ਸਾਹਨੇਵਾਲ (ਜ. ਬ.) : ‘ਭਾਰਤ ਮਾਲਾ ਯੋਜਨਾ’ ਤਹਿਤ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ ਨੂੰ ਲੈ ਕੇ ਐਤਵਾਰ ਇਕ ਵਾਰ ਫਿਰ ਕਿਸਾਨ ਜਥੇਬੰਦੀਆਂ ਅਤੇ ਸਰਕਾਰੀ ਅਧਿਕਾਰੀ ਉਸ ਸਮੇਂ ਆਹਮੋ-ਸਾਹਮਣੇ ਹੋ ਗਏ, ਜਦੋਂ ਪਿੰਡ ਬੌਂਕੜ ਗੁੱਜਰਾਂ ਦੀ ਕਰੀਬ 30 ਏਕੜ ਜ਼ਮੀਨ ਨੂੰ ਐਕਵਾਇਰ ਕਰਨ ਲਈ ਅਧਿਕਾਰੀਆਂ ਦੀ ਟੀਮ ਪੁਲਸ ਨਾਲ ਪਹੁੰਚ ਗਈ ਪਰ ਭਾਰਤੀ ਕਿਸਾਨ ਯੂਨੀਅਨ (ਬੀ.ਕੇ.ਯੂ. ਉਗਰਾਹਾਂ) ਦੇ ਮੀਤ ਪ੍ਰਧਾਨ ਅਵਤਾਰ ਸਿੰਘ ਪਾਂਗਲੀ ਦੀ ਅਗਵਾਈ ’ਚ ਪਹਿਲਾਂ ਹੀ ਵਿਰੋਧ ਲਈ ਤਿਆਰ ਬੈਠੇ ਯੂਨੀਅਨ ਮੈਂਬਰਾਂ ਅਤੇ ਕਿਸਾਨਾਂ ਦੇ ਰੋਹ ਕਾਰਨ ਸਰਕਾਰੀ ਅਧਿਕਾਰੀਆਂ ਦੀ ਟੀਮ ਨੂੰ ਬੇਰੰਗ ਵਾਪਸ ਪਰਤਣਾ ਪਿਆ। ਇਸ ਤੋਂ ਪਹਿਲਾਂ ਕਿਸਾਨਾਂ ਅਤੇ ਪੁਲਸ ਵਿਚਾਲੇ ਝੜਪ ਵੀ ਦੇਖਣ ਨੂੰ ਮਿਲੀ ਪਰ ਬਾਅਦ ’ਚ ਸਰਕਾਰੀ ਅਧਿਕਾਰੀਆਂ ਨੇ ਕਿਸੇ ਤਰ੍ਹਾਂ ਦੇ ਤਣਾਅ ਤੋਂ ਬਚਣ ਲਈ ਕਿਸਾਨਾਂ ਨਾਲ ਗੱਲਬਾਤ ਦਾ ਰਸਤਾ ਅਖਤਿਆਰ ਕੀਤਾ। ਕਿਸਾਨਾਂ ਵੱਲੋਂ ਜ਼ਮੀਨਾਂ ਐਕਵਾਇਰ ਕਰਨ ਦੀ ਕਾਰਵਾਈ ਨੂੰ ਪੂਰਾ ਨਾ ਹੋਣ ਦੇਣ ਦੀ ਜ਼ਿੱਦ ’ਤੇ ਅੜੇ ਰਹਿਣ ਦੇ ਕਾਰਨ ਟੀਮ ਨੂੰ ਵਾਪਸ ਮੁੜਨਾ ਪਿਆ।
ਇਹ ਵੀ ਪੜ੍ਹੋ : UP: ਆਜ਼ਮਗੜ੍ਹ 'ਚ ਸ਼ਰਧਾ ਕਤਲਕਾਂਡ ਵਰਗਾ ਮਾਮਲਾ, ਲੜਕੀ ਦੇ 5 ਟੁਕੜੇ ਕਰ ਲਾਸ਼ ਖੂਹ 'ਚ ਸੁੱਟੀ
