ਮਾਛੀਵਾੜਾ ਸਾਹਿਬ (ਟੱਕਰ) : ਮਾਛੀਵਾੜਾ ਸਾਹਿਬ ਵਿਖੇ ਪਾਏ ਗਏ ਸੀਵਰੇਜ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਲੱਗੇ ਟ੍ਰੀਟਮੈਂਟ 'ਚ ਵਰਤੀ ਜਾਂਦੀ ਕਲੋਰੀਨ ਗੈਸ ਦਾ ਸਿਲੰਡਰ ਲੀਕ ਹੋਣ ਨਾਲ ਵੱਡੇ ਹਾਦਸੇ ਤੋਂ ਬਚਾਅ ਹੋ ਗਿਆ ਪਰ ਇਸ ਗੈਸ ਨੇ ਨਾਲ ਲੱਗਦੀਆਂ ਖੇਤਾਂ ਦੀਆਂ ਫਸਲਾਂ ਅਤੇ ਦਰੱਖਤਾਂ ਨੂੰ ਜਿੱਥੇ ਪ੍ਰਭਾਵਿਤ ਕੀਤਾ, ਉੱਥੇ ਟ੍ਰੀਟਮੈਂਟ ਅੰਦਰ ਕੰਮ ਕਰਦਾ ਕਰਮਚਾਰੀ ਵੀ ਇਸ ਦੀ ਲਪੇਟ ਵਿਚ ਆਉਣ ਨਾਲ ਉਸ ਦੀ ਹਾਲਤ ਵਿਗੜ ਗਈ, ਜਿਸ ਨੂੰ ਤੁਰੰਤ ਇੱਕ ਨਿੱਜੀ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ।
ਪ੍ਰਾਪਤ ਕੀਤੀ ਜਾਣਕਾਰੀ ਅਨੁਸਾਰ ਸੀਵਰੇਜ ਵਿਭਾਗ ਵਲੋਂ ਸ਼ਹਿਰ ਦੇ ਗੰਦੇ ਪਾਣੀ ਨੂੰ ਸਾਫ ਕਰਨ ਲਈ ਟ੍ਰੀਟਮੈਂਟ ਪਲਾਂਟ ਸਮਸ਼ਾਨ ਘਾਟ ਦੇ ਨੇੜ੍ਹੇ ਲਾਇਆ ਹੋਇਆ ਹੈ। ਇੱਥੇ ਲਗਾਏ ਗਏ ਟ੍ਰੀਟਮੈਂਟ ਪਲਾਂਟ ਵਿਚ ਬੀਤੀ ਦੇਰ ਸ਼ਾਮ ਪਾਣੀ ਨੂੰ ਸਾਫ ਕਰਨ ਵਾਲੀ ਕਲੋਰੀਨ ਗੈਸ ਦਾ ਭਰਿਆ ਇੱਕ ਸਿਲੰਡਰ ਲੀਕ ਹੋ ਗਿਆ, ਜਿਸ ਨਾਲ ਗੈਸ ਆਲੇ-ਦੁਆਲੇ ਤੇਜ਼ੀ ਨਾਲ ਫੈਲ ਗਈ ਅਤੇ ਲੋਕਾਂ ਨੂੰ ਸਾਹ ਆਉਣ ਵਿਚ ਤਕਲੀਫ ਮਹਿਸੂਸ ਹੋਈ ਤਾਂ ਇਸ ਪਲਾਂਟ ਵਿਚ ਕੰਮ ਕਰਦੇ ਕਰਮਚਾਰੀ ਨੇ ਇਸ ਨੂੰ ਠੀਕ ਕਰਨ ਦਾ ਯਤਨ ਕੀਤਾ ਪਰ ਉਹ ਵੀ ਇਸ ਦੀ ਲਪੇਟ ਵਿਚ ਆ ਗਿਆ ਤੇ ਅੱਧ ਬੇਹੋਸ਼ੀ ਦੀ ਹਾਲਤ 'ਚ ਉਸ ਨੂੰ ਹਸਪਤਾਲ ਦਾਖਲ ਕਰਵਾਉਣਾ ਪਿਆ। ਲੀਕ ਹੋ ਰਹੀ ਗੈਸ ਦੀ ਸੂਚਨਾ ਮਿਲਿਦਿਆਂ ਹੀ ਫਾਇਰ ਬ੍ਰਿਗੇਡ ਟੀਮ ਵੀ ਮੌਕੇ 'ਤੇ ਪਹੁੰਚ ਗਈ, ਜਿਸ ਨੇ ਟ੍ਰੀਟਮੈਂਟ ਪਲਾਂਟ ਦੇ ਕਰਮਚਾਰੀਆਂ ਦੀ ਸਹਾਇਤਾ ਨਾਲ ਇਸ ਲੀਕ ਹੋ ਰਹੇ ਸਿਲੰਡਰ ਨੂੰ ਪਾਣੀ ਵਿਚ ਸੁੱਟ ਦਿੱਤਾ। ਕਲੋਰੀਨ ਗੈਸ ਦੇ ਭਰੇ ਇੱਕ ਸਿਲੰਡਰ ਵਿਚ 1500 ਕਿਲੋ ਗੈਸ ਪਾਈ ਜਾਂਦੀ ਹੈ ਜੇਕਰ ਹਵਾ ਦਾ ਰੁਖ ਸ਼ਹਿਰ ਵੱਲ ਨੂੰ ਹੁੰਦਾ ਤਾਂ ਇਹ ਗੈਸ ਦਾ ਰਿਸਣਾ ਲੋਕਾਂ ਦੀ ਸਿਹਤ ਲਈ ਵੱਡੇ ਨੁਕਸਾਨ ਦਾ ਕਾਰਨ ਬਣ ਸਕਦਾ ਸੀ। ਗੈਸ ਦੇ ਰਿਸਣ ਦਾ ਕੀ ਕਾਰਨ ਰਿਹਾ ਇਹ ਉੱਥੇ ਮੌਜੂਦ ਕਰਮਚਾਰੀਆਂ ਨੂੰ ਪੁੱਛਣ 'ਤੇ ਵੀ ਤਸੱਲੀਬਖਸ਼ ਜਵਾਬ ਨਾ ਮਿਲ ਸਕਿਆ।
ਸਮਾਜ ਸੇਵੀ ਸ਼ਿਵ ਕੁਮਾਰ ਸ਼ਿਵਲੀ, ਆਸ਼ੂ ਕੌੜਾ, ਪਰਮਿੰਦਰ ਸਿੰਘ ਗੁਲਿਆਣੀ ਨੇ ਵਿਭਾਗ ਤੇ ਸਮਰਾਲਾ ਦੇ ਐਸ.ਡੀ.ਐਮ ਤੋਂ ਮੰਗ ਕਰਦਿਆਂ ਹੋਇਆ ਕਿਹਾ ਕਿ ਅਜਿਹੇ ਖਤਰਨਾਕ ਉਪਕਰਨਾਂ ਦਾ ਇਸਤੇਮਾਲ ਕਰਨ ਲਈ ਪੂਰੀ ਮੁਸਤੈਦੀ ਵਰਤੀ ਜਾਣੀ ਚਾਹੀਦੀ ਹੈ ਕਿਉਂਕਿ ਜੇਕਰ ਇਹ ਗੈਸ ਰਾਤ-ਬਰਾਤੇ ਲੀਕ ਹੋ ਜਾਵੇ ਤਾਂ ਲੋਕਾਂ ਦਾ ਵੱਡਾ ਨੁਕਸਾਨ ਹੋ ਸਕਦਾ ਹੈ। ਇਸ ਸੰਬੰਧੀ ਜਦੋਂ ਸੀਵਰੇਜ ਵਿਭਾਗ ਦੇ ਐਸ.ਡੀ.ਓ ਬਲਜੀਤ ਸਿੰਘ ਨਾਲ ਗੱਲਬਾਤ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਸਿਲੰਡਰ ਦੇ ਵਾਲ ਵਿਚ ਕੋਈ ਨੁਕਸ ਪੈਣ ਨਾਲ ਇਹ ਗੈਸ ਲੀਕ ਹੋਈ ਪਰ ਮੌਕੇ ਤੇ ਕਰਮਚਾਰੀਆਂ ਵਲੋਂ ਇਸਨੂੰ ਕੰਟਰੋਲ ਕਰ ਲਿਆ ਗਿਆ। ਸਿਲੰਡਰ ਵਿਚੋਂ ਲੀਕ ਹੋਈ ਗੈਸ ਬਾਰੇ ਉਨ੍ਹਾਂ ਵਲੋਂ ਗੈਸ ਏਜੰਸੀ ਦੀ ਕੰਪਨੀ ਨੂੰ ਵੀ ਸੂਚਿਤ ਕਰ ਦਿੱਤਾ ਗਿਆ ਹੈ ਜਿਨ੍ਹਾਂ ਕੋਲ ਇਨ੍ਹਾਂ ਦੇ ਰੱਖ-ਰਖਾਅ ਅਤੇ ਕਿਸੇ ਵੀ ਨੁਕਸ ਪੈਣ ਦੀ ਜ਼ਿੰਮੇਵਾਰੀ ਹੁੰਦੀ ਹੈ।
ਆਨਲਾਈਨ ਦਵਾਈਆਂ ਦੀ ਵਿਕਰੀ ਨੂੰ ਨੱਥ ਪਾਉਣ ਦੀ ਕੀਤੀ ਮੰਗ (ਵੀਡੀਓ)
NEXT STORY