ਚੰਡੀਗੜ੍ਹ: ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬਾਈ ਸਰਕਾਰ ਵੱਲੋਂ ਕੋਵਿਡ-19 ਦੇ ਪਰਛਾਵੇਂ ਹੇਠ 15 ਅਪਰੈਲ ਤੋਂ 31 ਮਈ ਤੱਕ ਕਣਕ ਦੀ ਕੀਤੀ ਸਫ਼ਲ ਖਰੀਦ ਬਾਰੇ ਦਸਤਾਵੇਜ਼ ਦੇ ਰੂਪ ਵਿੱਚ ਇਕ ਰਿਪੋਰਟ ਜਾਰੀ ਕੀਤੀ ਹੈ। ਮੁੱਖ ਮੰਤਰੀ ਦਫ਼ਤਰ ਦੇ ਇੱਕ ਬੁਲਾਰੇ ਨੇ ਦੱਸਿਆ ਕਿ ਰਾਜ ਸਰਕਾਰ ਨੇ ਕੋਵਿਡ-19 ਪ੍ਰਬੰਧਨ ਦੇ ਵੱਖ-ਵੱਖ ਪਹਿਲੂਆਂ ਜਿਵੇਂ ਸਿਹਤ ਪ੍ਰਤੀਕਿਰਿਆ, ਮੈਡੀਕਲ ਇਲਾਜ ਅਤੇ ਟੈਸਟਿੰਗ ਤੋਂ ਇਲਾਵਾ ਪ੍ਰਵਾਸੀ ਮਜ਼ਦੂਰਾਂ ਦੇ ਸੰਕਟ ਨੂੰ ਨੱਜਿਠਣ ਅਤੇ ਆਈ.ਟੀ. ਤਕਨੀਕਾਂ ਦੀ ਸੁਚਾਰੂ ਵਰਤੋਂ ਆਦਿ, ਨੂੰ ਦਸਤਾਵੇਜ਼ ਦਾ ਰੂਪ ਦੇਣ ਦਾ ਫੈਸਲਾ ਕੀਤਾ ਹੈ।
ਬੁਲਾਰੇ ਨੇ ਦੱਸਿਆ ਕਿ ਮੌਜੂਦਾ ਰਿਪੋਰਟ ਢਾਂਚਾਗਤ ਦਸਤਾਵੇਜ਼ ਰਿਪੋਰਟਾਂ ਦੀ ਲੜੀ ਦਾ ਪਹਿਲਾ ਭਾਗ ਹੈ, ਜੋ ਮਹਾਤਮਾ ਗਾਂਧੀ ਰਾਜ ਲੋਕ ਪ੍ਰਸ਼ਾਸਨ ਸੰਸਥਾਨ (ਮਗਸੀਪਾ), ਚੰਡੀਗੜ੍ਹ ਨੇ ਇੰਡੀਅਨ ਸਕੂਲ ਆਫ ਬਿਜ਼ਨਸ, ਮੁਹਾਲੀ ਅਤੇ ਅਰਨਸਟ ਐਂਡ ਯੰਗ ਦੀ ਸਹਿਯੋਗ ਨਾਲ ਤਿਆਰ ਕੀਤੀ ਹੈ। ਇਸ ਪਹਿਲਕਦਮੀ ਲਈ ਮਗਸੀਪਾ ਨੂੰ ਵਧਾਈ ਦਿੰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਕੋਵਿਡ-19 ਮਹਾਂਮਾਰੀ ਬੇਹੱਦ ਅਜਿਹਾ ਭਿਆਨਕ ਸੰਕਟ ਹੈ, ਜਿਸ ਤੋਂ ਮਿਲੇ ਤਜਰਬੇ ਨੂੰ ਰਾਜ ਸਰਕਾਰ ਅਤੇ ਇਸ ਦੇ ਅਧਿਕਾਰੀਆਂ ਨੂੰ ਭਵਿੱਖ ਵਿੱਚ ਆਉਣ ਵਾਲੇ ਅਜਿਹੇ ਅਣਕਿਆਸੇ ਸੰਕਟਾਂ ਦੇ ਟਾਕਰੇ ਲਈ ਸਬਕ ਵਜੋਂ ਲੈਣਾ ਚਾਹੀਦਾ ਹੈ।
ਕੈਪਟਨ ਅਮਰਿੰਦਰ ਸਿੰਘ ਨੇ ਕਿਹਾ, “ਇਕ ਪਾਸੇ ਦੇਸ਼ ਵਿਆਪੀ ਤਾਲਾਬੰਦੀ ਅਤੇ ਦੂਜੇ ਪਾਸੇ ਇਸ ਬਿਮਾਰੀ ਦੇ ਫੈਲਣ ਦੇ ਖ਼ਤਰੇ ਨੂੰ ਦੇਖਦਿਆਂ ਇਸ ਵਾਰ ਕਣਕ ਦੀ ਖ਼ਰੀਦ ਅਸਲ ਵਿੱਚ ਬਹੁਤ ਹੀ ਚੁਣੌਤੀਪੂਰਨ ਕਾਰਜ ਸੀ ਪਰ ਖੇਤੀਬਾੜੀ, ਖੁਰਾਕ ਅਤੇ ਸਪਲਾਈ ਵਿਭਾਗ ਦੀ ਸੁਘੜ ਤੇ ਸੁਚਾਰੂ ਯੋਜਨਾਬੰਦੀ ਅਤੇ ਕਿਸਾਨਾਂ, ਆੜ੍ਹਤੀਆਂ, ਟਰੱਕ ਅਪਰੇਟਰਾਂ ਅਤੇ ਮਜ਼ਦੂਰਾਂ ਸਮੇਤ ਸਾਰੀਆਂ ਸਬੰਧਿਤ ਧਿਰਾਂ ਤੋਂ ਮਿਲੇ ਸਹਿਯੋਗ ਬਦੌਲਤ ਇਹ ਵੱਡਾ ਕਾਰਜ ਸਫਲਤਾਪੂਰਵਕ ਨੇਪਰੇ ਚੜ੍ਹ ਗਿਆ।'' ਇਹ ਰਿਪੋਰਟ ਅੱਜ ਮੰਤਰੀ ਮੰਡਲ ਦੀ ਮੀਟਿੰਗ ਤੋਂ ਪਹਿਲਾਂ ਸਾਰੇ ਮੰਤਰੀਆਂ ਅਤੇ ਰਾਜ ਸਰਕਾਰ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿੱਚ ਜਾਰੀ ਕੀਤੀ ਗਈ। ਇਸ ਰਿਪੋਰਟ ਦਾ ਡਿਜੀਟਲ ਰੂਪ punjab.gov.in, diprpunjab.gov.in, agri.punjab.gov.in, mandiboard.nic.in, dgrpg.punjab.gov.in, covidhelp.punjab.gov.in. ਉਤੇ ਦੇਖਿਆ ਜਾ ਸਕਦਾ ਹੈ।
ਮੁੱਖ ਮੰਤਰੀ ਨੇ ਸ਼ਹੀਦ ਗੁਰਬਿੰਦਰ ਸਿੰਘ ਦੇ ਪਰਿਵਾਰ ਨਾਲ ਵੀਡੀਓ ਕਾਲ ਰਾਹੀਂ ਕੀਤੀ ਗੱਲਬਾਤ
NEXT STORY