ਭਿੱਖੀਵਿੰਡ (ਗੁਰਪ੍ਰੀਤ ਢਿੱਲੋਂ)-ਇਕ ਪਾਸੇ ਜਿੱਥੇ ਗੁੱਤਾਂ ਕੱਟਣ ਦਾ ਮਾਮਲਾ ਖ਼ਬਰਾਂ ਦਾ ਸ਼ਿੰਗਾਰ ਬਣਿਆ ਹੋਇਆ ਹੈ, ਉੱਥੇ ਹੀ ਹੁਣ ਸਰਹੱਦੀ ਇਲਾਕੇ ਅੰਦਰ ਅੱਖ ਵਿਚੋਂ ਧਾਗੇ ਨਿਕਲਣ ਦਾ ਮਾਮਲਾ ਚਰਚਾ ਦਾ ਵਿਸ਼ਾ ਬਣ ਗਿਆ ਹੈ, ਹਾਲਾਂਕਿ ਸਿਹਤ ਵਿਭਾਗ ਵਲੋਂ ਮੌਕੇ 'ਤੇ ਕਰਵਾਈ ਜਾਂਚ ਵਿਚ ਉਕਤ ਝੂਠ ਦਾ ਖੁਲਾਸਾ ਹੋ ਗਿਆ। ਜ਼ਿਕਰਯੋਗ ਹੈ ਕਿ ਜ਼ਿਲਾ ਤਰਨਤਾਰਨ ਦੇ ਪਿੰਡ ਮਾੜੀ ਥੇਹ ਦੀ ਇਕ ਲੜਕੀ ਸੋਨੀਆ ਪੁੱਤਰੀ ਹੀਰਾ ਸਿੰਘ ਵਲੋਂ ਅੱਖ ਵਿਚੋਂ ਧਾਗੇ ਨਿਕਲਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਸਥਾਨਕ ਸੀ. ਐੱਚ. ਸੀ. ਦੇ ਡਾਕਟਰਾਂ ਦੀ ਟੀਮ ਸਾਹਮਣੇ ਉਕਤ ਲੜਕੀ ਆਪਣੇ ਦਾਅਵੇ ਮੁਤਾਬਿਕ ਧਾਗਾ ਨਾ ਕੱਢ ਸਕੀ। ਜ਼ਿਕਰਯੋਗ ਹੈ ਕਿ ਉਕਤ ਮਾਮਲੇ ਨੂੰ ਲੈ ਕੇ ਮੀਡੀਆ ਦੇ ਇਕ ਹਿੱਸੇ ਵਿਚ ਖ਼ਬਰਾਂ ਲੱਗੀਆਂ ਸਨ, ਜਿਸ ਦਾ ਨੋਟਿਸ ਲੈਂਦਿਆਂ ਸੀਨੀਅਰ ਮੈਡੀਕਲ ਅਫ਼ਸਰ ਡਾਕਟਰ ਕੰਵਰ ਹਰਜੋਤ ਸਿੰਘ ਨੇ ਇਕ ਟੀਮ ਭੇਜੀ। ਟੀਮ ਜਿਸ ਵਿਚ ਐਪਥਾਲਮਿਕ ਅਫ਼ਸਰ ਬਲਜੀਤ ਸਿੰਘ, ਐੱਸ. ਆਈ. ਹਰਮੇਸ਼ ਚੰਦਰ ਆਦਿ ਹਾਜ਼ਰ ਸਨ, ਨੇ ਪੱਤਰਕਾਰਾਂ ਦੀ ਇਕ ਟੀਮ ਨੂੰ ਨਾਲ ਲੈ ਕੇ ਸੋਨੀਆ ਨੂੰ ਆਪਣੇ ਸਾਹਮਣੇ ਅੱਖ ਵਿਚੋਂ ਧਾਗਾ ਕੱਢਣ ਲਈ ਕਿਹਾ ਪਰ ਤਕਰੀਬਨ ਡੇਢ ਘੰਟੇ ਤੱਕ ਵੀ ਸੋਨੀਆ ਆਪਣੇ ਦਾਅਵੇ ਮੁਤਾਬਿਕ ਧਾਗਾ ਨਹੀਂ ਕੱਢ ਸਕੀ, ਜਿਸ ਤੋਂ ਬਾਅਦ ਟੀਮ ਉਕਤ ਲੜਕੀ ਨੂੰ ਸੁਰਸਿੰਘ ਵਿਖੇ ਲੈ ਕੇ ਆਈ, ਇੱਥੇ ਵੀ ਐੱਸ. ਐੱਮ. ਓ. ਅਤੇ ਹੋਰ ਲੋਕਾਂ ਸਾਹਮਣੇ ਸੋਨੀਆ ਧਾਗਾ ਕੱਢਣ ਵਿਚ ਅਸਫ਼ਲ ਰਹੀ।
