵਾ ਪ੍ਰਧਾਨ ਕਮਲਜੀਤ ਸਿੰਘ, ਜਸਵਿੰਦਰ ਕੌਰ, ਸੋਮਨਾਥ, ਧਨਪਤ, ਨੀਲਮ ਬੱਢੋਆਣ, ਹਰਪਾਲ ਸਿੰਘ, ਸ਼ੇਰ ਜੰਗ ਬਹਾਦੁਰ, ਆਸ਼ਾ ਸੈਲਾ, ਹਰਬੰਸ ਕੌਰ, ਚਮਨ ਲਾਲ, ਹਰਮੇਸ਼ ਲਾਲ, ਸੁਖਵਿੰਦਰ ਕੌਰ, ਰਮੇਸ਼ ਕੁਮਾਰ, ਕਸ਼ਮੀਰ ਕੌਰ, ਸਤਵਿੰਦਰ ਕੌਰ, ਚਰਨਜੀਤ ਕੌਰ ਆਦਿ ਨੇ ਸੰਬੋਧਨ ਕੀਤਾ।
ਨਗਰ ਨਿਗਮ ਦੀ ਲਾਈਟ ਸ਼ਾਖਾ 'ਚ ਹੋਇਆ ਘਪਲਾ
NEXT STORY