ਰੂਪਨਗਰ, (ਕੈਲਾਸ਼)- ਸਿਵਲ ਹਸਪਤਾਲ ਰੂਪਨਗਰ ’ਚ ਡਿਪਟੀ ਮੈਡੀਕਲ ਕਮਿਸ਼ਨਰ (ਡੀ.ਐੱਮ.ਸੀ.) ਦਫਤਰ ਦੇ ਅੱਗੇ ਹੋ ਰਹੀ ਨਾਜਾਇਜ਼ ਪਾਰਕਿੰਗ ਅੱਜ ਸਿਹਤ ਵਿਭਾਗ ਦੇ ਦੋ ਵੱਡੇ ਅਧਿਕਾਰੀਆਂ ਦੇ ਗਲੇ ਦੀ ਹੱਡੀ ਬਣ ਗਈ। ਉਥੇ ਡੀ.ਐੱਮ.ਸੀ. ਨੇ ਹੋ ਰਹੀ ਇਸ ਨਾਜਾਇਜ਼ ਪਾਰਕਿੰਗ ਨੂੰ ਰੋਕਣ ਲਈ ਆਪਣਾ ਸਖਤ ਰੁਖ਼ ਅਪਣਾਉਂਦੇ ਹੋਏ ਹਸਪਤਾਲ ਦੇ ਮੁੱਖ ਗੇਟ ਨੂੰ ਤਾਲਾ ਲਵਾ ਦਿੱਤਾ।
ਜਾਣਕਾਰੀ ਅਨੁਸਾਰ ਪਿਛਲੇ ਕੁਝ ਦਿਨਾਂ ਤੋਂ ਡੀ.ਐੱਮ.ਸੀ. ਦਫਤਰ ਦੇ ਨੇਡ਼ੇ ਹਸਪਤਾਲ ’ਚ ਆਉਣ ਵਾਲੇ ਰੋਗੀਆਂ ਅਤੇ ਹੋਰ ਲੋਕਾਂ ਵੱਲੋਂ ਕੀਤੀ ਜਾ ਰਹੀ ਨਾਜਾਇਜ਼ ਪਾਰਕਿੰਗ ਡੀ.ਐੱਮ.ਸੀ. ਅਤੇ ਹੋਰ ਸਟਾਫ ਦੇ ਲੋਕਾਂ ’ਚ ਪ੍ਰੇਸ਼ਾਨੀਆਂ ਦਾ ਕਾਰਨ ਬਣੀ ਹੋਈ ਹੈ, ਜਿਸ ’ਤੇ ਡੀ.ਐੱਮ.ਸੀ. ਡਾ. ਰਾਜ ਰਾਣੀ ਨੇ ਸਿਵਲ ਹਸਪਤਾਲ ਦੇ ਐੱਸ.ਐੱਮ.ਓ. ਨੂੰ ਕਈ ਵਾਰ ਲਿਖਤੀ ਪੱਤਰ ਭੇਜ ਕੇ ਨਾਜਾਇਜ਼ ਪਾਰਕਿੰਗ ਨੂੰ ਰੋਕਣ ਅਤੇ ਸਬੰਧਤ ਠੇਕੇਦਾਰ ਨੂੰ ਉਚਿਤ ਦਿਸ਼ਾ-ਨਿਰਦੇਸ਼ ਜਾਰੀ ਕਰਨ ਲਈ ਵੀ ਕਿਹਾ ਪਰ ਅੱਜ ਡੀ.ਐੱਮ.ਸੀ. ਡਾ. ਰਾਜ ਰਾਣੀ ਜਦੋਂ ਸਵੇਰੇ ਆਪਣੇ ਦਫਤਰ ਪਹੁੰਚੇ ਤਾਂ ਉਨ੍ਹਾਂ ਦੇ ਦਫਤਰ ਦੇ ਨੇਡ਼ੇ ਕੀਤੀ ਗਈ ਨਾਜਾਇਜ਼ ਪਾਰਕਿੰਗ ਦੇ ਕਾਰਨ ਉਨ੍ਹਾਂ ਦੀ ਗੱਡੀ ਵੀ ਗੈਰੇਜ ਤੱਕ ਨਹੀਂ ਪਹੁੰਚ ਸਕੀ, ਜਿਸ ਕਾਰਨ ਗੁੱਸੇ ’ਚ ਡੀ.ਐੱਮ.ਸੀ. ਨੇ ਮੁੱਖ ਗੇਟ ਨੂੰ ਹੀ ਤਾਲਾ ਲਵਾ ਦਿੱਤਾ ਅਤੇ ਉਸ ਦੀ ਚਾਬੀ ਵੀ ਖੁਦ ਆਪਣੇ ਕੋਲ ਰੱਖ ਲਈ।