ਇਸ 'ਤੇ ਜਦੋਂ ਐੱਸ. ਐੱਮ. ਓ. ਨੇ ਉਕਤ ਲੜਕੀ ਨੂੰ ਤਰਨਤਾਰਨ ਸਿਵਲ ਹਸਪਤਾਲ ਵਿਖੇ ਜਾਂਚ ਲਈ ਰੈਫਰ ਕਰਨਾ ਚਾਹਿਆ ਤਾਂ ਉਸ ਦੇ ਪਰਿਵਾਰ ਵਾਲੇ ਉਸ ਨੂੰ ਨਾਲ ਲੈ ਕੇ ਖਿਸਕ ਗਏ। ਇੰਨਾ ਹੀ ਨਹੀਂ ਜਦੋਂ ਹਸਪਤਾਲ ਵਿਚ ਇਕੱਤਰ ਹੋਏ ਲੋਕਾਂ ਨੇ ਉਕਤ ਲੜਕੀ ਦੇ ਪਰਿਵਾਰ ਵਾਲਿਆਂ ਨੂੰ ਉਨ੍ਹਾਂ ਸਾਹਮਣੇ ਧਾਗਾ ਕੱਢਣ ਲਈ ਕਿਹਾ ਤਾਂ ਉਨ੍ਹਾਂ ਇਨਕਾਰ ਕਰ ਦਿੱਤਾ।
ਜਾਂਚ ਅਧਿਕਾਰੀ ਬਲਜੀਤ ਸਿੰਘ ਅਤੇ ਹਰਮੇਸ਼ ਚੰਦਰ ਨੇ ਦੱਸਿਆ ਕਿ ਮੁੱਢਲੀ ਪੜਤਾਲ ਵਿਚ ਸਾਹਮਣੇ ਆਇਆ ਹੈ ਕਿ ਉਕਤ ਲੜਕੀ ਦਾ ਪਿਤਾ ਧਾਰਮਿਕ ਚੌਂਕੀ ਆਦਿ ਲਗਾਉਂਦਾ ਹੈ, ਜਿਸ ਨੂੰ ਪਿੰਡ ਵਿਚ ਬਾਬੇ ਵਜੋਂ ਜਾਣਿਆ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਕੰਮ ਨੂੰ ਹੀ ਅੱਗੇ ਵਧਾਉਣ ਲਈ ਉਕਤ ਲੜਕੀ ਦੇ ਹੱਥੋਂ ਅਜਿਹਾ ਚਮਤਕਾਰ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਸੀ।
ਇਸ ਸਬੰਧੀ ਤਰਕਸ਼ੀਲ ਸੁਸਾਇਟੀ ਪੰਜਾਬ ਦੇ ਮਾਝਾ ਜ਼ੋਨ ਆਗੂ ਮੁਖਵਿੰਦਰ ਸਿੰਘ ਚੋਹਲਾ, ਰਜਵੰਤ ਬਾਗੜੀਆਂ ਤੇ ਨਰਿੰਦਰ ਸ਼ੇਰ ਚੱਕ ਪ੍ਰਧਾਨ ਤਰਨਤਾਰਨ ਨੇ ਕਿਹਾ ਕਿ ਇਸ ਘਟਨਾ ਦੀ ਮੁਢਲੀ ਜਾਂਚ ਵਿਚ ਸਾਹਮਣੇ ਆਇਆ ਹੈ ਕਿ ਲੋਕਾਂ ਦੀ ਅਨਪੜ੍ਹਤਾ ਅਤੇ ਅਗਿਆਨਤਾ ਦਾ ਲਾਹਾ ਲੈਣ ਦੀ ਸਾਜ਼ਿਸ਼ ਵਿਚ ਹੀ ਉਕਤ ਪਰਿਵਾਰ ਵੱਲੋਂ ਸੋਨੀਆ ਤੋਂ ਅਜਿਹੇ ਚਮਤਕਾਰ ਕਰਵਾਉਣ ਦਾ ਡਰਾਮਾ ਰਚਿਆ ਗਿਆ ਸੀ। ਉਨ੍ਹਾਂ ਚੈਲੇਂਜ ਕੀਤਾ ਕਿ ਜੇਕਰ ਉਕਤ ਪਰਿਵਾਰ ਆਪਣੇ ਦਾਅਵੇ ਨੂੰ ਸੱਚ ਸਾਬਿਤ ਕਰ ਦਿੰਦਾ ਹੈ ਤਾਂ ਉਸ ਨੂੰ ਛਾਣਬੀਣ ਕਰਨ ਤੋਂ ਬਾਅਦ ਸੁਸਾਇਟੀ ਵੱਲੋਂ ਨਿਰਧਾਰਿਤ ਇਨਾਮ ਦਿੱਤਾ ਜਾਵੇਗਾ।
ਔਰਤ ਤੋਂ ਧੋਖੇ ਨਾਲ ਚੈਕ ਲੈ ਕੇ ਉਸਦੇ ਖਾਤੇ 'ਚੋਂ ਪੈਸੇ ਕੱਢਵਾਉਣ ਦੇ ਦੋਸ਼ 'ਚ ਮਾਮਲਾ ਦਰਜ
NEXT STORY