ਇਸ ਮੌਕੇ ਮੌਜੂਦ ਅਵਤਾਰ ਸਿੰਘ ਪਾਂਗਲੀ, ਸੁਖਦੇਵ ਸਿੰਘ ਰਤਨਗੜ੍ਹ, ਗੁਰਚਰਨ ਸਿੰਘ ਝੁੱਗੀਆਂ ਵੇਗਾਂ, ਤੇਜਾ ਸਿੰਘ ਜੀਵਨਪੁਰ, ਚਰਨਦਾਸ ਤਲਵੰਡੀ ਕਲਾਂ, ਜਸਵੰਤ ਸਿੰਘ ਭੱਟੀਆਂ, ਸੌਦਾਗਰ ਸਿੰਘ ਜ਼ਿਲ੍ਹਾ ਪ੍ਰਧਾਨ, ਸਤਨਾਮ ਸਿੰਘ ਬੌਂਕੜਾਂ, ਅੰਗਰੇਜ਼ ਸਿੰਘ ਬੌਂਕੜਾ, ਸੁਰਜੀਤ ਸਿੰਘ ਨਰੂਲਾ ਤੇ ਹੋਰ ਕਿਸਾਨਾਂ ਨੇ ਕਿਹਾ ਕਿ ਸਰਕਾਰ ਜ਼ਬਰਦਸਤੀ ਉਨ੍ਹਾਂ ਦੀਆਂ ਜ਼ਮੀਨਾਂ ਨੂੰ ਹਥਿਆਉਣਾ ਚਾਹੁੰਦੀ ਹੈ। ਲਾਡੋਵਾਲ ਤੋਂ ਰੋਪੜ ਨੈਸ਼ਨਲ ਹਾਈਵੇ ਲਈ ਸਰਕਾਰ ਕੁਲੈਕਟਰ ਰੇਟ ਦੇ ਕੇ ਕਿਸਾਨਾਂ ਦੀਆਂ ਜ਼ਮੀਨਾਂ ਖੋਹਣਾ ਚਾਹੁੰਦੀ ਹੈ, ਜਦਕਿ ਕਿਸਾਨਾਂ ਨਾਲ ਇਸ ਗੱਲ ’ਤੇ ਸਹਿਮਤੀ ਬਣੀ ਹੈ ਕਿ ਸਰਕਾਰ ਇਸ ਯੋਜਨਾ ਤਹਿਤ ਐਕਵਾਇਰ ਕੀਤੀ ਜਾਣ ਵਾਲੀ ਜ਼ਮੀਨ 90 ਲੱਖ ਪ੍ਰਤੀ ਏਕੜ ਦੇ ਹਿਸਾਬ ਨਾਲ ਖਰੀਦੇਗੀ ਪਰ ਹੁਣ ਸਰਕਾਰ ਵਾਅਦੇ ਤੋਂ ਮੁੱਕਰ ਰਹੀ ਹੈ ਅਤੇ ਕੁਝ ਕਿਲੋਮੀਟਰ ਦੇ ਏਰੀਏ ਤੋਂ ਬਾਅਦ ਸਰਕਾਰ ਜ਼ਮੀਨਾਂ ਦਾ ਰੇਟ ਵੱਧ-ਘੱਟ ਦੇ ਰਹੀ ਹੈ ਤਾਂ ਕਿ ਕਿਸਾਨਾਂ ਵਿਚਕਾਰ ਆਪਸੀ ਵਿਵਾਦ ਪੈਦਾ ਕੀਤਾ ਜਾ ਸਕੇ।
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
5 ਲੱਖ ਦੀ ਫਿਰੌਤੀ ਲਈ ਅਗਵਾ ਕੀਤੇ ਪੰਜਾਬੀ ਸਣੇ ਦੋ ਵਿਅਕਤੀ UP ਦੇ ਗੈਂਗ ਤੋਂ ਪੁਲਸ ਨੇ ਛੁਡਵਾਏ
NEXT STORY