ਮੁੱਖ ਗੇਟ ਬੰਦ ਹੋਣ ਕਾਰਨ ਹਸਪਤਾਲ ’ਚ ਆਉਣ ਵਾਲੇ ਵਾਹਨ ਚਾਲਕਾਂ, ਮਰੀਜ਼ਾਂ ਅਤੇ ਸਟਾਫ ਨੂੰ ਵੀ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ ਕਿਉਂਕਿ ਗੇਟ ਬੰਦ ਹੋਣ ਨਾਲ ਸਿਰਫ ਪੈਦਲ ਚੱਲਣ ਵਾਲੇ ਲੋਕ ਤਾਂ ਛੋਟੇ ਗੇਟ ਤੋਂ ਆ-ਜਾ ਰਹੇ ਸੀ ਪਰ ਵਾਹਨ ਚਾਲਕਾਂ ਨੇ ਆਪਣੇ ਵਾਹਨ ਹਸਪਤਾਲ ਦੇ ਬਾਹਰ ਹੀ ਨਾਜਾਇਜ਼ ਪਾਰਕਿੰਗ ’ਚ ਲਾ ਦਿੱਤੇ। ਹਸਪਤਾਲ ਦਾ ਮੁੱਖ ਗੇਟ ਬੰਦ ਹੋਣ ਕਾਰਨ ਬਾਹਰ ਮਾਰਕੀਟ ਦੇ ਦੁਕਾਨਦਾਰਾਂ ’ਚ ਵੀ ਨਿਰਾਸ਼ਾ ਪਾਈ ਗਈ ਅਤੇ ਮਾਰਕੀਟ ਦੇ ਦੁਕਾਨਦਾਰ ਡੀ.ਐੱਮ.ਸੀ. ਡਾ. ਰਾਜ ਰਾਣੀ ਨੂੰ ਮਿਲਣ ਪਹੁੰਚੇ ਤਾਂ ਕਿ ਬੰਦ ਕੀਤੇ ਗੇਟ ਨੂੰ ਖੋਲ੍ਹਿਆ ਜਾ ਸਕੇ।
ਉਧਰ, ਜਦੋਂ ਮਾਰਕੀਟ ਦੇ ਦੁਕਾਨਦਾਰ ਸੰਨੀ ਗੋਇਲ, ਵਰਿੰਦਰਪਾਲ ਸਿੰਘ, ਕੈਲਾਸ਼ ਆਹੂਜਾ, ਗੁਲਸ਼ਨ ਕੁਮਾਰ, ਬੰਟੂ, ਅਰੁਣਜੀਤ ਸਿੰਘ, ਕਮਲਸ਼ੀਲ ਕਥੂਰੀਆ ਆਦਿ ਨੇ ਬੰਦ ਕੀਤੇ ਗਏ ਹਸਪਤਾਲ ਦੇ ਮੁੱਖ ਗੇਟ ਨੂੰ ਖੋਲ੍ਹਣ ਦੀ ਅਪੀਲ ਕੀਤੀ ਤਾਂ ਡੀ.ਐੱਮ.ਸੀ. ਡਾ. ਰਾਜ ਰਾਣੀ ਨੇ ਦੱਸਿਆ ਕਿ ਉਹ ਦਫਤਰ ਦੇ ਅੱਗੇ ਕੀਤੀ ਜਾ ਰਹੀ ਨਾਜਾਇਜ਼ ਪਾਰਕਿੰਗ ਤੋਂ ਪ੍ਰੇਸ਼ਾਨ ਹਨ, ਜਿਸ ਸਬੰਧੀ ਉਨ੍ਹਾਂ ਹਸਪਤਾਲ ਦੇ ਐੱਸ.ਐੱਮ.ਓ. ਡਾ. ਅਨਿਲ ਮਨਚੰਦਾ ਨੂੰ ਕਈ ਲਿਖਤੀ ਪੱਤਰ ਭੇਜੇ ਹਨ ਪਰ ਕੋਈ ਕਾਰਵਾਈ ਨਹੀਂ ਕੀਤੀ ਗਈ। ਪਾਰਕਿੰਗ ਲਈ ਸਬੰਧਤ ਠੇਕੇਦਾਰ ਜ਼ਿੰਮੇਵਾਰ ਹਨ ਅਤੇ ਜਦੋਂ ਤੱਕ ਨਾਜਾਇਜ਼ ਪਾਰਕਿੰਗ ਬੰਦ ਨਹੀਂ ਹੁੰਦੀ, ਉਦੋਂ ਤੱਕ ਗੇਟ ਬੰਦ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਹਸਪਤਾਲ ’ਚ ਐਮਰਜੈਂਸੀ ਲਈ ਬਣੇ ਗੇਟ ਤੋਂ ਹਸਪਤਾਲ ’ਚ ਲੋਕ ਵਾਹਨਾਂ ’ਤੇ ਆ-ਜਾ ਸਕਦੇ ਹਨ।
ਕਰਜ਼ਾ ਦੇਣ ਦਾ ਝਾਂਸਾ ਦੇ ਕੇ ਫਾਰਮ ਭਰਦੇ ਨਿੱਜੀ ਕੰਪਨੀ ਦੇ ਕਰਮਚਾਰੀ ਕਾਬੂ
NEXT STORY